ਪਿਛਲੇ ਸਾਲ ਦੇ ਮੁਕਾਬਲੇ 3 ਕਰੋੜ ਘੱਟ ਪ੍ਰਾਪਤ ਹੋਵੇਗਾ ਸਰਕਾਰ ਨੂੰ ਸ਼ਰਾਬ ਠੇਕਿਆਂ ਤੋਂ ਮਾਲੀਆ
Tuesday, Mar 27, 2018 - 02:09 AM (IST)

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਪਿਛਲੇ ਸਾਲ ਦੇ ਮੁਕਾਬਲੇ ਜ਼ਿਲਾ ਮੋਗਾ ਦੇ ਠੇਕਿਆਂ ਤੋਂ ਪੰਜਾਬ ਸਰਕਾਰ ਨੂੰ 3 ਕਰੋੜ ਰੁਪਏ ਦੀ ਘੱਟ ਆਮਦਨ ਇਕੱਠੀ ਹੋਵੇਗੀ, ਜਦਕਿ ਪਿਛਲੇ ਸਾਲ 116 ਕਰੋੜ ਰੁਪਏ 'ਚ ਠੇਕਿਆਂ ਦੀ ਅਲਾਟਮੈਂਟ ਹੋਈ ਸੀ। ਇਸ ਵਾਰ ਜ਼ਿਲੇ ਭਰ ਦੇ 266 ਠੇਕਿਆਂ ਦੀ ਸਾਲ 2018-19 ਲਈ ਅਲਾਟਮੈਂਟ 113 ਕਰੋੜ ਰੁਪਏ 'ਚ ਹੋਈ ਹੈ।
ਠੇਕਿਆਂ ਦੀ ਅਲਾਟਮੈਂਟ ਸਬੰਧੀ ਅੱਜ ਇਥੇ ਵਿੰਡਸਰ ਗਾਰਡਨ ਦੁੱਨੇਕੇ 'ਚ ਕਰਵਾਏ ਗਏ ਪ੍ਰੋਗਰਾਮ 'ਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਪਹਿਲਾਂ ਪਰਚੀਆਂ ਲਾਟਰੀ ਸਿਸਟਮ ਰਾਹੀਂ ਕੱਢ ਕੇ ਠੇਕਿਆਂ ਦੀ ਅਲਾਟਮੈਂਟ ਦੀ ਸ਼ੁਰੂਆਤ ਕੀਤੀ।
ਇਕੱਤਰ ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਨੇ 266 ਠੇਕਿਆਂ ਨੂੰ ਵੱਖ-ਵੱਖ 23 ਗਰੁੱਪਾਂ 'ਚ ਵੰਡ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸ਼ਰਾਬ 'ਤੇ ਲਾਈ ਐਕਸਾਈਜ਼ ਡਿਊਟੀ ਨੂੰ ਪਹਿਲਾਂ ਤੋਂ ਘੱਟ ਕਰ ਦਿੱਤਾ ਹੈ, ਜਿਸ ਕਾਰਨ ਸ਼ਰਾਬ ਦੀ ਪ੍ਰਤੀ ਬੋਤਲ 20 ਤੋਂ 30 ਰੁਪਏ ਦੇਸੀ ਅਤੇ 30 ਤੋਂ 50 ਰੁਪਏ ਤੱਕ ਅੰਗਰੇਜ਼ੀ ਸ਼ਰਾਬ ਸਸਤੀ ਹੋਣ ਲਈ ਵੀ ਰਸਤਾ ਪੱਧਰ ਹੋ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਨੇ ਮੋਗਾ ਲਈ 113 ਕਰੋੜ ਰੁਪਏ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਕੁੱਝ ਜ਼ਰੂਰੀ ਬਦਲਾਅ ਕਰ ਕੇ ਇਸ ਨੂੰ ਆਸਾਨ ਦੱਸਿਆ ਹੈ। 266 ਠੇਕਿਆਂ ਲਈ 480 ਠੇਕੇਦਾਰਾਂ ਨੇ ਐਕਸਾਈਜ਼ ਵਿਭਾਗ ਕੋਲ ਅਪਲਾਈ ਕੀਤਾ ਸੀ ਅਤੇ ਹਰ ਅਰਜ਼ੀ ਦੇਣ ਵਾਲੇ ਨੇ 18 ਹਜ਼ਾਰ ਰੁਪਏ ਨਾ ਰਿਫੰਡ ਹੋਣ ਵਾਲੀ ਫੀਸ ਵੀ ਭਰੀ ਸੀ ਅਤੇ ਇਨ੍ਹਾਂ ਅਰਜ਼ੀਆਂ ਨਾਲ 86,40,000 ਰੁਪਏ ਇਕੱਠੇ ਹੋਏ ਹਨ।