ਰਿਆਜ਼ਪੁਰਾ ਬਲਾਸਟ ਮਾਮਲਾ: ਪ੍ਰਵਾਸੀ ਨੇਪਾਲੀ ਸੰਘ ਭਾਰਤ ਨੇ ਪੀੜਤਾਂ ਲਈ ਕੀਤੀ ਮੁਆਵਜ਼ੇ ਦੀ ਮੰਗ
Wednesday, Oct 31, 2018 - 02:52 PM (IST)

ਜਲੰਧਰ(ਕਮਲੇਸ਼)— ਇਥੋਂ ਦੇ ਸੈਂਟਰਲ ਟਾਊਨ 'ਚ ਸਥਿਤ ਰਿਆਜ਼ਪੁਰਾ 'ਚ ਮਾਰਚ ਮਹੀਨੇ 'ਚ ਹੋਏ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦੀ ਫੈਕਟਰੀ 'ਚ ਬਲਾਸਟ ਨਾਲ ਮਾਰੇ ਗਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਨਾ ਦੇਣ ਕਰਕੇ ਪ੍ਰਵਾਸੀ ਨੇਪਾਲੀ ਸੰਘ ਨੇ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਮੁਆਵਜ਼ੇ ਦੀ ਅਪੀਲ ਕੀਤੀ।
ਇਸ ਮੌਕੇ ਸੰਘ ਦੇ ਪ੍ਰਧਾਨ ਸੂਰਿਆ ਥਾਪਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਫੈਕਟਰੀ ਅਤੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਬਜਾਏ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕਰ ਦੇਣਾ ਬਿਲਕੁਲ ਗਲਤ ਹੈ। ਸੰਸਥਾ ਵੱਲੋਂ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਦੋਸ਼ੀਆਂ 'ਤੇ ਕਾਰਵਾਈ ਅਤੇ ਪੀੜਤਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੀੜਤਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਸੰਸਥਾ ਸੰਘਰਸ਼ ਤੇਜ਼ ਕਰਨ ਨੂੰ ਮਜਬੂਰ ਹੋਵੇਗੀ।
ਦੱਸਣਯੋਗ ਹੈ ਕਿ 27 ਮਾਰਚ ਸੈਂਟਰਲ ਟਾਊਨ ਰਿਆਜ਼ਪੁਰਾ ਗੈਰ-ਕਾਨੂੰਨੀ ਤੌਰ 'ਤੇ ਪਟਾਕੇ ਬਣਾਉਣ ਦੀ ਫੈਕਟਰੀ 'ਚ ਧਮਾਕਾ ਹੋਇਆ ਸੀ। ਇਸ ਹਾਦਸੇ 'ਚ ਮਜਦੂਰ ਰਾਧਿਕਾ ਅਤੇ ਸੁਨੀਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਦੀਪਾ ਅਤੇ ਕਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਸੰਸਥਾ ਦੇ ਪ੍ਰਤੀਨਿਧੀਆਂ ਨੇ ਸਬੰਧਤ ਬਾਡੀਆਂ 'ਚ ਜ਼ਖਮੀਆਂ ਨੂੰ ਇਲਾਜ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਸੀ, ਜਿਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ।