ਫੋਰਟੀਫਾਈਡ ਚਾਵਲ ਨੂੰ ਲੈ ਕੇ ਸੂਬੇ ’ਚ ਘਮਾਸਾਨ, ਰਾਈਸ ਮਿਲਰ ਤੇ FCI ਆਹਣੇ-ਸਾਹਮਣੇ
Wednesday, Mar 03, 2021 - 02:55 AM (IST)
ਪਟਿਆਲਾ, (ਮਨਦੀਪ ਜੋਸਨ)- ਐੱਫ. ਸੀ. ਆਈ. ਵੱਲੋਂ ਮਾਰਚ ਤੋਂ ਫੋਰਟੀਫਾਈਡ ਚਾਵਲ ਲਗਾਉਣ ਲਈ ਆਦੇਸ਼ਾਂ ਨੂੰ ਲੈ ਕੇ ਪੂਰੀ ਤਰ੍ਹਾਂ ਪ੍ਰਦੇਸ਼ ’ਚ ਘਮਾਸਾਨ ਮਚ ਚੁੱਕਿਆ ਹੈ। ਇਸ ਮਾਮਲੇ ’ਚ ਸ਼ੈਲਰ ਮਾਲਕ ਅਤੇ ਐੱਫ. ਸੀ. ਆਈ. ਦੇ ਅਧਿਕਾਰੀ ਆਹਮਣੇ-ਸਾਹਮਣੇ ਆ ਚੁੱਕੇ ਹਨ। ਸ਼ੈਲਰ ਐਸੋਸੀਏਸ਼ਨ ਦੇ ਪ੍ਰਦੇਸ਼ ਪ੍ਰਧਾਨ ਗਿਆਨ ਚੰਦ ਭਾਰਦਵਾਜ ਦੀ ਅਗਵਾਈ ਹੇਠ ਇਕ ਵਫਦ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੀਟਿੰਗ ਕਰ ਕੇ ਇਸ ਮਾਮਲੇ ਨੂੰ ਹੱਲ ਕਰਨ ਲਈ ਕਿਹਾ ਹੈ।
ਐਸੋਸੀਏਸ਼ਨ ਦੇ ਪ੍ਰਦੇਸ਼ ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਇਸ ਮੀਟਿੰਗ ’ਚ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਫੋਰਟੀਫਾਈਡ ਚਾਵਲ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਐੱਫ. ਸੀ. ਆਈ. ਆਪਣੀ ਹੀ ਨਾਲਾਇਕੀ ਨੂੰ ਛੁਪਾਉਣ ਲਈ ਰਾਈਸ ਮਿਲਰ ’ਤੇ ਫੋਰਟੀਫਾਈਡ ਚਾਵਲ ਲਾਉਣ ਦੇ ਆਦੇਸ਼ ਦੇ ਕੇ ਰਾਈਸ ਮਿਲਰ ਨੂੰ ਪਰੇਸ਼ਾਨ ਕਰਨ ’ਤੇ ਤੁਲੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰਾਈਸ ਮਿਲਰਸ ਦੇ ਗੁੱਸੇ ਦਾ ਪਾਰਾ ਦੇਖਦੇ ਹੋਏ ਮੰਤਰੀ ਭਾਰਤ ਭੁਸ਼ਣ ਆਸ਼ੂ ਨੇ ਤੁਰੰਤ ਮੌਕੇ ’ਤੇ ਸੈਕਟਰੀ ਫੂਡ ਏ. ਪੀ. ਸਿਨਹਾ ਅਤੇ ਡਾਇਰੈਕਟਰ ਫੂਡ ਰਵਿ ਭਗਤ ਨੂੰ ਇਸ ਮਾਮਲੇ ’ਚ ਤੁਰੰਤ ਦਖਲ ਦਿੰਦੇ ਹੋਏ ਰਾਈਸ ਮਿਲਰ ਦਾ ਮਸਲਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੀ ਆਸ਼ੂ ਨੇ ਰਾਈਸ ਮਿਲਰਸ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਪੰਜਾਬ ਸਰਕਾਰ ਅਗਲੇ 2 ਦਿਨਾਂ ’ਚ ਇਸ ਮਸਲੇ ਨੂੰ ਮਿਲ ਬੈਠ ਕੇ ਹੱਲ ਕਰ ਲਵੇਗੀ। ਇਧਰ ਐਸੋਸੀਏਸ਼ਨ ਨੇ ਇਕ ਵਾਰ ਫਿਰ ਸਾਫ ਕਰ ਦਿੱਤਾ ਹੈ ਕਿ ਜੇਕਰ ਇਹ ਮਸਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਰਾਈਸ ਮਿਲਰਸ ਕਿਸਾਨਾਂ ਦੀ ਤਰਜ਼ ’ਤੇ ਪੰਜਾਬ ਦੇ ਸਾਰੇ ਬਾਰਡਰਾਂ ’ਤੇ ਧਰਨਾ ਲਾ ਕੇ ਬੈਠ ਜਾਣਗੇ।
ਸਰਕਾਰ ਦਾਅਵੇ ਕਰਨ ਤੋਂ ਪਹਿਲਾਂ ਇੰਤਜ਼ਾਮ ਪੂਰੇ ਕਰੇ
ਮੀਟਿੰਗ ’ਚ ਗਿਆਨ ਚੰਦ ਭਾਰਦਵਾਜ ਨੇ ਮੰਤਰੀ ਨੂੰ ਦੱਸਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੱਸਿਆ ਹੁੰਦਾ ਕਿ ਉਹ ਸਿਰਫ਼ ਫੋਰਟੀਸਾਈਡ ਚਾਵਲ ਹੀ ਲਵੇਗੀ ਤਾਂ ਉਹ ਪਹਿਲਾਂ ਇੰਤਜ਼ਾਮ ਕਰਦੇ। ਪੰਜਾਬ ’ਚ ਇਸ ਸੀਜ਼ਨ ਕੁੱਲ ਤਕਰੀਬਨ 134 ਲੱਖ ਟਨ ਚਾਵਲ ਦੀ ਪੈਦਾਵਾਰ ਹੋਈ ਹੈ। ਇਸ ’ਚ 76 ਲੱਖ ਟਨ ਵੱਖ-ਵੱਖ ਸਰਕਾਰੀ ਏਜੰਸੀਆਂ ’ਚ ਲੱਗ ਚੁਕਾ ਹੈ, ਜਦੋਂ ਕਿ 58 ਲੱਖ ਟਨ ਹੁਣ ਵੀ ਪੈਂਡਿੰਗ ਹਨ। ਅਜਿਹੇ ’ਚ ਹੁਣ ਜੇਕਰ ਸ਼ੈਲਰ ਮਾਲਕ ਚਾਵਲ ਨੂੰ ਫੋਰਟੀਸਾਈਡ ਬਣਾਉਣ ਵਾਲੀ ਮਸ਼ੀਨਰੀ ਖਰੀਦਦੇ ਹਨ ਤਾਂ ਉਸ ਦੀ ਕੀਮਤ ਤਕਰੀਬਨ 1 ਕਰੋੜ ਤੋਂ ਜ਼ਿਆਦਾ ਹੈ। ਇਸ ਦੇ ਇਲਾਵਾ ਇਸ ਮਸ਼ੀਨ ਨੂੰ ਚੱਲਣ ਲਈ 150 ਕਿਲੋਵਾਟ ਦਾ ਬਿਜਲੀ ਕੁਨੈਕਸ਼ਨ ਚਾਹੀਦਾ ਹੈ। ਇਹ ਬਿਜਲੀ ਕੁਨੈਕਸ਼ਨ ਲੈਣ ਦੀ ਪ੍ਰਕ੍ਰਿਆ ਵੀ 1 ਤੋਂ 2 ਮਹੀਨੇ ਦੀ ਹੈ। ਅਜਿਹੇ ’ਚ ਹੁਣ ਇਕਦਮ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕਰ ਚਾਵਲ ਦੀ ਡਪਿੰਗ ਰੋਕਣਾ ਸ਼ੈਲਰ ਮਾਲਕਾਂ ਨੂੰ ਪਰੇਸ਼ਾਨ ਕਰਨਾ ਹੈ।
ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਸਰਕਾਰ ਨੂੰ ਇਹ ਰਸਤਾ ਸੁਝਾਇਆ ਸੀ ਕਿ ਨਿਯਮਾਂ ਮੁਤਾਬਕ 99 ਕਿਲੋ ਚਾਵਲ ’ਚ 1 ਕਿਲੋ ਫੋਰਟੀਸਾਈਡ ਚਾਵਲ ਮਿਕਸ ਕਰਨਾ ਹੁੰਦਾ ਹੈ, ਕਿਉਂਕਿ ਰਾਈਸ ਮਿਲਰਸ ਦੇ ਬੈਗ 50 ਕਿਲੋ ਦੇ ਹੁੰਦੇ ਹਨ। ਉਨ੍ਹਾਂ ਸੁਝਾਇਆ ਸੀ ਕਿ ਅਸੀਂ ਆਪਣੇ ਬੈਗ ’ਚ 49 ਕਿਲੋ 500 ਗ੍ਰਾਮ ਚਾਵਲ ਭਰਾਂਗੇ। ਉਸ ’ਚੋਂ 500 ਗ੍ਰਾਮ ਕਿਸੇ ਵੀ ਕੰਪਨੀ ਦਾ ਫੋਰਟੀਸਾਈਡ ਚਾਵਲ ਰੱਖਿਆ ਜਾ ਸਕਦਾ ਹੈ ਪਰ ਉਸ ਬੈਗ ’ਤੇ ਉਸ ਕੰਪਨੀ ਦਾ ਲੋਗੋ ਲਾਉਣਾ ਜ਼ਰੂਰੀ ਹੋਵੇਗੀ।
ਇਸ ਮੌਕੇ ਸੀਨੀਅਰ ਉਪ ਪ੍ਰਧਾਨ ਸਤ ਪ੍ਰਕਾਸ਼ ਗੋਇਲ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਜੈਪਾਲ ਗੋਇਲ, ਜੈਪਾਲ ਮਿਡਾ, ਰਿੰਕੂ ਮੂਣਕ, ਨਾਮਦੇਵ ਅਰੋੜਾ, ਗੋਲਡੀ, ਅਮਨ ਤਪਾ ਵਿਸ਼ੇਸ ਤੌਰ ’ਤੇ ਮੌਜੂਦ ਸਨ।