ਬਿਜਲੀ ਬੋਰਡ ਦੇ ਮੁਲਾਜ਼ਮ ਦੀ ਸੜਕ ਹਾਦਸੇ ''ਚ ਦਰਦਨਾਕ ਮੌਤ
Monday, Oct 21, 2019 - 03:05 PM (IST)

ਅਬੋਹਰ (ਸੁਨੀਲ) - ਅਬੋਹਰ ਦੇ ਪਿੰਡ ਖੂਈਆਂ ਸਰਵਰ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ 'ਚ ਬਿਜਲੀ ਬੋਰਡ 'ਚ ਕੰਮ ਕਰਦੇ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਜਾਣਕਾਰੀ ਅਨੁਸਾਰ ਪ੍ਰਮੋਦ ਕੁਮਾਰ (30) ਪੁੱਤਰ ਇੰਦਰਪਾਲ, ਖੂਈਆਂ ਸਰਵਰ ਬਿਜਲੀ ਬੋਰਡ 'ਚ ਹੈੱਡ ਕੈਸ਼ੀਅਰ ਦੇ ਰੂਪ 'ਚ ਕੰਮ ਕਰਦਾ ਸੀ। ਬਾਈਕ 'ਤੇ ਸਵਾਰ ਹੋ ਕੇ ਸਵੇਰੇ ਜਦੋਂ ਉਹ ਪਿੰਡ ਤੋਂ ਖੂਈਆਂ ਸਰਵਰ ਆਪਣੇ ਦਫਤਰ ਆ ਰਿਹਾ ਸੀ ਤਾਂ ਤੇਜ਼ ਰਫਤਾਰ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਬੁਰੀ ਤਰ੍ਹਾਂ ਨਾਲ ਫੱਟੜ ਹੋ ਗਿਆ।
ਇਕੱਠੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਇਸਦੀ ਸੂਚਨਾ 108 ਐਂਬੂਲੈਂਸ ਚਾਲਕਾਂ ਨੂੰ ਦਿੱਤੀ, ਜਿਨ੍ਹਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।