ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਮੁੱਖ ਮੰਤਰੀ ਨੇ ਸੁਣਾਈ ਇਹ ਵੱਡੀ ਖ਼ੁਸ਼ਖਬਰੀ

Tuesday, Oct 03, 2023 - 06:36 PM (IST)

ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਮੁੱਖ ਮੰਤਰੀ ਨੇ ਸੁਣਾਈ ਇਹ ਵੱਡੀ ਖ਼ੁਸ਼ਖਬਰੀ

ਸ੍ਰੀ ਚਮਕੌਰ ਸਾਹਿਬ (ਰਮਨਦੀਪ ਸਿੰਘ ਸੋਢੀ) : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਆਖਿਆ ਹੈ ਕਿ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਵਿਚ ਰਾਤ ਨਹੀਂ ਕੱਟਣ ਦਿੱਤੀ ਜਾਵੇਗੀ। ਕਿਸਾਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਚਮਕੌਰ ਸਾਹਿਬ ਦੀ ਦਾਣਾ ਮੰਡੀ ’ਚ ਝੋਨੇ ਦੀ ਫਸਲ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਫਸਲ ਮੰਡੀ 'ਚ ਅਤੇ ਪੈਸੇ ਖਾਤੇ 'ਚ। ਇਸ ਵਾਰ ਅੰਨਦਾਤਾ ਨੂੰ ਖੱਜਲ ਖੁਆਰ ਨਹੀਂ ਹੋਣ ਦੇਵਾਂਗੇ। ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪਹਿਲੀ ਵਾਰ ਸੀ. ਸੀ. ਐੱਲ. ਦਾ ਪੈਸਾ ਖਰੀਦ ਤੋਂ ਪਹਿਲਾਂ ਹੀ ਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ 182 ਲੱਖ ਮੀਟ੍ਰਕ ਟਨ ਝੋਨੇ ਦੀ ਖਰੀਦ ਦੀ ਉਮੀਦ ਹੈ। ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਸੂਬੇ ਭਰ ਵਿਚ 18,554 ਖਰੀਦ ਕੇਂਦਰ ਬਣਾਏ ਗਏ ਹਨ। 

ਇਹ ਵੀ ਪੜ੍ਹੋ : ਪੰਜਾਬ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਦੇ ਸੂਬੇ ਦੀ ਜਨਤਾ ਲਈ ਵੱਡੇ ਐਲਾਨ

ਅੱਗੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਹੀ ਪੂਰੀ ਤਿਆਰੀ ਕੀਤੀ ਗਈ ਸੀ। ਜਿੰਨਾਂ ਕਿਸਾਨ ਫਸਲ ਨੂੰ ਪਿਆਰ ਕਰਦਾ ਹੈ, ਉਨਾ ਹੀ ਅਸੀਂ ਫਸਲ ਨੂੰ ਕਰਾਂਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਪਸ਼ੂ ਧਨ ਨੂੰ ਹੀ ਵੀ ਆਪਣੇ ਕਿੱਤੇ ਵਿਚ ਸ਼ਾਮਲ ਕਰ ਲੈਣ ਤਾਂ ਉਨ੍ਹਾਂ ਕੋਲ ਆਮਦਨ ਦੇ ਸਾਧਨ ਵੱਧ ਜਾਣਗੇ। ਅਜਿਹਾ ਕਰਨ ਨਾਲ ਕਿਸਾਨ ਇਕੱਲੀ ਖੇਤੀ ’ਤੇ ਹੀ ਨਿਰਭਰ ਨਹੀਂ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪੂਸਾ 144 ਕਿਸਮਤ ਨਾ ਲਗਾਉਣ ਦੀ ਸਲਾਹ ਦਿੱਤੀ ਸੀ, ਪਰ ਇਸ ਦੇ ਬਾਵਜੂਦ ਕੁੱਝ ਕਿਸਾਨਾਂ ਨੇ ਇਸ ਝੋਨੇ ਨੂੰ ਬੀਜਿਆ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਉਨ੍ਹਾਂ ਦੀ ਫਸਲ ਚੁੱਕੇਗੀ ਪਰ ਅਗਲੇ ਸਾਲ ਤੋਂ ਪੰਜਾਬ ਸਰਕਾਰ ਝੋਨੇ ਦੀ ਪੂਸਾ 144 ਕਿਸਮ ਨੂੰ ਪੰਜਾਬ ਵਿਚ ਬੈਨ ਕਰ ਦੇਵੇਗੀ ਅਤੇ ਅਗਲੇ ਸਾਲ ਤੋਂ ਇਸ ਫਸਲ ਦੀ ਖਰੀਦ ਨਹੀਂ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਦਿੱਤਾ ਪੱਤਰ ਦਾ ਜਵਾਬ, ਆਖੀਆਂ ਇਹ ਗੱਲਾਂ

ਮਾਨ ਨੇ ਕਿਹਾ ਕਿ ਕਿਸਾਨ ਖੁਦ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ ਹੈ ਪਰ ਕਿਸਾਨ ਨੂੰ ਪਹਿਲਾਂ ਬਦਲ ਤਾਂ ਦਿੱਤਾ ਜਾਵੇ। ਹਰਿਆਣਾ ਅਤੇ ਯੂ. ਪੀ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਵਿਚ ਪਰਾਲੀ ਸਾੜੀ ਜਾਂਦੀ ਹੈ ਪਰ ਕੇਂਦਰ ਇਕੱਲਾ ਪੰਜਾਬ ਸਿਰ ਦੋਸ਼ ਮੜ੍ਹ ਦਿੰਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਰੇਲਾ ਰੋਕਣ ਵਾਲੇ ਕਿਸਾਨਾਂ ’ਤੇ ਉਨ੍ਹਾਂ ਕਿਹਾ ਕਿ ਇਥੇ ਸੜਕਾਂ ਅਤੇ ਰੇਲਾਂ ਰੋਕਣੀਆਂ ਆਪਣੇ ਲੋਕਾਂ ਨੂੰ ਹੀ ਤੰਗ ਕਰਨ ਵਾਲੀ ਗੱਲ ਹੈ, ਜੇ ਕੇਂਦਰ ਨਾਲ ਸੰਬੰਧਤ ਮੰਗਾਂ ਹਨ ਤਾਂ ਕੇਂਦਰ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਹੈ, ਮੈਂ ਖੁਦ ਨਾਲ ਜਾਣ ਲਈ ਤਿਆਰ ਹਾਂ। ਕੋਈ ਵੀ ਕਿਸਾਨ ਯੂਨੀਅਨ ਮੇਰੇ ਕੋਲ ਆਵੇ ਮੈਂ ਕੇਂਦਰ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਨਾਲ ਜਾਵਾਂਗਾ। 

ਇਹ ਵੀ ਪੜ੍ਹੋ : ਗੜ੍ਹਸ਼ੰਕਰ ਦੇ ਨੌਜਵਾਨ ਦੀ ਕਿਸਮਤ ਨੇ ਮਾਰੀ ਪਲਟੀ, ਰਾਤੋ-ਰਾਤ ਬਣਿਆ ਲੱਖ ਪਤੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News