ਪਹਿਲੇ ਹੀ ਦਿਨ ਚਾਲੂ ਹੋਏ ਰੇਲਵੇ ਅੰਡਰ ਬ੍ਰਿਜ ''ਤੇ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

10/15/2019 7:09:56 PM

ਸੁਲਤਾਨਪੁਰ ਲੋਧੀ,(ਧੀਰ): ਰੇਲਵੇ ਵਿਭਾਗ ਵਲੋਂ ਕਰਮਜੀਤਪੁਰ ਰੋਡ 'ਤੇ ਕਥਿਤ ਤੌਰ 'ਤੇ ਅਣਗਹਿਲੀ ਨਾਲ ਬਣਾਏ ਗਏ ਦੋ ਅੰਡਰਬ੍ਰਿਜ 'ਚੋਂ ਅੱਜ ਦੂਜੇ ਅੰਡਰਬ੍ਰਿਜ ਨੂੰ ਚਾਲੂ ਕਰਨ ਉਪਰੰਤ ਥੋੜੇ ਸਮੇਂ 'ਚ ਹੀ ਇਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਸੁਰਜੀਤ ਕੁਮਾਰ ਪੁੱਤਰ ਅਮਰਚੰਦ ਵਾਸੀ ਰੂਰਲ ਬਸਤੀ ਚੰਡੀਗੜ੍ਹ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ ਜੋ ਕਿ ਸਥਾਨਕ ਤਹਿਸੀਲ ਕੰਪਲੈਕਸ ਦੇ ਸਾਹਮਣੇ ਸ਼ੀਸ਼ੇ ਦਾ ਕੰਮ ਕਰਦਾ ਸੀ ਤੇ ਉਸ ਦੀ ਮਿਹਨਤ ਨਾਲ ਹੀ ਤਿੰਨ ਪਰਿਵਾਰਾਂ ਦਾ ਪਾਲਣ ਪੋਸ਼ਣ ਹੁੰਦਾ ਸੀ। ਅੱਜ ਦੁਪਹਿਰ ਨੂੰ ਜਦ ਉਹ ਵਾਪਸ ਦੁਕਾਨਾਂ 'ਤੇ ਐਕਟਿਵਾ ਉਪਰ ਜਾ ਰਿਹਾ ਸੀ ਤਾਂ ਅੱਜ ਹੀ ਇਸ ਰੋਡ 'ਤੇ ਬਣੇ ਹੋਏ ਅੰਡਰਬ੍ਰਿਜ ਦੇ ਥੱਲੇ ਤੋਂ ਉਹ ਲੰਘ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਇਕ ਝੋਨੇ ਦੇ ਭਰੇ ਟਰੱਕ ਨੇ ਉਸ ਨੂੰ ਜਬਰਦਸਤ ਟਰੱਕ ਮਾਰ ਕੇ ਟਰੱਕ ਦੇ ਹੇਠਾਂ ਲੈ ਲਿਆ। ਜਿਸ ਨਾਲ ਉਸਦੇ ਅੱਗੇ ਜਾ ਰਹੇ ਇਕ ਮੋਟਰਸਾਈਕਲ ਨੂੰ ਤੇ 2 ਹੋਰ ਨੌਜਵਾਨ ਬੀਰਬਲ ਉਰਫ ਬਬਲੂ ਪੁੱਤਰ ਜਸਵਿਦਰ ਸਿੰਘ ਤੇ ਰੋਹਿਤ ਵਾਸੀ ਪਿੰਡ ਡੇਰਾ ਸੈਯਦਾਂ ਵੀ ਲਪੇਟ 'ਚ ਆ ਗਏ ਪਰ ਖੁਸ਼ਕਿਸਮਤੀ ਨਾਲ ਉਕਤ 2 ਨੌਜਵਾਨਾਂ ਨੇ ਮੋਟਰਸਾਈਕਲ ਤੋਂ ਛਾਲ ਮਾਰ ਕੇ ਜਾਨ ਬਚਾ ਲਈ।

ਮੋਟਰਸਾਈਕਲ ਤੇ ਐਕਟਿਵਾ ਤੋਂ ਬਾਅਦ ਵੀ ਉਕਤ ਟਰੱਕ ਚਾਲਕ ਦੇ ਕੋਲ ਕੰਟਰੋਲ ਨਾ ਹੋਇਆ ਤਾਂ ਉਸ ਨੇ ਅੱਗੇ ਜਾ ਰਹੇ ਇਕ ਘੜੁੱਕੇ ਨੂੰ ਵੀ ਟੱਕਰ ਦੇ ਮਾਰੀ। ਹਾਦਸੇ 'ਚ ਸ਼ਿਕਾਰ ਹੋਏ ਐਕਟਿਵਾ ਸਵਾਰ ਸੁਰਜੀਤ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਚ. ਓ ਸੁਲਤਾਨਪੁਰ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਐੱਸ. ਆਈ ਗੁਰਮੇਜ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਕਤ ਡਰਾਈਵਰ ਸੁਖਦੇਵ ਸਿੰਘ ਪੁੱਤਰ ਮੁਖਤਿਆਰ ਲਾਲ ਵਾਸੀ ਨੂਰੋਵਾਲ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 2 ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਹੈ।

ਰੇਲਵੇ ਵਿਭਾਗ ਨੂੰ ਠਹਿਰਾਇਆ ਜਿੰਮੇਵਾਰ
ਪਿੰਡ ਵਾਸੀਆਂ ਤੇ ਸਾਬਕਾ ਸਰਪੰਚ ਰਾਣੀ ਨਈਅਰ ਨੇ ਨੌਜਵਾਨ ਦੀ ਮੌਤ 'ਤੇ ਸਿੱਧੇ ਰੂਪ 'ਚ ਰੇਲਵੇ ਵਿਭਾਗ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ 6 ਮਹੀਨੇ ਤੋਂ ਬਣ ਰਹੇ ਅੰਡਰ ਬ੍ਰਿਜ ਨੂੰ ਖੋਲਿਆ ਹੀ ਨਹੀਂ ਗਿਆ ਤੇ ਅੱਜ ਖੋਲਿਆ ਤਾਂ ਇਹ ਹਾਦਸਾ ਹੋ ਗਿਆ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਬਣਾਇਆ ਅੰਡਰ ਬ੍ਰਿਜ ਸਾਰਾ ਗਲਤ ਹੈ। ਇਸ ਦੀ ਪਹਿਲਾਂ ਤਾਂ ਚੌੜਾਈ ਘੱਟ ਹੈ ਤੇ ਫਿਰ ਨਾਂ ਕੋਈ ਰੈਪ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਤਾਂ ਫਾਟਕ ਹੀ ਚੰਗੇ ਸਨ। ਉਨ੍ਹਾਂ ਕਿਹਾ ਕਿ ਇਸ ਫਾਟਕ ਵਾਲੀ ਸਾਈਡ ਸਕੂਲ ਤੇ ਕਾਲਜ ਵੀ ਹਨ, ਜਿਥੇ ਰੋਜਾਨਾ ਬੱਚਿਆਂ ਨੇ ਵੀ ਲੰਘਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਡੱਲੇ ਵਾਲੀ ਸਾਈਡ 'ਤੇ ਵੀ ਬਣੇ ਅੰਡਰ ਬ੍ਰਿਜ ਦੇ ਥੱਲੇ 5 ਐਕਸੀਡੈਂਟ ਹੋ ਚੁਕੇ ਹਨ, ਜਿਸ ਦੇ ਬਾਰੇ ਜਦੋਂ ਬੀਤੇ ਦਿਨੀਂ ਡੀ. ਆਰ. ਐੱਮ ਰੇਲਵੇ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਵੀ ਅਣਗੋਲਿਆ ਕਰਦੇ ਕਿਹਾ ਕਿ ਪਿੰਡ ਵਾਸੀਆਂ ਨੂੰ ਲੰਘਣ ਦੀ ਆਦਤ ਪਾਉਣੀ ਪੈਣੀ ਹੈ। ਉਨ੍ਹਾਂ ਕਿਹਾ ਕਿ ਜੇ ਰੇਲਵੇ ਵਿਭਾਗ ਨੇ ਇਨ੍ਹਾਂ ਅੰਡਰ ਬ੍ਰਿਜ ਨੂੰ ਠੀਕ ਨਾ ਕੀਤਾ ਤਾਂ ਪਿੰਡ ਵਾਸੀ ਹਮੇਸ਼ਾ ਲਈ ਇਨ੍ਹਾਂ ਨੂੰ ਬੰਦ ਕਰ ਦੇਣਗੇ।
 


Related News