ਸਵਾਰੀਆਂ ਦੀ ਘਾਟ ਕਾਰਨ 90 ਫੀਸਦੀ ਬੱਸਾਂ ਦੀ ਨਹੀਂ ਵੱਜੀ ''ਸੈਲਫ''

05/21/2020 10:04:43 AM

ਮੋਗਾ (ਸੰਦੀਪ ਸ਼ਰਮਾ): ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਮਹਾਮਾਰੀ ਕਾਰਨ ਇਕ ਤੋਂ ਦੂਜੇ ਸ਼ਹਿਰ ਜਾਣ ਤੋਂ ਅਸਮਰਥ ਲੋਕਾਂ ਨੂੰ 18 ਮਈ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੱਸਾਂ 'ਚ ਦਿੱਤੀ ਛੋਟ ਦੇ ਆਧਾਰ 'ਤੇ ਕੱਲ੍ਹ ਬੱਸ ਅੱਡਾ ਮੋਗਾ ਤੋਂ ਵੀ ਲੋਕਾਂ ਨੂੰ ਵੱਖ-ਵੱਖ ਸ਼ਹਿਰਾਂ ਦੇ ਹੈੱਡਕੁਆਟਰਾਂ ਤੱਕ ਪਹੁੰਚਾਉਣ ਲਈ ਪੰਜਾਬ ਰੋਡਵੇਜ਼ ਦੀਆਂ 8 ਦੇ ਕਰੀਬ ਬੱਸਾਂ ਸੜਕਾਂ ਉੱਪਰ ਦੌੜੀਆਂ। ਬੇਸ਼ਕ ਇਸ ਰਾਹਤ 'ਚ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਪਰ ਸਰਕਾਰ ਵਲੋਂ ਲੋਕਹਿੱਤ 'ਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚਲਾਉਣ ਦੇ ਲਏ ਇਸ ਫੈਸਲੇ ਦੌਰਾਨ ਅੱਜ ਪਹਿਲੇ ਦਿਨ ਇਕ ਤੋਂ ਦੂਜੇ ਸ਼ਹਿਰ ਪਹੁੰਚ ਕਰਨ ਲਈ ਲੋਕਾਂ 'ਚ ਉਤਸ਼ਾਹ ਘੱਟ ਪਾਇਆ ਗਿਆ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹਾਲੇ ਵੀ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਦੂਜੇ ਪਾਸੇ ਪੰਜਾਬ ਰੋਡਵੇਜ਼ ਵਿਭਾਗ ਮੋਗਾ ਦੇ ਅਧਿਕਾਰੀਆਂ ਵੱਲੋਂ ਕੋਰੋਨਾ ਮਹਾਮਾਰੀ ਤੋਂ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਦੇ ਹੁਕਮਾਂ ਅਨੁਸਾਰ ਆਪਣੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਅੱਜ ਬੱਸ ਅੱਡਾ ਮੋਗਾ ਤੋਂ ਦੋ ਮਹੀਨਿਆਂ ਉਪਰੰਤ 8-9 ਦੇ ਕਰੀਬ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ ਜਿੱਥੇ ਸਰਕਾਰ ਦੇ ਨਿਯਮਾਂ ਦੀ ਹੂਬਹੂ ਪਾਲਣਾ ਕਰਦਿਆਂ 15-16 ਦੇ ਕਰੀਬ ਸਵਾਰੀਆਂ ਇਕ ਬੱਸ 'ਚ ਬੈਠਾਕੇ ਆਪਣੇ ਕੰਮਕਾਜ ਨੂੰ ਅੰਜਾਮ ਦਿੱਤਾ ਉੱਥੇ ਅੱਜ ਵੱਖਰੇ ਤੌਰ 'ਤੇ 7 ਬੱਸਾਂ 214 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨਾਲ ਫਿਰੋਜ਼ਪੁਰ ਰੇਲਵੇ ਸਟੇਸ਼ਨ ਵਿਖੇ ਛੱਡਕੇ ਆਈਆਂ। 'ਜਗ ਬਾਣੀ' ਵੱਲੋਂ ਅੱਜ ਬੱਸ ਅੱਡੇ ਦੇ ਕੀਤੇ ਦੌਰੇ ਦੌਰਾਨ ਦੇਖਣ 'ਚ ਆਇਆ ਕਿ ਰੋਡਵੇਜ਼ ਅਧਿਕਾਰੀਆਂ ਵੱਲੋਂ ਆਪਣੀ ਨਿਗਰਾਨੀ ਹੇਠ ਹੀ ਸਵਾਰੀਆਂ ਨੂੰ ਬੱਸਾਂ 'ਚ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਆਧਾਰ 'ਤੇ ਐਡਵਾਂਸ ਬੁਕਿੰਗ ਕਰ ਕੇ ਚੜਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਬੱਸਾਂ ਨੂੰ ਸੈਨੇਟਾਈਜ਼ ਕਰਨ ਲਈ ਚਾਹੇ ਕੋਈ ਪ੍ਰਬੰਧ ਨਹੀਂ ਸੀ ਪਰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ ਸੰਸਥਾਵਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਬੱਸ ਅੱਡੇ ਅੰਦਰ ਬੱਸਾਂ ਨੂੰ ਸੈਨੇਟਾਈਜ਼ਰ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੋਗਾ ਬੱਸ ਅੱਡੇ ਅੰਦਰ ਪੰਜਾਬ ਰੋਡਵੇਜ਼ ਦੀਆਂ 108 ਦੇ ਕਰੀਬ ਬੱਸਾਂ ਹਨ ਪਰ ਅੱਜ ਪਹਿਲੇ ਦਿਨ ਸਵਾਰੀਆਂ ਦੀ ਘੱਟ ਕਾਰਨ 8 ਦੇ ਕਰੀਬ ਹੀ ਬੱਸਾਂ ਚੱਲ ਸਕੀਆਂ।

ਕਿਹੜੇ ਸ਼ਹਿਰਾਂ ਲਈ ਪਹਿਲੇ ਦਿਨ ਰਵਾਨਾ ਹੋਈਆਂ ਬੱਸਾਂ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮੋਗਾ ਬੱਸ ਅੱਡਾ ਤੋਂ ਪੰਜਾਬ ਰੋਡਵੇਜ ਦੀਆਂ 8 ਦੇ ਕਰੀਬ ਪਨਬੱਸਾਂ ਜਲੰਧਰ 16, ਫਿਰੋਜ਼ਪੁਰ 16, ਫਰੀਦਕੋਟ 10, ਲੁਧਿਆਣਾ 16, ਸ਼੍ਰੀ ਮੁਕਤਸਰ ਸਾਹਿਬ 16 ਸਮੇਤ ਹੋਰ ਇਕ ਦੋ ਜ਼ਿਲਿਆਂ 'ਚ 110 ਕੁ ਦੇ ਕਰੀਬ ਸਵਾਰੀਆਂ ਛੱਡ ਕੇ ਆਈਆਂ ਹਨ। ਵਿਭਾਗੀ ਆਦੇਸ਼ਾਂ ਅਨੁਸਾਰ ਡਰਾਈਵਰ ਅਤੇ ਕੰਡਕਟਰਾਂ ਵਿਚਕਾਰ ਵੀ ਡਿਸਟੈਂਸ ਰੱਖਣ ਲਈ ਆਰਜੀ ਤੌਰ 'ਤੇ ਬੱਸਾਂ ਅੰਦਰ ਪਰਦੇ ਲਾ ਕੇ ਪਾਰਟੀਸ਼ਨ ਕੀਤੀ ਗਈ ਹੈ।

ਕੋਵਿਡ-19 ਦੇ ਚੱਲਦਿਆਂ ਕੀ ਹਨ ਪੰਜਾਬ ਰੋਡਵੇਜ਼ ਵਿਭਾਗ ਦੇ ਹੁਕਮ
ਬੱਸ 'ਚ ਚੜਨ ਤੋਂ ਪਹਿਲਾਂ ਹਰ ਸਵਾਰੀ ਦਾ ਤਾਪਮਾਨ ਚੈੱਕ ਕਰਨਾ ਲਾਜਮੀ।
ਸਫਰ ਕਰਨ ਆਈਆਂ ਸਵਾਰੀਆਂ ਨੂੰ ਇੰਤਜ਼ਾਰ ਕਰਨ ਲਈ ਸੋਸ਼ਲ ਡਿਸਟੈਂਸ ਦੇ ਗੋਲਿਆਂ 'ਚ ਖੜਾ ਕੀਤਾ ਜਾਵੇਗਾ।
ਹਰ ਜ਼ਿਲੇ ਨੂੰ ਜਾਣ ਵਾਲੀ ਇਕ ਬੱਸ 'ਚ ਸਿਰਫ 50 ਫੀਸਦੀ ਹੀ ਸਵਾਰੀਆਂ ਬੈਠਾਈਆਂ ਜਾਣਗੀਆਂ।
ਸਫਰ ਕਰਨ ਵਾਲੀ ਸਵਾਰੀ ਦੀ ਕੰਡਕਟਰ ਅਤੇ ਬੁਕਿੰਗ ਕਾਉਂਟਰ ਵੱਲੋਂ ਬੱਸ 'ਚ ਚੜਨ ਤੋਂ ਪਹਿਲਾਂ ਹੀ ਟਿਕਟ ਕੱਟੀ ਜਾਵੇਗੀ।
ਸਫਰ ਕਰਨ ਵਾਲਿਆਂ ਤੋਂ ਇਲਾਵਾ ਕਿਸੇ ਵਿਅਕਤੀ ਨੂੰ ਬੱਸ ਅੱਡੇ ਅੰਦਰ ਦਾਖਲ ਹੋਣ ਦੀ ਨਹੀਂ ਇਜਾਜ਼ਤ।
ਸਫਰ ਕਰਨ ਵਾਲਿਆਂ ਸਮੇਤ ਅੱਡੇ ਉੱਪਰ ਕੰਮ ਕਰਨ ਵਾਲਿਆਂ ਲਈ ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਲਾਜਮੀ।
ਡਰਾਈਵਰ ਅਤੇ ਕੰਡਕਟਰਾਂ ਨੂੰ ਸੈਨੇਟਾਈਜ਼ਰ ਮੁਹੱਈਆ ਕਰਵਾਉਣਾ ਲਾਜਮੀ।

ਸਵਾਰੀਆਂ ਦੀ ਘਾਟ ਕਾਰਨ ਕਈਆਂ ਨੂੰ ਕਰਨਾ ਪਿਆ ਲੰਬਾ ਸਮਾਂ ਇੰਤਜ਼ਾਰ
ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਲਈ ਮੋਗਾ ਆਏ ਲੁਧਿਆਣਾ ਵਾਸੀ ਮਨੀ ਅਤੇ ਉਸਦੀ ਪਤਨੀ ਸੀਮਾ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਤਾਂ ਬੱਸ ਚੜ੍ਹਕੇ ਮੋਗਾ ਆ ਗਏ ਪਰ ਮੋਗਾ ਤੋਂ ਫਿਰੋਜ਼ਪੁਰ ਜਾਣ ਵਾਲੀ ਬੱਸ 'ਚ ਤਿੰਨ ਘੰਟਿਆਂ ਅੰਦਰ ਸਿਰਫ 5-7 ਸਵਾਰੀਆਂ ਹੀ ਆਉਣ ਕਾਰਨ ਅਜੇ ਤੱਕ ਮਹਿਕਮੇ ਵੱਲੋਂ ਬੱਸ ਫਿਰੋਜ਼ਪੁਰ ਲਈ ਨਹੀਂ ਭੇਜੀ ਗਈ ਅਤੇ 50 ਫੀਸਦੀ ਸਵਾਰੀਆਂ ਦੇ ਇੰਤਜਾਰ 'ਚ ਉਹ ਪਿਛਲੇ ਤਿੰਨ ਘੰਟਿਆਂ ਤੋਂ ਬੱਸ ਅੱਡੇ ਅੰਦਰ ਬੈਠਕੇ ਖੱਜਲ ਹੋ ਰਹੇ ਹਨ। ਮਨੀ ਨੇ ਦੱਸਿਆ ਕਿ ਲੰਬੇ ਇੰਤਜਾਰ ਤੋਂ ਬਾਅਦ ਆਖਿਰ ਉਸਨੂੰ ਪ੍ਰਾਈਵੇਟ ਟੈਕਸੀ ਕਰਵਾਕੇ ਹੀ ਫਿਰੋਜ਼ਪੁਰ ਲਈ ਜਾਣਾ ਪੈ ਰਿਹਾ ਹੈ। ਇਸੇ ਤਰ੍ਹਾਂ ਜਲੰਧਰ ਵਾਸੀ ਬੂਆ ਦਾਸ ਸ਼ਰਮਾ, ਹੰਸਰਾਜ, ਕੁਲਦੀਪ, ਪ੍ਰਿੰਸ ਅਤੇ ਡੇਵਿਡ ਨੇ ਦੱਸਿਆ ਕਿ ਫਿਰੋਜ਼ਪੂਰ ਰੂਟ ਲਈ ਸਵਾਰੀਆਂ ਪੂਰਾ ਨਾ ਹੋਣ ਕਾਰਨ ਸਾਨੂੰ ਵੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੁਲਦੀਪ ਨੇ ਕਿਹਾ ਕਿ ਬੇਸ਼ਕ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਇਹ ਕਦਮ ਚੁੱਕਿਆ ਹੈ ਪਰ ਜੇਕਰ ਸਵਾਰੀਆਂ ਦੀ ਇਸੇ ਤਰ੍ਹਾਂ ਘਾਟ ਰਹੀ ਤਾਂ ਇਹ ਸਹੂਲਤ ਮਹਿਕਮੇ ਦੇ ਬਜਟ ਉੱਪਰ ਵੱਡੀ ਢਾਹ ਵੀ ਲਾ ਸਕਦੀ ਹੈ।

ਵਿਭਾਗੀ ਆਦੇਸ਼ਾਂ ਅਨੁਸਾਰ ਸੋਸ਼ਲ ਡਿਸਟੈਂਸ ਦੀ ਕਰਵਾਈ ਪਾਲਣਾ : ਰਛਪਾਲ ਸਿੰਘ
ਇਸ ਦੌਰਾਨ ਜਾਣਕਾਰੀ ਦਿੰਦਿਆਂ ਸਟੇਸ਼ਨ ਸੁਪਰਵਾਈਜ਼ਰ ਰਛਪਾਲ ਸਿੰਘ ਅਤੇ ਇੰਸਪੈਕਟਰ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਵਿਭਾਗੀ ਆਦੇਸ਼ਾਂ 'ਤੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਬਕਾਇਦਾ ਤੌਰ 'ਤੇ ਸੈਨੇਟਾਈਜ਼ਰ ਅਤੇ ਮਾਸਕ ਵੀ ਮੁਹੱਈਆ ਕਰਵਾਏ ਗਏ ਹਨ ਅਤੇ ਬੱਸ 'ਚ ਬੈਠਣ ਵਾਲੀਆਂ ਸਵਾਰੀਆਂ ਦਰਮਿਆਨ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਣ ਲਈ ਸੀਟਾਂ ਵਿਚਕਾਰ ਨਿਸ਼ਾਨ ਵੀ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਕ ਬੱਸ ਨੂੰ ਦੂਸਰੇ ਸ਼ਹਿਰ ਭੇਜਣ ਲਈ ਉਸ ਵਕਤ ਹੀ ਰਵਾਨਾ ਕੀਤਾ ਜਾਂਦਾ ਸੀ ਜਦੋਂ 15-16 ਦੇ ਕਰੀਬ ਸਵਾਰੀਆਂ ਹੋ ਜਾਂਦੀਆਂ ਸਨ।


Shyna

Content Editor

Related News