ਵਿਦੇਸ਼ਾਂ ਦੇ ਗੁਰਦੁਆਰਿਆਂ ''ਚ ਪਾਬੰਦੀ ਮੋਦੀ ਤੇ ਕੈਪਟਨ ਦੇ ਰਵੱਈਏ ਦਾ ਨਤੀਜਾ : ਭਾਈ ਮੋਹਕਮ ਸਿੰਘ

Saturday, Jan 13, 2018 - 01:49 AM (IST)

ਚੰਡੀਗੜ੍ਹ (ਭੁੱਲਰ) - ਯੂਨਾਈਟਿਡ ਅਕਾਲੀ ਦਲ ਨੇ ਵਿਦੇਸ਼ਾਂ ਦੇ ਗੁਰਦੁਆਰਿਆਂ ਵਿਚ ਸਿੱਖ ਪ੍ਰਬੰਧਕ ਕਮੇਟੀਆਂ ਵਲੋਂ ਭਾਰਤੀ ਅਧਿਕਾਰੀਆਂ 'ਤੇ ਲਾਈ ਗਈ ਪਾਬੰਦੀ ਨੂੰ ਜਾਇਜ਼ ਠਹਿਰਾਇਆ ਹੈ। ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਹਰ ਵਸਦੇ ਸਿੱਖਾਂ ਪ੍ਰਤੀ ਅਪਣਾਏ ਗਏ ਰਵੱਈਏ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਦਾ ਮਸਲਾ ਵੀ ਅਜੇ ਬਰਕਰਾਰ ਹੈ, ਜਿਸ ਵੱਲ ਦੇਸ਼ ਦੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਕੈਪਟਨ ਸਰਕਾਰ ਕੇਂਦਰ 'ਤੇ ਦਬਾਅ ਬਣਾ ਰਹੀ ਹੈ।
ਭਾਈ ਮੋਹਕਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਵਰ੍ਹਦਿਆਂ ਕਿਹਾ ਕਿ ਸੁਖਬੀਰ ਬਾਦਲ ਵਰਗੇ ਆਗੂਆਂ ਨੂੰ ਸੱਤਾ 'ਚੋਂ ਬਾਹਰ ਹੋਣ ਤੋਂ ਬਾਅਦ ਹੀ ਸਿੱਖੀ ਦੀ ਯਾਦ ਆਉਂਦੀ ਹੈ ਅਤੇ ਜਦੋਂ ਉਹ ਸੱਤਾ ਵਿਚ ਹੁੰਦੇ ਹਨ ਤਾਂ ਸਿੱਖ ਮਰਿਆਦਾ ਤੇ ਸਿਧਾਂਤ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖੀ ਦਾ ਜਿੰਨਾ ਘਾਣ ਬਾਦਲ ਸਰਕਾਰ ਦੇ ਸਮੇਂ ਵਿਚ ਹੋਇਆ ਹੈ, ਓਨਾ ਕਿਸੇ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲਈ ਹੁਣ ਮੌਕਾ ਹੈ ਕਿ ਉਹ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਆਗੂਆਂ ਨੂੰ ਫੜ ਕੇ ਜੇਲਾਂ 'ਚ ਸੁੱਟੇ ਤੇ ਲੋਕਾਂ ਦਾ ਪੈਸਾ ਵਾਪਸ ਕਰਵਾ ਕੇ ਜਨਹਿਤ ਲਈ ਵਰਤੇ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ 4 ਫਰਵਰੀ ਨੂੰ ਅੰਮ੍ਰਿਤਸਰ ਵਿਚ ਧਰਮਯੁੱਧ ਕਾਨਫਰੰਸ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸਭ ਵਰਗਾਂ ਨੂੰ ਨਾਲ ਲੈ ਕੇ ਅਮਨ ਤੇ ਭਾਈਚਾਰਾ ਕਾਇਮ ਰੱਖਦਿਆਂ ਲੋਕਤੰਤਰੀ ਤਰੀਕੇ ਨਾਲ ਲੜਾਈ ਲੜੇਗੀ। ਪ੍ਰੈੱਸ ਕਾਨਫਰੰਸ 'ਚ ਪਾਰਟੀ ਦੇ ਉਪ ਪ੍ਰਧਾਨ ਜਥੇਦਾਰ ਗੁਰਨਾਮ ਸਿੰਘ ਸਿੱਧੂ ਅਤੇ ਕੋਰ ਕਮੇਟੀ ਦੇ ਮੈਂਬਰ ਡਾ. ਭਗਵਾਨ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਲੰਬਾ ਸਮਾਂ ਸਿਮਰਨਜੀਤ ਸਿੰਘ ਮਾਨ ਨਾਲ ਕੰਮ ਕਰ ਚੁੱਕੇ ਅਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਨਾਲ ਅਕਾਲੀ ਦਲ 'ਚ ਰਹੇ ਨੌਜਵਾਨ ਆਗੂ ਇੰਦਰਪ੍ਰੀਤ ਸਿੰਘ ਗੋਗਾ ਨੂੰ ਭਾਈ ਮੋਹਕਮ ਸਿੰਘ ਨੇ ਯੂਨਾਈਟਿਡ ਅਕਾਲੀ ਦਲ ਵਿਚ ਸ਼ਾਮਲ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸੇ ਦੌਰਾਨ ਪਾਰਟੀ ਦੇ ਕਈ ਅਹੁਦੇਦਾਰਾਂ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ ਗਿਆ। ਇਨ੍ਹਾਂ ਵਿਚ ਸੁਖਦੇਵ ਸਿੰਘ ਕਾਹਲੋਂ ਨੂੰ ਚੰਡੀਗੜ੍ਹ ਸ਼ਹਿਰੀ ਦਾ ਪ੍ਰਧਾਨ, ਹਰਮੇਸ਼ ਸਿੰਘ ਕਜਹੇੜੀ ਨੂੰ ਦਿਹਾਤੀ ਦਾ ਪ੍ਰਧਾਨ, ਕਰਮ ਸਿੰਘ ਨੂੰ ਮਨੀ
ਮਾਜਰਾ, ਪਰਮਜੀਤ ਸਿੰਘ ਗਿੱਲ ਨੂੰ ਮੋਹਾਲੀ ਸ਼ਹਿਰੀ, ਨਾਇਬ ਸਿੰਘ ਨੂੰ ਮੋਹਾਲੀ ਦਿਹਾਤੀ, ਲਹਿਣਾ ਸਿੰਘ ਡੇਰਾ ਬੱਸੀ, ਅਮਰਜੀਤ ਸਿੰਘ ਖਾਲਸਾ ਨੂੰ ਯੂਥ ਵਿੰਗ ਦਾ ਪ੍ਰਧਾਨ ਅਤੇ ਖੁਸ਼ਹਾਲ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।


Related News