ਪਠਾਨਕੋਟ ’ਚ ਹੈਰੋਇਨ ਅਤੇ ਡਰੱਗ ਮਨੀ ਬਰਾਮਦ, ਤਿੰਨ ਮੁਲਜ਼ਮ ਗ੍ਰਿਫ਼ਤਾਰ
Friday, Oct 16, 2026 - 03:00 PM (IST)
ਪਠਾਨਕੋਟ (ਸ਼ਾਰਦਾ)– ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਨਸ਼ਾ ਸਮੱਗਲਿੰਗ ਵਿਰੁੱਧ ਕਾਰਵਾਈ ਕਰਦਿਆਂ ਤਿੰਨ ਨੌਜਵਾਨਾਂ ਨੂੰ 8.39 ਗ੍ਰਾਮ ਹੈਰੋਇਨ ਅਤੇ 8 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਕਾਰ ਵੀ ਕਬਜ਼ੇ ਵਿਚ ਲੈ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ-ਵੱਡੀ ਵਾਰਦਾਤ: ਪਰਵਿੰਦਰ ਝੋਟੇ ਵਾਂਗ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਗਏ ਇਕ ਹੋਰ ਵਿਅਕਤੀ ਦਾ ਕਤਲ
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰਬਰ-2 ਵਿਚ ਤਾਇਨਾਤ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ। ਜਦੋਂ ਪੁਲਸ ਪਾਰਟੀ ਇਕ ਧਰਮ ਕੰਡੇ ਨੂੰ ਪਾਰ ਕਰਕੇ ਸ਼ਰਾਬ ਦੇ ਠੇਕੇ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੀ ਹਰਿਆਣਾ ਨੰਬਰ ਦੀ ਆਈ-20 ਕਾਰ ਦੇ ਪਿੱਛੇ ਤਿੰਨ ਨੌਜਵਾਨ ਖੜ੍ਹੇ ਦਿਖਾਈ ਦਿੱਤੇ। ਪੁਲਸ ਪਾਰਟੀ ਨੂੰ ਦੇਖ ਕੇ ਤਿੰਨੇ ਨੌਜਵਾਨ ਪਾਸੇ ਖਿਸਕਣ ਲੱਗੇ, ਜਿਸ ’ਤੇ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ-ਪਰਵਿੰਦਰ ਝੋਟਾ ਦੇ ਕਤਲ ਮਗਰੋਂ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫੈਸਲਾ, ਜਾਰੀ ਕੀਤੇ ਇਹ ਹੁਕਮ
ਪੁਲਸ ਵੱਲੋਂ ਕਾਰ ਦੀ ਤਲਾਸ਼ੀ ਲੈਣ ’ਤੇ ਅਗਲੇ ਸ਼ੀਸ਼ੇ ਦੇ ਅੰਦਰ ਛੱਤ ਵਾਲੀ ਮੈਟ ਦੇ ਹੇਠਾਂ ਰੱਖੇ ਇਕ ਲਿਫ਼ਾਫ਼ੇ ਵਿਚੋਂ 8.39 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਹੈਰੋਇਨ ਵੇਚ ਕੇ ਕਮਾਏ ਗਏ 8 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ। ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਪਿੰਡ ਪਰਮਾਨੰਦ ਦੇ ਰਹਿਣ ਵਾਲੇ ਦਮਨਜੀਤ ਸਿੰਘ ਉਰਫ਼ ਕਾਕਾ ਅਤੇ ਪਿੰਡ ਲਾਹੜੀ ਗੁੱਜਰਾਂ ਦੇ ਰਹਿਣ ਵਾਲੇ ਮੁਕੁਲ ਤੇ ਸ਼ੇਖਰ ਵਜੋਂ ਕੀਤੀ ਹੈ। ਪੁਲਸ ਨੇ ਹੈਰੋਇਨ, ਨਕਦੀ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਤਿੰਨਾਂ ਮੁਲਜ਼ਮਾਂ ਵਿਰੁੱਧ ਥਾਣਾ ਡਵੀਜ਼ਨ ਨੰਬਰ-2 ਵਿਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
