ਮਹਿੰਗੀਆਂ ਕਿਤਾਬਾਂ ਤੇ ਫੀਸ ਵਾਧੇ ਵਿਰੁੱਧ ਕੀਤਾ ਰੋਸ ਪ੍ਰਗਟ
Thursday, Apr 12, 2018 - 12:52 AM (IST)

ਨਾਭਾ, (ਗੋਇਲ, ਭੂਪਾ)- ਪ੍ਰਾਈਵੇਟ ਸਕੂਲ ਪੇਰੈਂਟਸ ਵੈੱਲਫੇਅਰ ਐਸੋ. ਦੀ ਮੀਟਿੰਗ ਪ੍ਰਧਾਨ ਸੁਰਿੰਦਰ ਗਰੇਵਾਲ ਦੀ ਪ੍ਰਧਾਨਗੀ ਹੇਠ ਕਾਲਜ ਸਟੇਡੀਅਮ ਵਿਚ ਹੋਈ। ਇਸ ਮੌਕੇ ਵੱਖ-ਵੱਖ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਹਿੱਸਾ ਲਿਆ।
ਮੀਟਿੰਗ ਵਿਚ ਸਿਲੇਬਸ 'ਚ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਮਹਿੰਗੀਆਂ ਕਿਤਾਬਾਂ ਸ਼ਾਮਲ ਕਰਨ ਅਤੇ ਪ੍ਰਾਈਵੇਟ ਸਕੂਲਾਂ ਵੱਲੋਂ ਰੈਗੂਲੇਟਰੀ ਫੀਸ ਐਕਟ ਦੀ ਉਲੰਘਣਾ ਬਾਰੇ ਚਰਚਾ ਕੀਤੀ ਗਈ। ਰੈਗੂਲੇਟਰੀ ਬਾਡੀ ਦੀ ਮਨਜ਼ੂਰੀ ਤੋਂ ਬਿਨਾਂ ਫੀਸ ਵਾਧੇ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਐਸੋ. ਨੇ ਦੱਸਿਆ ਕਿ ਨਾਜਾਇਜ਼ ਫੀਸ ਵਾਧੇ ਨੂੰ ਲੈ ਕੇ ਰੈਗੂਲੇਟਰੀ ਬਾਡੀ ਵਿਚ ਕੇਸ ਕੀਤਾ ਹੋਇਆ ਹੈ ਪਰ ਹੁਣ ਤੱਕ ਕਿਸੇ ਵੀ ਸਕੂਲ ਦੇ ਫੀਸ ਵਾਧੇ ਨੂੰ ਲੈ ਕੇ ਫੈਸਲਾ ਨਹੀਂ ਕੀਤਾ ਹੈ ਜੋ ਕਿ ਐਕਟ ਦੀ ਉਲੰਘਣਾ ਹੈ। ਐਸੋ. ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੇ ਫੀਸ ਵਾਧੇ ਦੇ ਫੈਸਲੇ ਨੂੰ ਵਾਪਸ ਲੈਣ ਦੇ ਹੁਕਮ ਨਾ ਦਿੱਤੇ ਤਾਂ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਚੰਦਨ ਗੋਇਲ, ਪੁਨੀਤ ਗਰਗ ਤੇ ਭਵਨੀਸ਼ ਮਿੱਤਲ ਆਦਿ ਹਾਜ਼ਰ ਸਨ।