ਪੰਚਾਇਤੀ ਚੋਣਾਂ ਦੇ ਨਤੀਜਿਆਂ ਨੇ 2027 ਦੀ ਜਿੱਤ ਲਈ ਰਾਹ ਪੱਧਰਾ ਕੀਤੈ : ਧਾਲੀਵਾਲ

Sunday, Oct 20, 2024 - 06:24 PM (IST)

ਅਜਨਾਲਾ, (ਫਰਿਆਦ)- ਅਜਨਾਲਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਹਮਾਇਤ ਨਾਲ ਬਣੀਆਂ 155 ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਦੇ ਮਾਣ ਸਨਮਾਨ ਵਿੱਚ ਕਰਵਾਏ ਫਤਿਹ ਸਨਮਾਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਤ ਲਈ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਫਤਵਾ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਅਸੀਂ ਨਾ ਕਿਸੇ ਦੇ ਕਾਗਜ਼ ਰੱਦ ਕਰਵਾਏ, ਨਾ ਕਿਸੇ ਉੱਤੇ ਪਰਚੇ ਕਰਵਾਏ, ਇਹ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਚੁਣੇ ਹਨ। 

ਇਸ ਮੌਕੇ ਉਨ੍ਹਾਂ ਅਜਨਾਲਾ ਹਲਕੇ ਦੀ ਗੱਲ ਕਰਦੇ ਹੋਏ ਕਿਹਾ ਕਿ ਮੈਂ ਪਿਛਲੇ ਕਰੀਬ ਢਾਈ ਸਾਲਾਂ ਵਿੱਚ 325 ਕਰੋੜ ਰੁਪਏ ਅਜਨਾਲਾ ਹਲਕੇ ਦੇ ਵਿਕਾਸ ਉੱਤੇ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਹੀ ਮੁੱਖ ਮੰਤਰੀ ਪੰਜਾਬ ਨੇ 2400 ਕਰੋੜ ਰੁਪਇਆ ਪੰਜਾਬ ਭਰ ਵਿੱਚ ਸੜਕਾਂ ਬਣਾਉਣ ਲਈ ਜਾਰੀ ਕੀਤਾ ਹੈ, ਜਿਸ ਵਿੱਚੋਂ ਅਜਨਾਲਾ ਹਲਕੇ ਨੂੰ 60 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਮੁਖਾਤਬ ਹੁੰਦੇ ਕਿਹਾ ਕਿ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਵਿਕਾਸ ਕਰੋ, ਸਰਕਾਰੀ ਦਫਤਰਾਂ ਵਿੱਚ ਤੁਹਾਡਾ ਮਾਨ ਸਨਮਾਨ ਪੂਰਾ ਹੋਵੇਗਾ ਅਤੇ ਜਿੱਥੇ ਵੀ ਕੋਈ ਲਾਪਰਵਾਹੀ ਹੋਈ ਉੱਥੇ ਕਾਰਵਾਈ ਕਰਾਂਗੇ।

PunjabKesari

ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੇਤੂ ਪੰਚਾਇਤਾਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਹਾਡੀ ਜਿੱਤ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ, ਜੋ ਕਹਿੰਦੇ ਸਨ ਕਿ ਸਾਡਾ ਪਿੰਡਾਂ ਵਿੱਚ ਕੇਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਿੱਧ ਕਰ ਦਿੱਤਾ ਹੈ ਕਿ ਲੋਕ ਵਿਕਾਸ ਚਾਹੁੰਦੇ ਹਨ ਨਾ ਕਿ ਗੱਲਾਂ ਦਾ ਕੜਾਹ। ਇਸ ਮੌਕੇ ਉਨ੍ਹਾਂ ਕਿਹਾ ਕਿ ਤੁਸੀਂ ਸਰਕਾਰ ਦੀਆਂ ਨੀਤੀਆਂ ਉੱਤੇ ਚੱਲਦੇ ਹੋਏ ਵਿਕਾਸ ਦੇ ਮੁੱਦੇ ਉੱਤੇ ਚੋਣ ਲੜੀ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਪੰਚਾਂ ਸਰਪੰਚਾਂ ਨੂੰ ਕਿਹਾ ਕਿ ਹੁਣ ਤੁਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰੋ, ਪਿੰਡਾਂ ਦੀ ਦਿਸ਼ਾ ਅਤੇ ਦਸ਼ਾ ਸਵਾਰੋ, ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਓ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰੋ ਅਤੇ ਪਾਣੀ ਬਚਾਉਣ ਦੇ ਉਪਰਾਲੇ ਪਿੰਡਾਂ ਵਿੱਚ ਕਰੋ।

ਇਸ ਮੌਕੇ ਸੰਬੋਧਨ ਕਰਦੇ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਤੁਸੀਂ ਪਿਛਲੀਆਂ ਸਰਕਾਰਾਂ ਦੀ ਰੀਸ ਨਹੀਂ ਕਰਨੀ ਬਲਕਿ ਕੰਮ ਕਰਨਾ ਹੈ। ਕਿਸੇ ਵੀ ਪਿੰਡ ਵਾਸੀ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਹੁਣ ਪਿੰਡਾਂ ਦੀ ਸਰਕਾਰ ਹੋ, ਪਿੰਡ ਦਾ ਸਰਪੰਚ ਪਿੰਡ ਦਾ ਮੁੱਖ ਮੰਤਰੀ ਦੀ ਤਾਕਤ ਰੱਖਦਾ ਹੈ ਅਤੇ ਪਿੰਡ ਦੀ ਗ੍ਰਾਮ ਸਭਾ ਲੋੜ ਅਨੁਸਾਰ ਆਪਣੇ ਕਾਇਦੇ ਕਾਨੂੰਨ ਵੀ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪੰਚਾਂ-ਸਰਪੰਚਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਪੰਚਾਇਤ ਪ੍ਰਕਾਸ਼ ਨਾਮ ਦਾ ਕਿਤਾਬਚਾ ਜਾਰੀ ਕਰਕੇ ਪੰਚਾਂ-ਸਰਪੰਚਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਕਾਨੂੰਨੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਖ਼ੀਰ ਵਿੱਚ ਪੰਚਾਂ ਤੇ ਸਰਪੰਚਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਨ ਦੌਰਾਨ ਹਲਕੇ ਵਿੱਚ ਸਭ ਤੋਂ ਵੱਡੀ ਲੀਡ ਨਾਲ ਜੇਤੂ ਰਹੇ ਪਿੰਡ ਨਵਾਂ ਡੱਲਾ ਦੇ ਸਰਪੰਚ ਸੋਨੂੰ ਸਿੰਘ ਨੂੰ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
  
ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਗੁਰਸ਼ਰਨ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ, ਓ.ਐੱਸ.ਡੀ. ਰਾਜੀਵ ਮਦਾਨ, ਓ.ਐੱਸ.ਡੀ. ਗੁਰਜੰਟ ਸਿੰਘ ਸੋਹੀ, ਚੇਅਰਮੈਨ ਅਸ਼ੋਕ ਤਲਵਾਰ, ਚੇਅਰਮੈਨ ਜਸਪ੍ਰੀਤ ਸਿੰਘ, ਤਲਬੀਰ ਸਿੰਘ ਗਿੱਲ, ਲੋਕ ਸਭਾ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਭੁੱਲਰ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਅਜਨਾਲਾ ਸ਼ਹਿਰੀ ਦੇ ਪ੍ਰਧਾਨ ਅਮਿਤ ਔਲ ਤੋਂ ਇਲਾਵਾ ਵੱਡੀ ਗਿਣਤੀ 'ਚ ਪੰਚ ਤੇ ਸਰਪੰਚ ਹਾਜ਼ਰ ਸਨ।


Rakesh

Content Editor

Related News