ਗਣਤੰਤਰ ਦਿਵਸ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ 'ਪੰਜਾਬ ਦੀ ਝਾਕੀ'
Wednesday, Jan 22, 2020 - 05:38 PM (IST)
ਚੰਡੀਗੜ/ਪਟਿਆਲਾ (ਪਰਮੀਤ) : ਗਣਤੰਤਰ ਦਿਵਸ 'ਤੇ ਰਾਜਧਾਨੀ ਦਿੱਲੀ ਵਿਚ ਹੁੰਦੀ ਪਰੇਡ ਵਿਚ ਇਸ ਵਾਰ ਪੰਜਾਬ ਦੀ ਝਾਕੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ। ਇਸ ਝਾਕੀ 'ਚ ਗੁਰੂ ਨਾਨਕ ਦੇਵ ਜੀ ਵੱਲੋਂ ਮਨੁੱਖਤਾ ਨੂੰ ਦਿੱਤੇ ਗਏ ਸੰਦੇਸ਼ 'ਤੇ ਆਧਾਰਿਤ ਮਾਡਲ ਤਿਆਰ ਕੀਤੇ ਗਏ ਹਨ। ਗੁਰੂ ਸਾਹਿਬ ਵੱਲੋਂ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦੇ ਉਪਦੇਸ਼ ਨੂੰ ਪ੍ਰਦਰਸ਼ਤ ਕਰਨ ਦੀ ਕੋਸ਼ਿਸ਼ ਝਾਕੀ ਰਾਹੀਂ ਕੀਤੀ ਗਈ ਹੈ ਤੇ ਇਹ ਤਤਕਾਲੀ ਸਮੇਂ 'ਤੇ ਝਾਤ ਪਆਏਗੀ।
ਜਾਣਕਾਰੀ ਮੁਤਾਬਕ ਸੰਪੂਰਨ ਝਾਕੀ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਵਿਆਪਕ ਸਿੱਖਿਆਵਾਂ ਦੀ ਇਕ ਅਧਿਆਤਮਕ ਅਤ ਪਵਿੱਤਰ ਆਭਾ ਪੇਸ਼ ਕਰਦੀ ਹੈ। ਟਰੈਕਟਰ ਵਾਲਾ ਭਾਗ ਇਕ ਵਿਸ਼ਾਲ ਅਦਭੁੱਤ ਹੱਥ ਤੋਂ ਸ਼ੁਰੂ ਹੁੰਦਾ ਹੈ, ਜਿਸ ਵਿਚ 'ਇਕ ਪਰਮਾਤਮਾ' ਦੇ ਸਿਧਾਂਤ ਨੂੰ ਦਰਸਾਇਆ ਗਿਆ ਹੈ। ਟਰੇਲਰ ਵਾਲੇ ਹਿੱਸੇ ਵਿਚ ਤਿੰਨ ਸਿਧਾਂਤ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਸ਼ਾਮਲ ਹਨ ਜੋ ਸਿੱਖ ਧਰਮ ਦਾ ਆਧਾਰ ਹੈ।ਟਰੇਲਰ ਦੇ ਪਹਿਲੇ ਹਿੱਸੇ ਵਿਚ 'ਕਿਰਤ ਕਰੋ' ਦੇ ਸੰਦੇਸ਼ ਨੂੰ ਚਿੱਤਰਿਤ ਕੀਤਾ ਗਿਆ ਹੈ ਜੋ ਕਿਸੇ ਵਿਅਕਤੀ, ਉਸਦੇ ਪਰਿਵਾਰ ਅਤੇ ਸਮਾਜ ਦੇ ਕਲਿਆਣ ਅਤੇ ਸੁਧਾਰ ਦੇ ਲਈ ਕਿਸੇ ਵਿਅਕਤੀ ਵੱਲੋਂ ਪਰਤਾਮਤਾ ਵੱਲੋਂ ਬਖਸ਼ਿਸ਼ ਕੀਤੇ ਕੌਸ਼ਲ, ਸਮਰਥਾਵਾਂ, ਪ੍ਰਤਿਭਾਵਾ ਅਤੇ ਸਖ਼ਤ ਮਿਹਨਤ ਦਾ ਪਾਲਣ ਕਰ ਕੇ ਇਕ ਈਮਾਨਦਾਰ ਪਵਿੱਤਰ ਅਤੇ ਸਮਰਪਿਤ ਜੀਵਨ ਜਿਊਣ ਨਾਲ ਸਬੰਧਤ ਹੈ। ਇਸ ਤੋਂ ਬਾਅਦ ਟਰੇਲਰ ਦੇ ਦੂਜੇ ਹਿੱਸੇ ਵਿਚ 'ਨਾਮ ਜਪੋ' ਨੂੰ ਦਰਸਾਇਆ ਗਿਆ ਹੈ। ਇਸ ਉਪਰੰਤ 'ਵੰਡ ਛਕੋ' 'ਤੇ ਆਧਾਰਿਤ ਪੇਸ਼ਕਾਰੀ ਸ਼ਾਮਲ ਕੀਤੀ ਗਈ ਹੈ। ਝਾਕੀ 'ਚ ਗੁਰਦੁਆਰਾ ਸਾਹਿਬ ਵੀ ਦਰਸਾਇਆ ਗਿਆ ਹੈ।
ਇਹ ਝਾਕੀ ਸਿਰਫ 60 ਸੈਕਿੰਡ ਰਾਜਪਥ 'ਤੇ ਹਾਜ਼ਰ ਦਰਸ਼ਕਾਂ ਅਤੇ ਸਤਿਕਾਰਯੋਗ ਹਸਤੀਆਂ ਦੇ ਅੱਗੋਂ ਲੰਘੇਗੀ ਤੇ ਇਸ ਮੌਕੇ ਅਧਿਆਤਮਕ ਆਨੰਦ ਵਿਚ ਲੀਨ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਿਚ ਹੱਥ ਜੋੜ ਕੇ ਸੀਸ ਝੁਕਾਇਆ ਜਾਵੇਗਾ।