ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਖਰੀਦ ਸੰਬੰਧੀ ਤਿਆਰੀਆਂ ਦੀ ਸਮੀਖਿਆ

Wednesday, Sep 27, 2017 - 10:08 AM (IST)


ਪਟਿਆਲਾ (ਰਾਜੇਸ਼, ਪਰਮੀਤ, ਰਾਣਾ) - ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਜ਼ਿਲੇ ਦੀਆਂ ਵੱਖ-ਵੱਖ ਸ਼ਹਿਰਾਂ ਦੀਆਂ ਆੜ੍ਹਤੀ ਐਸੋਸੀਏਸ਼ਨਾਂ, ਖਰੀਦ ਏਜੰਸੀਆਂ ਦੇ ਜ਼ਿਲਾ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ 1 ਅਕਤੂਬਰ ਤੋਂ ਜ਼ਿਲੇ ਵਿਚ ਝੋਨੇ ਦੀ ਖਰੀਦ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ। 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਮੰਡੀ ਅਫ਼ਸਰ ਅਤੇ ਆੜ੍ਹਤੀ ਭਾਈਚਾਰੇ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਮੰਡੀ 'ਚ ਸੁੱਕਾ ਝੋਨਾ ਲੈ ਕੇ ਆਉਣ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ, ਤਾਂ ਕਿ ਝੋਨੇ ਦੀ ਖਰੀਦ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਜ਼ਿਲਾ ਮੰਡੀ ਅਫ਼ਸਰ ਜਸਵਿੰਦਰ ਸਿੰਘ ਧਾਲੀਵਾਲ ਨੂੰ ਨਿਰਦੇਸ਼ ਦਿੱਤੇ ਕਿ ਹਰ ਮੰਡੀ ਵਿਚ ਪਹੁੰਚਣ ਵਾਲੀ ਟਰਾਲੀ 'ਚ ਲਿਆਂਦੇ ਜਾ ਰਹੇ ਝੋਨੇ ਵਿਚ ਨਮੀ ਦੀ ਜਾਂਚ ਮੰਡੀ ਦੇ ਗੇਟ 'ਤੇ ਹੀ ਕੀਤੀ ਜਾਵੇ, ਤਾਂ ਜੋ ਵੱਧ ਨਮੀ ਵਾਲਾ ਝੋਨਾ ਮੰਡੀ ਵਿਚ ਹੀ ਨਾ ਲਿਆਂਦਾ ਜਾਵੇ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਖਰੀਦ ਸ਼ੁਰੂ ਹੋਣ ਤੋਂ ਬਾਅਦ ਲਿਫਟਿੰਗ ਸਮੇਂ ਸਿਰ ਕੀਤੀ ਜਾ ਸਕੇ, ਇਸ ਲਈ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਕਿਸੇ ਸੂਰਤ ਵਿਚ ਨਾ ਆਵੇ। ਸਾਰੀਆਂ ਏਜੰਸੀਆਂ ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਗਈਆਂ ਹਨ ਅਤੇ ਬੁੱਧਵਾਰ ਤੱਕ ਸ਼ੈਲਰਾਂ ਦੀ ਅਲਾਟਮੈਂਟ ਵੀ ਮੁਕੰਮਲ ਕਰ ਲਈ ਜਾਵੇਗੀ। 
ਡਿਪਟੀ ਕਮਿਸ਼ਨਰ ਨੇ ਆਪਣੇ-ਆਪਣੇ ਖੇਤਰ ਵਿਚ ਪੈਂਦੀਆਂ ਮੰਡੀਆਂ ਦਾ ਨਿਰੀਖਣ ਕਰਨ ਦੇ ਜਿਥੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ, ਉਥੇ ਹੀ ਖਰੀਦ ਏਜੰਸੀਆਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਸੰਬੰਧਤ ਅਧਿਕਾਰੀਆਂ ਦੀਆਂ ਵੀ ਡਿਊਟੀਆਂ ਲਾਈਆਂ। ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲਾ ਮੰਡੀ ਅਧਿਕਾਰੀ ਮੰਡੀਆਂ ਦੀ ਸਫਾਈ, ਪੀਣ ਦੇ ਪਾਣੀ, ਲਾਈਟ, ਟਾਇਲਟ, ਨਮੀ ਦੀ ਜਾਂਚ ਕਰਨ ਵਾਲੇ ਮੀਟਰ, ਤਰਪਾਲ, ਕਰੇਟ, ਪੱਖੇ, ਜਨਰੇਟਰ, ਪਾਵਰ ਕਲੀਨਰ ਆਦਿ ਦਾ ਪ੍ਰਬੰਧ ਕਰਨਗੇ। ਇਸ ਦੇ ਨਾਲ ਹੀ ਕਿਸਾਨਾਂ ਨੂੰ ਸੁੱਕੀ ਅਤੇ ਸਾਫ ਜੀਰੀ ਮੰਡੀਆਂ ਵਿਚ ਲਿਆਉਣ ਲਈ ਨਮੀ ਦੀ ਮਾਤਰਾ 17 ਫੀਸਦੀ ਤੋਂ ਵੱਧ ਨਾ ਹੋਣ ਅਤੇ ਆੜ੍ਹਤੀਆਂ ਤੋਂ ਜੇ ਫਾਰਮ ਲੈਣਾ ਯਕੀਨੀ ਬਣਾਉਣ ਸਬੰਧੀ ਜਾਣਕਾਰੀ  ਦੇਣਗੇ ਅਤੇ ਅਖਬਾਰਾਂ ਰਾਹੀਂ ਪ੍ਰਚਾਰ ਵੀ ਕਰਨਗੇ। ਜ਼ਿਲਾ ਖੁਰਾਕ ਅਤੇ ਫੂਡ ਸਪਲਾਈ ਕੰਟਰੋਲਰ ਨੂੰ ਕਿਹਾ ਗਿਆ ਹੈ ਕਿ ਕੰਟਰੋਲ ਰੂਮ ਬਣਾ ਕੇ ਸਟਾਫ ਦੀ ਤਾਇਨਾਤੀ ਹੋਵੇ ਅਤੇ ਰਜਿਸਟਰ ਮੇਨਟੇਨ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਵੱਖ-ਵੱਖ ਏਜੰਸੀਆਂ ਦੇ ਜ਼ਿਲਾ ਅਧਿਕਾਰੀ ਅਤੇ ਆੜ੍ਹਤੀ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਸਨ।


Related News