ਦਰਿਆ ’ਚ ਫਸੇ ਲੋਕਾਂ ਨੂੰ 7 ਘੰਟਿਅਾਂ ਬਾਅਦ ਕੱਢਿਆ ਬਾਹਰ

Monday, Aug 13, 2018 - 11:26 PM (IST)

ਨਵਾਂਸ਼ਹਿਰ, (ਤ੍ਰਿਪਾਠੀ)-ਹਿਮਾਚਲ ਪ੍ਰਦੇਸ਼ ਵਿਚ ਪਏ ਭਾਰੀ ਮੀਂਹ  ਕਾਰਨ  ਨੰਗਲ ਡੈਮ ਵਿਚ ਵਧੇ ਪਾਣੀ ਦੇ ਪੱਧਰ  ਕਾਰਨ ਡੈਮ ਅਥਾਰਟੀ ਵੱਲੋਂ  ਅਚਨਚੇਤ ਛੱਡੇ  ਪਾਣੀ ਨਾਲ ਨਵਾਂਸ਼ਹਿਰ ਦੇ ਖੇਤਰ ਤੋਂ ਲੰਘਦੇ ਸਤਲੁਜ ਦਰਿਆ ਵਿਚ ਪਿੰਡ ਸੈਦਪੁਰ ਦੇ ਨੇਡ਼ੇ ਦੁਧਾਰੂ ਪਸ਼ੁੂ ਪਾਲਣ ਵਾਲੇ ਗੁੱਜਰ ਭਾਈਚਾਰੇ ਦੀਆਂ  3 ਅੌਰਤਾਂ ਸਮੇਤ  4 ਵਿਅਕਤੀ  ਪਾਣੀ ਵਿਚ ਘਿਰ ਗਏ।  ਜਿਨ੍ਹਾਂ  ਨੂੰ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਦੇਰ ਰਾਤ ਰੈਸਕਿਊ ਆਪ੍ਰੇਸ਼ਨ ਕਰ ਕੇ ਬਾਹਰ ਕੱਢਿਆ ਗਿਆ।  
ਚੌਕੀ ਇੰਚਾਰਜ ਦੀਆਂ ਕੋਸ਼ਿਸ਼ਾਂ ਨਾਲ ਚਲਾਇਆ  ਰੈਸਕਿਊ ਆਪ੍ਰੇਸ਼ਨ 
ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਸੁਰੱਖਿਅਤ ਬਾਹਰ ਕੱਢੇ ਮੁਹੰਮਦ ਮਿਸਰ, ਰੂਬੀਆ, ਜੂਨਾ ਬੇੇਗਮ ਤੇ ਕਰੀਮੀ ਬੇਗਮ  ਨੇ ਦੱਸਿਆ ਕਿ ਉਹ  ਸਵੇਰੇ ਕਰੀਬ 50-60 ਪਸ਼ੂ  ਚਰਾਉਣ ਲਈ ਲੈ ਕੇ ਸਤਲੁਜ ਦਰਿਆ ਵਿਚ ਗਏ ਸਨ। ਉਸ ਸਮੇਂ ਦਰਿਆ ਵਿਚ ਪਾਣੀ ਨਾਮਾਤਰ  ਸੀ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ  ਬਾਅਦ ਕਰੀਬ ਪੌਣੇ 4 ਵਜੇ ਇਕਦਮ  ਦਰਿਆ ਵਿਚ ਪਾਣੀ ਵਧਣ ਲੱਗ ਪਿਆ। ਇਸ ਦੌਰਾਨ ਉਨ੍ਹਾਂ ਕਾਹਲੀ ਨਾਲ  ਆਪਣੇ ਪਸ਼ੂਆਂ  ਨੂੰ ਦਰਿਆ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਪਰ ਉਹ ਦਰਿਆ  ਦੇ ਵਧੇ ਪਾਣੀ ਵਿਚ ਫਸ ਗਏ ਜਿਸ ਕਾਰਨ ਦਰਿਆ ਵਿਚ ਇਕ ਉੱਚੇ ਸਥਾਨ ’ਤੇ ਸਹਾਰਾ ਲੈ ਕੇ ਮਦਦ ਦਾ ਇੰਤਜ਼ਾਰ ਕਰਨ ਲੱਗੇ,  ਜਦੋਂ ਕਿ ਉਨ੍ਹਾਂ ਦੇ ਪਸ਼ੂਆਂ ਵਿਚੋਂ 2-3 ਛੋਟੇ ਵੱਛਡ਼ੇ  ਲਾਪਤਾ  ਹਨ। ਉਕਤ ਸਾਰੀ ਘਟਨਾ ਦੀ ਜਾਣਕਾਰੀ ਉਨ੍ਹਾਂ ਦੇ ਡੇਰੇ ਦੇ ਲੋਕਾਂ ਨੇ ਪੁਲਸ ਚੌਕੀ ਸ਼ੇਖਾ ਮਜਾਰਾ ਏ. ਐੱਸ. ਆਈ. ਗੁਰਬਖਸ਼ ਸਿੰਘ ਨੂੰ ਦਿੱਤੀ। ਜਿਨ੍ਹਾਂ  ਨੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਦੇਰ ਰਾਤ ਕਿਸ਼ਤੀ ਰਾਹੀਂ ਦਰਿਆ ’ਚੋਂ ਬਾਹਰ ਕੱਢਿਆ।  ਸੂਚਨਾ ਮਿਲਦੇ ਹੀ ਐੱਸ. ਡੀ. ਐੱਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਡੀ. ਐੱਸ. ਪੀ. ਮੁਖਤਿਆਰ ਸਿੰਘ, ਐੱਸ. ਐੱਚ. ਓ. ਸਦਰ ਨਵਾਂਸ਼ਹਿਰ ਸੁਭਾਸ਼ ਬਾਠ ਅਤੇ ਐੱਸ. ਐੱਚ. ਓ. ਰਾਹੋਂ ਸਹਿਤ ਪੁਲਸ ਟੀਮ ਵੀ ਮੌਕੇ ’ਤੇ ਪਹੁੰਚ ਗਈ। 
 ਮਿਲਟਰੀ ਦੀ ਗੱਡੀ ਅਤੇ ਸਾਮਾਨ ਤੇਜ਼ ਵਹਾਅ ’ਚ ਰੁੜ੍ਹਿਆ 
 ਸਤਲੁਜ ਦਰਿਆ ਵਿਚ ਅਸਥਾਈ ਪੁਲ ਬਣਾਉਣ ਵਾਲੇ ਮਿਲਟਰੀ ਦੇ ਜਵਾਨਾਂ  ਦਾ ਸਾਮਾਨ ਵੀ ਅਚਾਨਕ  ਵਧੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ।   ਜਾਣਕਾਰੀ ਅਨੁਸਾਰ ਮਿਲਟਰੀ ਦੀ ਇਕ ਗੱਡੀ ਵੀ  ਹੁਣ ਤੱਕ  ਪਾਣੀ ਵਿਚ ਫਸੀ ਹੋਈ ਹੈ।  ਇਸ ਸਬੰਧੀ ਜਦੋਂ ਇਕ ਪ੍ਰਬੰਧਕੀ ਅਧਿਕਾਰੀ ਨਾਲ  ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਜ਼ਰੂਰ ਮਿਲੀ ਹੈ ਪਰ ਆਰਮੀ ਵੱਲੋਂ ਕੋਈ ਜਾਣਕਾਰੀ ਹੁਣ ਤੱਕ ਨਹੀਂ ਮਿਲੀ ,  ਜਿਸ ਕਰ ਕੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। 


Related News