ਅਮਰੀਕਾ ’ਚ ਵਾਪਰਿਆ ਭਿਆਨਕ ਹਾਦਸਾ, ਮੋਗਾ ਦੇ ਨੌਜਵਾਨ ਦੀ ਮੌਤ (ਤਸਵੀਰਾਂ)

Sunday, Sep 01, 2019 - 06:44 PM (IST)

ਅਮਰੀਕਾ ’ਚ ਵਾਪਰਿਆ ਭਿਆਨਕ ਹਾਦਸਾ, ਮੋਗਾ ਦੇ ਨੌਜਵਾਨ ਦੀ ਮੌਤ (ਤਸਵੀਰਾਂ)

ਮੋਗਾ/ਅਮਰੀਕਾ— ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ ਨਾਲ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਕਿਰਨਜੋਤ ਫੇਸਬੁੱਕ ’ਚ ਸਾਫਟਵੇਅਰ ਇੰਜੀਨੀਅਰ ਸੀ। ਇਹ ਹਾਦਸਾ ਕੈਲੀਫੋਰਨੀਆ ਦੇ ਫਰੀਮੌਂਟ ਵਿਖੇ 29 ਅਗਸਤ ਨੂੰ ਉਸ ਸਮੇਂ ਵਾਪਰਿਆ ਜਦੋਂ ਕਿਰਨਜੋਤ ਸਾਈਕਲ ’ਤੇ ਸਵਾਰ ਹੋ ਕੇ ਕੰਮ ’ਤੇ ਜਾ ਰਿਹਾ ਸੀ। ਕਿਰਨਜੋਤ ਵਿਆਹੁਤਾ ਸੀ। ਉਹ ਅਤੇ ਉਸ ਦੀ ਪਤਨੀ ਦੋਵੇਂ ਹੀ ਸਾਈਕਲਾਂ ’ਤੇ ਸਵਾਰ ਹੋ ਕੇ ਦਫਤਰ ਜਾਂਦੇ ਸਨ ਪਰ ਕੁਝ ਦਿਨਾਂ ਤੋਂ ਉਸ ਦੀ ਪਤਨੀ ਕਾਰ ’ਚ ਦਫਤਰ ਜਾ ਰਹੀ ਸੀ। 

PunjabKesari
ਦੱਸਣਯੋਗ ਹੈ ਕਿ ਕਿਰਨਜੋਤ ਜਦੋਂ ਦਫਤਰ ਜਾ ਰਿਹਾ ਸੀ ਤਾਂ ਇਕ ਕਾਰ ਨੇ ਸਵੇਰੇ 5.10 ਵਜੇ ਦੇ ਕਰੀਬ ਉਸ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਉਸ ਨੂੰ ਸਹਾਇਤਾ ਦੇਣ ਦੀ ਕੋਸ਼ਿਸ ਕੀਤੀ ਗਈ ਪਰ ਉਸ ਦੀ ਮੌਤ ਹੋ ਚੁੱਕੀ ਸੀ। ਇਹ ਫਰੀਮੌਂਟ ’ਚ ਇਸ ਸਾਲ ਵਾਪਰਿਆ ਪੰਜਵਾਂ ਹਾਦਸਾ ਹੈ। ਕਿਰਨਜੋਤ ਫੇਸਬੁੱਕ ’ਚ 2013 ਤੋਂ ਕੰਮ ਕਰ ਰਿਹਾ ਸੀ। ਕੰਪਨੀ ਨੇ ਕਿਰਨਜੋਤ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

PunjabKesari
ਤਿੰਨ ਸਾਲ ਪਹਿਲਾਂ ਕਿਰਨਜੋਤ ਦਾ ਹੋਇਆ ਸੀ ਵਿਆਹ 
ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਕਿਰਨਜੋਤ ਦਾ ਵਿਆਹ ਹੋਇਆ ਸੀ। ਮੋਗਾ ਦੇ ਰਹਿਣ ਵਾਲੇ ਕਿਰਨਜੋਤ ਨੇ ਆਪਣੀ ਮੁੱਢਲੀ ਪੜ੍ਹਾਈ ਮੋਗਾ ਦੇ ਹੀ ਇਕ ਸਕੂਲ ਤੋਂ ਹੀ ਪੂਰੀ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਵਾਰਾਣਸੀ ਦੇ ਆਈ. ਆਈ. ਟੀ. ਕਾਲਜ ’ਚ ਦਾਖਲਾ ਲਿਆ। 2013 ’ਚ ਉਸ ਨੇ ਫੇਸਬੁੱਕ ਜੁਆਇਨ ਕੀਤੀ ਅਤੇ ਸਾਫਟਵੇਅਰ ਇੰਜੀਨੀਅਰ ਦੀ ਨੌਕਰੀ ਕੀਤੀ। ਕਿਰਨਜੋਤ ਇਕ ਬੇਹੱਦ ਕਾਬਿਲ ਨੌਜਵਾਨ ਸੀ, ਜਿਸ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਪਰ ਇਸ ਹਾਦਸੇ ਨੇ ਇਸ ਚਮਕਦੇ ਹੋਏ ਸਿਤਾਰੇ ਨੂੰ ਸਦਾ ਲਈ ਮਿਟਾ ਦਿੱਤਾ। 


author

shivani attri

Content Editor

Related News