ਵਿਜੀਲੈਂਸ ਦੀ ਕਾਰਵਾਈ ਵਿਰੁੱਧ ਦੂਜੇ ਦਿਨ ਵੀ ਮਾਲ ਅਧਿਕਾਰੀ ਰਹੇ ਛੁੱਟੀ ’ਤੇ, ਤਹਿਸੀਲ ’ਚ ਛਾਇਆ ਸੰਨਾਟਾ
Saturday, Nov 30, 2024 - 06:06 AM (IST)
ਜਲੰਧਰ (ਚੋਪੜਾ) : ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਾਲੇ ਵਿਜੀਲੈਂਸ ਵਿਭਾਗ ਦੇ ਖਿਲਾਫ ਲਗਾਤਾਰ ਦੂਜੇ ਦਿਨ ਵੀ ਪੰਜਾਬ ਭਰ ਦੇ ਮਾਲ ਅਫਸਰਾਂ ਨੇ ਸਮੂਹਿਕ ਛੁੱਟੀ ਲੈ ਕੇ ਆਪਣਾ ਧਰਨਾ ਜਾਰੀ ਰੱਖਿਆ। ਇਸ ਕਾਰਨ ਅੱਜ ਜਲੰਧਰ ’ਚ ਵੀ ਡੀ. ਆਰ. ਓ., ਸਮੂਹ ਸਬ-ਰਜਿਸਟਰਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸਮੂਹਿਕ ਛੁੱਟੀ ’ਤੇ ਰਹੇ, ਜਿਸ ਕਾਰਨ ਮਾਲ ਨਾਲ ਸਬੰਧਤ ਸਾਰਾ ਕੰਮ ਮੁਕੰਮਲ ਤੌਰ ’ਤੇ ਠੱਪ ਹੋ ਗਿਆ ਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਲ੍ਹੇ ਵਿਚ ਪ੍ਰਾਪਰਟੀ ਰਜਿਸਟਰੀਆਂ ਤੇ ਹੋਰ ਕੰਮ ਮੁਕੰਮਲ ਤੌਰ ’ਤੇ ਬੰਦ ਹੋਣ ਕਾਰਨ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਤੋਂ ਇਲਾਵਾ ਜਿੱਥੇ ਲੋਕਾਂ ਦੇ ਕਰੋੜਾਂ ਰੁਪਏ ਦੇ ਲੈਣ-ਦੇਣ ਠੱਪ ਪਏ ਹਨ, ਉਥੇ ਹੀ ਵਿਆਹ, ਆਮਦਨ ਸਮੇਤ ਸਰਟੀਫਿਕੇਟਾਂ ਦੀ ਪੜਤਾਲ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀ ਸਮੂਹਿਕ ਛੁੱਟੀ ’ਤੇ ਹੋਣ ਕਾਰਨ ਜ਼ਿਲ੍ਹਾ ਤਹਿਸੀਲ ਵਿਚ ਮੁਕੰਮਲ ਸੰਨਾਟਾ ਛਾਇਆ ਰਿਹਾ ਅਤੇ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਮਾਯੂਸ ਹੋ ਕੇ ਵਾਪਸ ਪਰਤਣਾ ਪਿਆ।
ਇਹ ਵੀ ਪੜ੍ਹੋ : ਨਹਾਉਣ ਜਾਣ ਤੋਂ ਪਹਿਲਾਂ ਗੈਸ ਤੇ ਇਲੈਕਟ੍ਰਿਕ ਗੀਜ਼ਰ ਨਾਲ ਜੁੜੀ ਇਹ ਗ਼ਲਤੀ ਨਾ ਕਰੋ, ਨਹੀਂ ਤਾਂ ਹੋ ਸਕਦਾ ਹੈ ਹਾਦਸਾ
ਵਿਜੀਲੈਂਸ ਕਾਰਵਾਈ ਦੀ ਹੋਵੇਗੀ ਜਾਂਚ, ਹੁਣ ਸੋਮਵਾਰ ਨੂੰ ਮਾਲ ਅਧਿਕਾਰੀ ਰੁਟੀਨ ਦੇ ਕੰਮ ’ਤੇ ਪਰਤਣਗੇ
ਪੰਜਾਬ ਦੇ ਮਾਲ ਵਿਭਾਗ ਦੇ ਸੂਬਾ ਮੁਖੀ ਚੰਨੀ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਦੇ ਵਿਰੋਧ ਵਿਚ ਰੋਸ ਪ੍ਰਗਟ ਕਰਨ ਲਈ ਉਤਰੇ ਪੰਜਾਬ ਭਰ ਦੇ ਮਾਲ ਅਫਸਰਾਂ ਦੇ ਲਗਾਤਾਰ ਦੋ ਦਿਨਾਂ ਤੋਂ ਜਨਤਕ ਛੁੱਟੀ ’ਤੇ ਹੋਣ ਕਾਰਨ ਸੂਬੇ ਭਰ ਵਿਚ ਵਿਭਾਗੀ ਕੰਮਕਾਜ ਠੱਪ ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਦੀ ਕਾਰਵਾਈ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਉਂਕਿ ਜਿਥੇ ਵਿਜੀਲੈਂਸ ਵਿਭਾਗ ਚੰਨੀ ਨੂੰ ਰੰਗੇ ਹੱਥੀਂ ਫੜਨ ਦਾ ਦਾਅਵਾ ਕਰ ਰਿਹਾ ਹੈ, ਉਥੇ ਹੀ ਐਸੋਸੀਏਸ਼ਨ ਚੰਨੀ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦੇ ਰਹੀ ਹੈ।
ਮਾਮਲਾ ਲਟਕਦਾ ਦੇਖ ਕੇ ਸਰਕਾਰ ਵੱਲੋਂ ਜਾਂਚ ਮਾਰਕ ਕਰਨ ਤੋਂ ਬਾਅਦ ਹੁਣ ਪੰਜਾਬ ਆਫੀਸਰਜ਼ ਰੈਵੇਨਿਊ ਐਸੋਸੀਏਸ਼ਨ ਨੇ ਸਮੂਹਿਕ ਛੁੱਟੀ ਵਧਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਸ਼ਨੀਵਾਰ ਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਹੁਣ ਸੂਬੇ ਭਰ ਦੇ ਸਮੂਹ ਮਾਲ ਅਧਿਕਾਰੀ 2 ਦਸੰਬਰ ਨੂੰ ਕੰਮ ’ਤੇ ਪਰਤਣਗੇ, ਜਿਸ ਕਾਰਨ ਸੋਮਵਾਰ ਤੋਂ ਸਾਰੇ ਵਿਭਾਗੀ ਕੰਮ ਰੁਟੀਨ ਵਾਂਗ ਸ਼ੁਰੂ ਹੋ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8