ਵੱਡੀ ਖ਼ਬਰ ; ਜੰਗਬੰਦੀ ਮਗਰੋਂ ਅੱਜ ਤੋਂ ਮੁੜ ਸ਼ੁਰੂ ਹੋਵੇਗੀ ਰਿਟ੍ਰੀਟ ਸੈਰੇਮਨੀ
Tuesday, May 20, 2025 - 10:10 AM (IST)

ਤਰਨਤਾਰਨ (ਰਮਨ)- ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਸੀ, ਜਿਸ ਦੌਰਾਨ ਦੋਵਾਂ ਦੇਸ਼ਾਂ ਨੇ ਇਕ ਦੂਜੇ 'ਤੇ ਸਖ਼ਤ ਪਾਬੰਦੀਆਂ ਲਗਾਉਣ ਤੋਂ ਇਲਾਵਾ ਵੱਡੇ ਪੱਧਰ 'ਤੇ ਸੈਨਿਕ ਕਾਰਵਾਈ ਵੀ ਕੀਤੀ ਸੀ। ਇਸ ਦੌਰਾਨ ਭਾਰਤ-ਪਾਕਿ ਨੇ ਸਰਹੱਦ 'ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ।
ਹੁਣ ਜਦੋਂ ਜੰਗਬੰਦੀ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਹਾਲਤ ਸਥਿਰ ਹਨ ਤਾਂ ਦੋਵਾਂ ਦੇਸ਼ਾਂ ਵਿਚਾਲੇ ਰਿਟ੍ਰੀਟ ਸੈਰੇਮਨੀ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ। ਅਟਾਰੀ-ਵਾਹਗਾ, ਹੁਸੈਨੀਵਾਲਾ ਤੇ ਸਾਦਕੀ ਬਾਰਡਰ 'ਤੇ ਰਿਟ੍ਰੀਟ ਸੈਰੇਮਨੀ ਅੱਜ ਸ਼ਾਮ 6 ਵਜੇ ਸ਼ੁਰੂ ਹੋ ਜਾਵੇਗੀ। ਹਾਲਾਂਕਿ ਅੱਜ ਦੇ ਦਿਨ ਸਿਰਫ਼ ਮੀਡੀਆ ਨਾਲ ਜੁੜੇ ਲੋਕ ਹੀ ਇਸ 'ਚ ਸ਼ਾਮਲ ਹੋ ਸਕਣਗੇ, ਜਦਕਿ ਭਲਕੇ (ਬੁੱਧਵਾਰ) ਤੋਂ ਆਮ ਲੋਕ ਵੀ ਪਹਿਲਾਂ ਵਾਂਗ ਰਿਟ੍ਰੀਟ ਸੈਰੇਮਨੀ ਦੇਖਣ ਜਾ ਸਕਣਗੇ। ਇਸ ਤੋਂ ਇਲਾਵਾ ਸਰਹੱਦ ਪਾਰ ਖੇਤਾਂ 'ਚ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਲਈ ਕੰਡਿਆਲੀਆਂ ਤਾਰਾਂ ਵੀ ਹਟਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- 50 ਫ਼ੀਸਦੀ ਤੱਕ ਮਹਿੰਗੀ ਹੋ ਜਾਵੇਗੀ ਪ੍ਰਾਪਰਟੀ ! ਭਲਕੇ ਤੋਂ ਜਾਰੀ ਹੋ ਜਾਣਗੇ ਨਵੇਂ ਕੁਲੈਕਟਰ ਰੇਟ
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 26 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਦਾ ਬਦਲਾ ਲੈਣ ਲਈ ਭਾਰਤ ਨੇ 6 ਮਈ ਦੀ ਰਾਤ ਨੂੰ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਤੇ ਪਾਕਿਸਤਾਨ ਸਥਿਤ 9 ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਇਸ ਮਗਰੋਂ ਦੋਵਾਂ ਦੇਸ਼ਾਂ ਨੇ ਰਿਟ੍ਰੀਟ ਸੈਰੇਮਨੀ ਬੰਦ ਕਰਨ ਤੋਂ ਇਲਾਵਾ ਇਕ ਦੂਜੇ 'ਤੇ ਸਖ਼ਤ ਪਾਬੰਦੀਆਂ ਵੀ ਲਗਾਈਆਂ ਸਨ। ਹਾਲਾਂਕਿ 10 ਮਈ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ ਜੰਗਬੰਦੀ ਲਈ ਸਹਿਮਤ ਹੋ ਗਈਆਂ ਸਨ, ਜਿਸ ਮਗਰੋਂ ਮਾਹੌਲ ਸ਼ਾਂਤ ਹੋਣ ਕਾਰਨ ਰੀਟ੍ਰੀਟ ਸੈਰੇਮਨੀ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e