ਸਰਕਾਰ ਨੇ ਮੁਲਾਜ਼ਮਾਂ ਤੋਂ ਵੋਟ ਦਾ ਅਧਿਕਾਰ ਖੋਹਿਆ : ਆਪ
Friday, Dec 28, 2018 - 08:37 AM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਨੇ ਪੰਚਾਇਤੀ ਚੋਣਾਂ ਕਰਵਾਉਣ ਵਾਲੇ ਕਰਮਚਾਰੀਆਂ ਤੋਂ 'ਵੋਟ ਦਾ ਸੰਵਿਧਾਨਕ ਅਧਿਕਾਰ' ਖੋਹਣ ਦਾ ਸੂਬਾ ਸਰਕਾਰ 'ਤੇ ਦੋਸ਼ ਲਾਇਆ ਹੈ। ਇਸ ਸਬੰਧੀ 'ਆਪ' ਵਿਧਾਇਕ ਅਮਨ ਅਰੋੜਾ ਵਲੋਂ ਸੂਬਾ ਚੋਣ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉੱਧਰ, ਸੂਬਾ ਚੋਣ ਕਮਿਸ਼ਨਰ ਦਫ਼ਤਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕਮਿਸ਼ਨ ਵਲੋਂ ਪਹਿਲਾਂ ਹੀ ਸੂਬੇ ਦੇ ਸਾਰੇ ਰਿਟਰਨਿੰਗ ਅਫਸਰਾਂ ਨੂੰ ਪੱਤਰ ਨੰਬਰ 11911-32, 24 ਦਸੰਬਰ ਨੂੰ ਹੀ ਭੇਜ ਕੇ ਸਪੱਸ਼ਟ ਕੀਤਾ ਜਾ ਚੁੱਕਿਆ ਹੈ ਕਿ ਜੋ ਵੋਟਰ ਆਪਣੀ ਵੋਟ ਪੋਸਟਲ ਬੈਲੇਟ ਦੇ ਰਾਹੀਂ ਪਾਉਣਾ ਚਾਹੁੰਦੇ ਹਨ, ਉਨ੍ਹਾਂ ਦੇ ਬਿਨੈ ਕਰਨ 'ਤੇ ਉਨ੍ਹਾਂ ਨੂੰ ਪੋਸਟਲ ਬੈਲੇਟ ਜਾਰੀ ਕੀਤਾ ਜਾਵੇ।
ਪੋਸਟਲ ਬੈਲੇਟ ਚੋਣ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ, ਫੌਜ ਤੇ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਅਜਿਹੇ ਮੁਲਾਜ਼ਮਾਂ ਨੂੰ ਜਾਰੀ ਕੀਤਾ ਜਾ ਸਕਦਾ ਹੈ, ਜੋ ਮਤਦਾਨ ਦੇ ਦਿਨ ਡਿਊਟੀ 'ਤੇ ਤਾਇਨਾਤ ਹੋਣ। ਇਸ ਨਾਲ ਹੀ ਅਜਿਹੇ ਵੋਟਰਾਂ ਨੂੰ ਵੀ ਪੋਸਟਲ ਬੈਲੇਟ ਜਾਰੀ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਨੂੰ ਕਿਸੇ ਮਾਮਲੇ ਵਿਚ ਅਹਿਤਿਆਤ ਦੇ ਤੌਰ 'ਤੇ ਨਜ਼ਰਬੰਦ ਕੀਤਾ ਗਿਆ ਹੋਵੇ ਜਾਂ ਜੇਲ ਵਿਚ ਰੱਖਿਆ ਗਿਆ ਹੋਵੇ। ਚੋਣ ਕਮਿਸ਼ਨ ਵਲੋਂ ਕਿਹਾ ਗਿਆ ਹੈ ਕਿ ਕੋਈ ਵੀ ਅਜਿਹਾ ਵੋਟਰ ਫ਼ਾਰਮ ਨੰਬਰ 6 ਰਾਹੀਂ ਪੋਸਟਲ ਬੈਲੇਟ ਲਈ ਅਪਲਾਈ ਕਰ ਸਕਦਾ ਹੈ। ਉਥੇ ਹੀ, ਆਮ ਆਦਮੀ ਪਾਰਟੀ ਦੇ ਇਸ ਪੱਤਰ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਚੋਣ ਰਾਜ ਸਰਕਾਰ ਨਹੀਂ, ਸਗੋਂ ਚੋਣ ਕਮਿਸ਼ਨ ਵਲੋਂ ਕਰਵਾਈ ਜਾ ਰਹੀ ਹੈ, ਜਿਸ 'ਚ ਸਰਕਾਰ ਦਾ ਕੋਈ ਰੋਲ ਨਹੀਂ ਹੈ।