ਵੱਡੀ ਖਬਰ : ਬਲਦੇਵ ਸਿੰਘ ਦੇ ਸੰਪਰਕ 'ਚ ਆਏ 28 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ
Saturday, Mar 28, 2020 - 08:44 PM (IST)
ਅੰਮ੍ਰਿਤਸਰ, (ਦਲਜੀਤ)- ਕੋਰੋਨਾ ਵਾਇਰਸ ਦੀ ਦਹਿਸ਼ਤ 'ਚ ਆਏ ਪੰਜਾਬ ਵਾਸੀਆਂ ਲਈ ਚੰਗੀ ਖਬਰ ਹੈ। ਕੋਰੋਨਾ ਨਾਲ ਮੌਤ ਦਾ ਸ਼ਿਕਾਰ ਬਣੇ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਨਵਾਂਸ਼ਹਿਰ ਦੇ 28 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ 200 ਵਿਅਕਤੀਆਂ ਦੇ ਮੈਡੀਕਲ ਕਾਲਜ ਦੀਆਂ ਵੱਖ-ਵੱਖ ਟੀਮਾਂ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿਛਲੇ ਦਿਨੀਂ ਨਵਾਂਸ਼ਹਿਰ ਜਾ ਕੇ ਸੈਂਪਲ ਲਏ ਸਨ, ਜਿਨ੍ਹਾਂ 'ਚੋਂ 110 ਸੈਂਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਲੈਬਾਰਟਰੀ 'ਚ ਆਏ ਸਨ, ਜਦੋਂ ਕਿ 90 ਸੈਂਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ 'ਚ ਭੇਜੇ ਗਏ ਸਨ। ਨਵਾਂਸ਼ਹਿਰ ਨਾਲ ਸਬੰਧਤ 28 ਸੈਂਪਲ ਅੱਜ ਸਵੇਰੇ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ ਦੇਰ ਸ਼ਾਮ ਨੈਗੇਟਿਵ ਆ ਗਈ ਹੈ, ਜਦੋਂ ਕਿ ਬਾਕੀ ਸੈਂਪਲ ਐਤਵਾਰ ਨੂੰ ਲਾਏ ਜਾਣ ਦੀ ਉਮੀਦ ਹੈ।
ਡਾ. ਸੁਜਾਤਾ ਸ਼ਰਮਾ ਨੇ ਦੱਸਿਆ ਕਿ ਕਾਲਜ ਪ੍ਰਸ਼ਾਸਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਡਾਕਟਰ ਇਕ ਟੀਮ ਬਣਾ ਕੇ ਦਿਨ-ਰਾਤ ਕੰਮ ਕਰ ਰਹੇ ਹਨ। ਆਈਸੋਲੇਸ਼ਨ ਵਾਰਡ 'ਚ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ 2 ਕੋਰੋਨਾ ਪਾਜ਼ੇਟਿਵ ਮਰੀਜ਼ ਦਾਖਲ ਹਨ, ਜਿਨ੍ਹਾਂ ਦੀ ਹਾਲਤ ਦਿਨੋ-ਦਿਨ ਸੁਧਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਲਜ ਪ੍ਰਸ਼ਾਸਨ ਵੱਲੋਂ ਸਾਰੇ ਵਿਭਾਗਾਂ ਦੇ ਹੈੱਡ ਦੀ ਇਕ ਟਾਸਕ ਫੋਰਸ ਬਣਾਈ ਗਈ ਹੈ, ਜੋ ਕਿ ਪਿਛਲੇ 24 ਘੰਟਿਆਂ 'ਚ ਕੀ ਹੋਇਆ ਅਤੇ ਅਗਲੇ 24 ਘੰਟਿਆਂ 'ਚ ਕੀ ਕਰਨਾ ਹੈ, ਦੀ ਰਣਨੀਤੀ ਨਿੱਤ ਬਣਾ ਰਹੀ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਵਿਭਾਗ ਦੇ ਸਕੱਤਰ ਨਿੱਤ ਮਰੀਜ਼ਾਂ ਦੀ ਹਾਲਤ ਸਬੰਧੀ ਰਿਪੋਰਟ ਲੈ ਰਹੇ ਹਨ। ਸਰਕਾਰ ਦਾ ਸਾਰਾ ਸਹਿਯੋਗ ਕਾਲਜ ਪ੍ਰਸ਼ਾਸਨ ਨੂੰ ਮਿਲ ਰਿਹਾ ਹੈ।