ਆਪਣੀਆਂ ਮੰਗਾਂ ਨੂੰ ਲੈ ਕੇ ਲੁਧਿਆਣਾ 'ਚ ਕਿਸਾਨਾਂ ਦਾ ਪ੍ਰਦਰਸ਼ਨ
Thursday, Feb 21, 2019 - 02:19 PM (IST)
ਲੁਧਿਆਣਾ (ਸਲੂਜਾ,ਅਭਿਸ਼ੇਕ)—ਕਿਸਾਨੀ ਕਰਜ਼ਿਆਂ ਨੂੰ ਲੈ ਕੇ ਬੈਂਕਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਦੇ ਰੋਸ ਵਜੋਂ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਮੋਰਚਾ ਲਾਈ ਬੈਠੇ ਕਿਸਾਨ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਤੇਵਰ ਬੀਤੇ ਕੱਲ ਤੋਂ ਅੱਜ ਤਿੱਖੇ ਨਜ਼ਰ ਆਏ।
ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਦੀ ਬੀਤੀ ਸ਼ਾਮ ਪੰਜਾਬ ਦੇ ਸਹਿਕਾਰਤਾ ਮੰਤਰੀ ਐੱਸ. ਐੱਸ. ਰੰਧਾਵਾ ਨਾਲ ਮੀਟਿੰਗ ਹੋਈ ਪਰ ਇਸ ਮੀਟਿੰਗ ਦੇ ਬੇਨਤੀਜਾ ਰਹਿਣ 'ਤੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਤੇ ਕਿਸਾਨ ਬੀਬੀਆਂ ਨੇ ਸੜਕਾਂ 'ਤੇ ਉਤਰਦੇ ਹੀ ਸਥਾਨਕ ਫਿਰੋਜ਼ਪੁਰ ਰੋਡ 'ਤੇ ਚੱਕਾ ਜਾਮ ਕਰ ਦਿੱਤਾ। ਵਾਹਨਾਂ ਦੀਆਂ ਕਈ ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ। ਪੁਲਸ ਪ੍ਰਸ਼ਾਸਨ ਨੂੰ ਆਵਾਜਾਈ ਨੂੰ ਡਾਈਵਰਟ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕਿਸਾਨ ਆਗੂਆਂ ਮਨਜੀਤ ਸਿੰਘ ਧਨੇਰ, ਸ਼ਿੰਗਾਰਾ ਸਿੰਘ ਮਾਨ, ਗੁਰਮੀਤ ਸਿੰਘ ਮਹਿਮਾ, ਸਰਮੁਖ ਸਿੰਘ, ਭੁਪਿੰਦਰ ਸਿੰਘ ਲੌਂਗੋਵਾਲ ਤੇ ਸੌਦਾਗਰ ਸਿੰਘ ਘੁਡਾਣੀ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰਾਂ ਦੇ ਕੋਲ ਵੱਡੇ ਉਦਯੋਗਿਕ ਤੇ ਵਪਾਰੀ ਘਰਾਣਿਆਂ ਦੇ ਕਰਜ਼ਿਆਂ ਨੂੰ ਠੰਡੇ ਬਸਤੇ 'ਚ ਪਾਉਣ ਲਈ ਤਾਂ ਕਈ ਸਕੀਮਾਂ ਹਨ ਪਰ ਦੇਸ਼ ਦੇ ਅੰਨਦਾਤੇ ਜੋ ਦੇਸ਼ ਦੇ ਅਨਾਜ ਭੰਡਾਰ ਲਈ ਦਿਨ-ਰਾਤ ਖੇਤਾਂ 'ਚ ਖੂਨ-ਪਸੀਨਾ ਵਹਾਉਂਦੇ ਹਨ, ਉਨ੍ਹਾਂ ਨੂੰ ਕਰਜ਼ਿਆਂ 'ਚ ਕੁਝ ਰਾਹਤ ਦੇਣ ਦੀ ਬਜਾਏ ਉਸ ਦੀ ਜ਼ਮੀਨ ਦੀ ਕੁਰਕੀ ਅਤੇ ਜ਼ਲੀਲ ਕੀਤਾ ਜਾਣਾ ਲਗਾਤਾਰ ਜਾਰੀ ਹੈ। ਕਰਜ਼ੇ ਦੀ ਭਾਰੀ ਪੰਡ ਥੱਲੇ ਦੱਬਿਆ ਹੋਇਆ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਹੀ ਨਹੀਂ ਰਹੇਗਾ ਤਾਂ ਫਿਰ ਦੇਸ਼ ਦੇ ਲੋਕਾਂ ਦਾ ਭਵਿੱਖ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਨੇ ਉਸ ਸਮੇਂ ਸੁੱਖ ਦਾ ਸਾਹ ਲਿਆ, ਜਦੋਂ ਧਰਨਾਕਾਰੀ ਕਿਸਾਨਾਂ ਨੇ ਅੱਜ ਦਾ ਰੋਸ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ 22 ਫਰਵਰੀ ਨੂੰ ਸੰਘਰਸ਼ ਦੀ ਰਣਨੀਤੀ ਦੇ ਨਾਲ ਇਕ ਵਾਰ ਫਿਰ ਪੰਜਾਬ ਸਰਕਾਰ 'ਤੇ ਦਬਾਅ ਪਾਉਣ ਲਈ ਆਉਣਗੇ।