ਜਲੰਧਰ ''ਚ ਗਣਤੰਤਰ ਦਿਵਸ ਦੇ ਜਸ਼ਨਾਂ ਲਈ ਜਾਰੀ ਕੀਤੇ ਗਏ ਇਹ ਦਿਸ਼ਾ-ਨਿਰਦੇਸ਼
Monday, Jan 18, 2021 - 11:57 PM (IST)
ਜਲੰਧਰ- ਪੁਲਸ ਡਿਪਟੀ ਕਮਿਸ਼ਨਰ (ਹੈਡ ਕੁਆਟਰਜ਼) ਅਰੁਣ ਸੈਣੀ ਅਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ 26 ਜਨਵਰੀ ਨੂੰ 72ਵੇਂ ਗਣਤੰਤਰ ਦਿਵਸ ਸਮਾਰੋਹ ਦੀ ਤਿਆਰੀ ਲਈ ਸੋਮਵਾਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਕੋਵਿਡ ਪ੍ਰੋਟੋਕੋਲ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹੇ 'ਚ ਗਣਤੰਤਰ ਦਿਵਸ ਸਮਾਰੋਹ ਆਯੋਜਿਤ ਕੀਤਾ ਜਾਵੇਗਾ।
ਕੋਵਿਡ ਦੇ ਕਾਰਨ ਗਣਤੰਤਰ ਦਿਵਸ ਸਮਾਰੋਹ ਸੰਬੰਧੀ ਰਾਜ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡੀ.ਸੀ.ਪੀ. ਅਤੇ ਏ.ਡੀ.ਸੀ. ਨੇ ਕਿਹਾ ਕਿ ਪਿਛਲੇ ਸਾਲਾ ਦੀ ਤਰ੍ਹਾਂ ਸਮਾਗਮ ਦੌਰਾਨ ਕੋਈ ਵੱਡਾ ਇੱਕਠ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਸ ਦੀ ਟੁੱਕੜੀ ਵੱਲੋਂ ਸਲਾਮੀ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੁਰੱਖਿਆ ਕਾਰਨ ਕੋਈ ਵੀ ਗਤੀਵਿਧੀਆਂ ਨਹੀਂ ਹੋਣਗੀਆਂ, ਜਿਵੇਂ ਕਿ ਪੀਟੀ ਸ਼ੋਅ, ਸਭਿਆਚਾਰ ਰਸਮ, ਪਰੇਡ ਆਦਿ। ਜਦਕਿ ਫੁੱਲ ਡਰੈੱਸ ਦੀ ਰਿਹਰਸਲ 22 ਜਨਵਰੀ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ, ਜਿਵੇਂ ਕਿ ਸਮਾਜਕ ਦੂਰੀ, ਮਾਸਕ ਲਗਾਉਣਾ, ਹੱਥ ਧੋਣੇ, ਕੀਟਨਾਸ਼ਕਾਂ ਦੇ ਛਿੜਕਾਅ ਆਦਿ ਸ਼ਾਮਲ ਕੀਤੇ ਜਾਣਗੇ।