2 ਕਾਰਾਂ ਦੀ ਜ਼ਬਰਦਸਤ ਟੱਕਰ ਦੌਰਾਨ ਔਰਤ ਸਣੇ 3 ਦੀ ਮੌਤ

Monday, Jul 15, 2019 - 06:24 PM (IST)

2 ਕਾਰਾਂ ਦੀ ਜ਼ਬਰਦਸਤ ਟੱਕਰ ਦੌਰਾਨ ਔਰਤ ਸਣੇ 3 ਦੀ ਮੌਤ

ਰਾਜਪੁਰਾ,(ਮਸਤਾਨਾ): ਸ਼ਹਿਰ 'ਚ ਜੀ. ਟੀ. ਰੋਡ 'ਤੇ ਐੱਸ. ਵਾਈ. ਐੱਲ. ਨਹਿਰ ਨੇੜੇ 2 ਕਾਰਾਂ ਵਿਚਕਾਰ ਬੀਤੀ ਰਾਤ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਇਕ ਔਰਤ ਸਣੇ 3 ਦੀ ਮੌਤ ਹੋ ਗਈ। ਇਸ ਦੌਰਾਨ 2 ਔਰਤਾਂ ਜ਼ਖਮੀ ਹੋ ਗਈਆਂ। ਥਾਣਾ ਸ਼ੰਭੂ ਦੀ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਇਕ ਕਾਰ ਜਿਸ 'ਚ ਔਰਤਾਂ ਸਣੇ 4-5 ਜੀਅ ਸਵਾਰ ਸਨ, ਤੇਜ਼ ਮੀਂਹ ਕਾਰਣ ਜੀ. ਟੀ. ਰੋਡ 'ਤੇ ਐੱਸ. ਵਾਈ. ਐੱਲ. ਨਹਿਰ ਨੇੜੇ ਚਿੱਕੜ 'ਚ ਫਸ ਗਈ। ਉਸ ਨੂੰ ਬਾਹਰ ਕੱਢਣ ਲਈ ਉਸ 'ਚ ਬੈਠੀਆਂ ਸਵਾਰੀਆਂ ਤੇ ਉਥੋਂ ਲੰਘ ਰਿਹਾ ਇਕ ਰਾਹਗੀਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੂਰਤ ਮਨੌਲੀ ਵੀ ਉਥੇ ਆ ਗਿਆ, ਜੋ ਕਿ ਕਾਰ ਨੂੰ ਧੱਕਾ ਲਵਾਉਣ ਲੱਗ ਪਿਆ। ਇੰਨੇ 'ਚ ਪਿੱਛੋਂ ਦੀ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਜਬਰਦਸਤ ਟੱਕਰ ਮਾਰ ਦਿੱਤੀ।

ਇਸ ਦੌਰਾਨ ਪਹਿਲੀ ਕਾਰ 'ਚ ਸਵਾਰ ਗੁਰਪ੍ਰੀਤ, ਸੁਨੀਲ ਕੁਮਾਰ ਨਾਲ ਬੈਠੀ ਉਨ੍ਹਾਂ ਦੀ ਰਿਸ਼ਤੇਦਾਰ ਸੂਰਜ ਕਾਂਤਾ, ਕਵਿਤਾ ਤੇ ਕਾਂਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਗੁਰਪ੍ਰੀਤ, ਸੁਨੀਲ ਕੁਮਾਰ ਤੇ ਸੂਰਜ ਕਾਂਤਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਲਾਂਕਿ ਜ਼ਖਮੀ ਕਵਿਤਾ ਤੇ ਕਾਂਤਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਕਤ ਦੋਵਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਸ਼ੰਭੂ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਦੂਜੀ ਕਾਰ ਨੂੰ ਕਬਜ਼ੇ 'ਚ ਲੈ ਕੇ ਉਸ ਦੇ ਨੰਬਰ ਦੇ ਆਧਾਰ 'ਤੇ ਉਸ ਦੇ ਡਰਾਈਵਰ ਖਿਲਾਫ ਧਾਰਾ 34-ਏ, 289, 337 ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੀ ਕਾਰ 'ਚ ਸਵਾਰ ਮ੍ਰਿਤਕ ਤੇ ਜ਼ਖਮੀ ਸਾਰੇ ਜੀਅ ਲੁਧਿਆਣਾ ਦੇ ਰਹਿਣ ਵਾਲੇ ਸਨ।


Related News