ਪੰਜਾਬ ''ਚ ਨਿਵੇਸ਼ ਕਰਨਗੀਆਂ ਸਿੰਗਾਪੁਰ ਦੀਆਂ ਨਾਮਵਰ ਕੰਪਨੀਆਂ
Wednesday, Sep 05, 2018 - 03:37 AM (IST)

ਜਲੰਧਰ — ਸਿੰਗਾਪੁਰ ਦੀਆਂ ਵੱਖ-ਵੱਖ ਖੇਤਰਾਂ 'ਚ ਮਸ਼ਹੂਰ ਕੰਪਨੀਆਂ ਵੱਲੋਂ ਪੰਜਾਬ ਵਿਚ ਗੈਸ, ਸਮਾਰਟ ਸਿਟੀ ਅਤੇ ਹੋਰ ਕਈ ਪ੍ਰੋਜੈਕਟਾਂ 'ਚ ਅਰਬਾਂ ਦਾ ਨਿਵੇਸ਼ ਕਰਨ ਲਈ ਦਿਲਚਸਪੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਨ੍ਹਾਂ ਨਾਮਵਰ ਕੰਪਨੀਆਂ ਵੱਲੋਂ ਇਹ ਪ੍ਰਗਟਾਵਾ ਸੀ. ਆਈ. ਆਈ. ਨਾਰਥ ਦੇ ਪਹਿਲੇ ਵਿਦੇਸ਼ੀ ਪ੍ਰੋਗਰਾਮ ਦੌਰਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੀ. ਆਈ. ਆਈ. ਨਾਰਥ-2018 ਨਾਮਕ ਇਸ ਪ੍ਰੋਗਰਾਮ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਵਫਦ 'ਚ ਲੋਕ ਨਿਰਮਾਣ ਤੇ ਆਈ. ਟੀ. ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਇਨਵੈਸਟ ਪੰਜਾਬ ਦੀਆਂ ਟੀਮਾਂ ਵੱਲੋਂ ਕਈ ਵੱਡੀਆਂ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਇਹ ਪ੍ਰੋਗਰਾਮ ਸਿੰਗਾਪੁਰ 'ਚ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਕੰਫੈਡ੍ਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀਆਈਆਈ) ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਅਸੈਂਡਸ ਸਿੰਗਬ੍ਰਿਜ ਅਤੇ ਚੈਨਗੀ ਵਰਗੀਆਂ ਕੰਪਨੀਆਂ ਵੱਲੋਂ ਲੁਧਿਆਣਾ ਵਿਖੇ ਇਕ ਨਵਾਂ ਹਵਾਈ ਅੱਡਾ ਬਣਾਉਣ ਦੀ ਯੋਜਨਾਬੰਦੀ ਅਤੇ ਵਿਕਾਸ ਲਈ ਦਿਲਚਸਪੀ ਪ੍ਰਗਟਾਈ ਗਈ। ਇਸੇ ਤਰਾਂ ਏਰੋਟ੍ਰੋ-ਪੋਲਿਸ ਵੱਲੋਂ ਲੁਧਿਆਣਾ ਅਤੇ ਮੋਹਾਲੀ ਲਈ ਸਿਟੀ ਡਿਵੈਲਪਮੈਂਟ ਅਤੇ ਸਮੁੱਚੇ ਸੂਬੇ 'ਚ ਕਨਵੈਨਸ਼ਨ ਸੈਂਟਰ ਬਣਾਉਣ ਦਾ ਪ੍ਰਸਤਾਵ ਹੈ।
ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿਰਜੇ ਨਿਵੇਸ਼ ਲਈ ਲਾਹੇਵੰਦ ਅਤੇ ਸੰਭਾਵਨਾ ਨਾਲ ਭਰਪੂਰ ਮਾਹੌਲ ਵੱਲ ਆਕਰਸ਼ਿਤ ਹੁੰਦਿਆਂ ਰੀਅਲ ਅਸਟੇਟ ਦੀ ਮਸ਼ਹੂਰ ਕੰਪਨੀ ਜੇ. ਐੱਮ. ਟੀ. ਗਰੁੱਪ ਵੱਲੋਂ 100 ਕਰੋੜ ਅਤੇ ਉਦਯੋਗਿਕ ਗੈਸਾਂ 'ਚ ਮਸ਼ਹੂਰ ਕੰਪਨੀ ਲਿੰਡੇ ਏਜੀ ਵੱਲੋਂ ਮੰਡੀ ਗੋਬਿੰਦਗੜ੍ਹ 'ਚ 200 ਕਰੋੜ ਦਾ ਪਲਾਂਟ ਲਾਉਣ ਦਾ ਐਲਾਨ ਕੀਤਾ ਗਿਆ ਹੈ।