1 ਰਿਵਾਲਵਰ, 1 ਰਾਈਫਲ, 7 ਜ਼ਿੰਦਾ ਰੌਂਦ ਤੇ ਲੱਖਾਂ ਦੀ ਹੈਰੋਇਨ ਸਣੇ ਮੁਲਜ਼ਮ ਕਾਬੂ
Tuesday, Oct 01, 2019 - 06:05 PM (IST)
ਤਰਨ ਤਾਰਨ (ਰਮਨ) : ਜ਼ਿਲਾ ਪੁਲਸ ਵੱਲੋਂ ਇਕ ਵਿਅਕਤੀ ਨੂੰ 16 ਲੱਖ ਰੁਪਏ ਦੀ ਹੈਰੋਇਨ, ਇਕ ਰਾਈਫਲ 315 ਬੋਰ, ਇਕ ਪਿਸਤੌਲ, 7 ਜਿੰਦਾ ਰੌਦ ਅਤੇ ਇਕ ਕਾਰ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵੱਲੋਂ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਪੀ (ਆਈ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਐੱਸ.ਐੱਸ.ਪੀ ਧਰੁਵ ਦਹੀਆ ਵੱਲੋਂ ਨਸ਼ਿਆਂ ਅਤੇ ਦੇਸ਼ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁੱਹਿੰਮ ਤਹਿਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਭਿੱਖੀਵਿੰਡ ਇਲਾਕੇ ਵਿਚ ਇਕ ਵਿਅਕਤੀ ਨਸ਼ੀਲੇ ਪਾਊਡਰ ਨੂੰ ਵੇਚਣ ਦਾ ਕਾਰੋਬਾਰ ਕਰਦਾ ਹੈ ਜਿਸ ਤਹਿਤ ਕਾਰਵਾਈ ਕਰਦੇ ਸੀ.ਆਈ.ਏ ਸਟਾਫ ਦੇ ਐੱਸ.ਆਈ. ਸੁਖਦੇਵ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਬਲੇਰ ਰੋਡ ਭਿੱਖੀ ਵਿੰਡ ਵਿਖੇ ਦੌਰਾਨੇ ਗਸ਼ਤ ਇਕ ਆਲਟੋ ਕਾਰ ਸਵਾਰ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਉਸ ਦੀ ਤਲਾਸ਼ੀ ਲੈਣੀ ਚਾਹੀ ਜਿਸ ਦੇ ਇਨਕਾਰ ਕਰਨ 'ਤੇ ਡੀ.ਐੱਸ.ਪੀ ਭਿੱਖੀਵਿੰਡ ਰਾਜਬੀਰ ਸਿੰਘ ਦੀ ਹਾਜ਼ਰੀ ਵਿਚ ਤਲਾਸ਼ੀ ਲੈਣ 'ਤੇ ਵਿਅਕਤੀ ਦੀ ਪੈਂਟ ਦੀ ਸੱਜੀ ਜੇਬ 'ਚੋਂ 320 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਦੋਸ਼ੀ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਚੜਦੀ ਪੱਤੀ ਭਿੱਖੀਵਿੰਡ ਵੱਜੋ ਹੋਈ।ਪੁਲਿਸ ਵੱਲੋ ਇਸ ਦੀ ਗੱਡੀ ਦੀ ਤਲਾਸ਼ੀ ਲੈਣ ਉਪਰੰਤ ਇਕ ਰਿਵਾਲਵਰ 32 ਬੋਰ ਸਮੇਤ 2 ਰੌਂਦ, ਇਕ 315 ਬੋਰ ਰਾਈਫਲ ਸਮੇਤ 5 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ। ਐੱਸ.ਪੀ ਵਾਲੀਆ ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 16 ਲੱਖ ਰੁਪਏ ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਮਕੱਦਮਾਂ ਦਰਜ ਕਰਕੇ ਅਗਲੇਰੀ ਕਾਰਵਾਈ ਲਈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।