ਅਰਨੀਆ ਦੀਆਂ ਕੰਧਾਂ ਕਹਿੰਦੀਆਂ ਨੇ ਪਾਕਿਸਤਾਨੀ ''ਕਹਿਰ ਦੀ ਕਹਾਣੀ''

Tuesday, Jan 28, 2020 - 06:46 PM (IST)

ਅਰਨੀਆ ਦੀਆਂ ਕੰਧਾਂ ਕਹਿੰਦੀਆਂ ਨੇ ਪਾਕਿਸਤਾਨੀ ''ਕਹਿਰ ਦੀ ਕਹਾਣੀ''

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਜੰਮੂ ਜ਼ਿਲੇ ਦਾ ਕਸਬਾ ਅਰਨੀਆ ਤਿੰਨ ਪਾਸਿਆਂ ਤੋਂ ਪਾਕਿਸਤਾਨੀ ਸਰਹੱਦ 'ਚ ਘਿਰਿਆ ਹੋਇਆ ਹੈ। ਪਾਕਿਸਤਾਨੀ ਸੈਨਿਕ ਇਸ ਕਸਬੇ ਅਤੇ ਆਸ-ਪਾਸ ਦੇ ਪਿੰਡਾਂ ਨੂੰ ਅਕਸਰ ਆਪਣਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਸਾਲ 2019 'ਚ ਇਨ੍ਹਾਂ ਖੇਤਰਾਂ 'ਤੇ ਦਰਜਨਾਂ ਵਾਰ ਗੋਲੀਆਂ ਦੀ ਵਾਛੜ ਹੋਈ ਅਤੇ 2018 'ਚ ਤਾਂ ਪਾਕਿਸਤਾਨ ਨੇ ਸਭ ਹੱਦਾਂ ਪਾਰ ਕਰ ਦਿੱਤੀਆਂ ਸਨ। ਉਸ ਵੇਲੇ ਪਾਕਿਸਤਾਨੀ ਸੈਨਿਕਾਂ ਵੱਲੋਂ ਵਰਤਾਏ ਕਹਿਰ ਦੀ ਕਹਾਣੀ ਅੱਜ ਵੀ ਅਰਨੀਆ ਦੀਆਂ ਛਲਣੀ ਹੋਈਆਂ ਕੰਧਾਂ ਬਿਆਨ ਕਰਦੀਆਂ ਹਨ। ਇਸ ਗੋਲੀਬਾਰੀ ਨੇ ਕਈ ਲੋਕਾਂ ਦੀਆਂ ਜਾਨਾਂ ਲਈਆਂ, ਕਈ ਜ਼ਖਮੀ ਹੋ ਗਏ, ਪਸ਼ੂ ਮਾਰੇ ਗਏ ਅਤੇ ਲੋਕਾਂ ਦੇ ਬਹੁਤ ਸਾਰੇ ਮਕਾਨ ਮੋਰਟਾਰ ਨਾਲ ਢਹਿ-ਢੇਰੀ ਹੋ ਗਏ। ਉਸੇ ਵੇਲੇ ਪੂਰਾ ਅਰਨੀਆ ਖਾਲੀ ਹੋ ਗਿਆ ਸੀ ਅਤੇ ਭੂਤਵਾੜੇ ਵਰਗਾ ਜਾਪਣ ਲੱਗਾ ਸੀ। ਉਸ ਵੇਲੇ ਨੂੰ ਯਾਦ ਕਰ ਕੇ ਲੋਕਾਂ ਦੇ ਦਿਲ ਅੱਜ ਵੀ ਕੰਬ ਜਾਂਦੇ ਹਨ। ਪਿੰਡ ਦੇ ਲੋਕ ਰਿਸਦੇ ਜ਼ਖਮਾਂ ਦਾ ਦਰਦ ਸੁਣਾਉਂਦਿਆਂ ਕਹਿੰਦੇ ਹਨ ਕਿ ਜਦੋਂ ਤੱਕ ਪਾਕਿਸਤਾਨ ਨੂੰ ਸਬਕ ਨਹੀਂ ਸਿਖਾਇਆ ਜਾਂਦਾ ਜਾਂ ਉਸ ਨੂੰ ਆਪੇ ਹੀ ਸੁਮੱਤ ਨਹੀਂ ਆ ਜਾਂਦੀ, ਉੱਦੋਂ ਤੱਕ ਉਨ੍ਹਾਂ ਦਾ ਜੀਵਨ ਦੁਸ਼ਵਾਰ ਹੀ ਰਹੇਗਾ।

ਲੋਕਾਂ ਦੀ ਦੁੱਖ-ਭਰੀ ਵਿੱਥਿਆ ਉਦੋਂ ਸੁਣਨ ਨੂੰ ਮਿਲੀ, ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ 552ਵੇਂ ਟਰੱਕ ਦੀ ਰਾਹਤ ਸਮੱਗਰੀ ਲੈ ਕੇ ਅਰਨੀਆ 'ਚ ਪੁੱਜੀ ਸੀ। ਇਹ ਸਮਗੱਰੀ 'ਮੁੰਡੇ ਅਹਿਮਦਗੜ੍ਹ ਦੇ' ਵੈੱਲਫੇਅਰ ਕਲੱਬ (ਰਜਿ.) ਅਹਿਦਗੜ੍ਹ ਵੱਲੋਂ ਪ੍ਰਧਾਨ ਸ਼੍ਰੀ ਰਾਕੇਸ਼ ਗਰਗ ਅਤੇ ਹੋਰ ਮੈਂਬਰਾਂ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਇਸ ਦੌਰਾਨ ਅਰਨੀਆ ਅਤੇ ਹੋਰ ਪਿੰਡਾਂ ਦੇ 300 ਲੋੜਵੰਦ ਪਰਿਵਾਰਾਂ ਨੂੰ ਸਰਦੀਆਂ ਤੋਂ ਬਚਾਅ ਲਈ ਰਜਾਈਆਂ ਮੁਹੱਈਆ ਕਰਵਾਈਆਂ ਗਈਆਂ।

ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਅਰਨੀਆ ਦੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਜੇਕਰ ਪਾਕਿਸਤਾਨ ਲਗਾਤਾਰ ਜ਼ਖਮ ਦੇ ਰਿਹਾ  ਹੈ ਤਾਂ ਮੱਲ੍ਹਮ ਲਾਉਣ ਵਾਲੇ ਹੱਥ ਵੀ ਘੱਟ ਨਹੀਂ ਹਨ। ਗੋਲੀਬਾਰੀ ਕਾਰਨ ਵਾਰ-ਵਾਰ ਹਿਜਰਤ ਕਰਨ ਲਈ ਮਜਬੂਰ ਹੋਣ ਵਾਲੇ ਪਰਿਵਾਰਾਂ ਦੀ ਮਦਦ ਕਰਨ ਤੋਂ ਦਾਨਵੀਰ ਕਦੇ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਅਧੀਨ ਰਜਾਈਆਂ ਦਾ ਟਰੱਕ ਭਿਜਵਾਉਣ ਵਾਲੇ ਮੁੰਡੇ ਅਹਿਮਦੜ੍ਹ ਸੇਵਾ ਕਾਰਜਾਂ ਲਈ ਪ੍ਰਤੀਬੱਧ ਹਨ। ਉਹ ਆਪਣੇ ਇਲਾਕੇ 'ਚ ਿਵਧਵਾਵਾਂ, ਅੰਗਹੀਣਾਂ, ਅਨਾਥ ਬੱਚਿਆਂ ਅਤੇ  ਬਜ਼ੁਰਗਾਂ ਦੀ ਸੇਵਾ-ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਹੁਣ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਣ ਲਈ ਉਪਰਾਲਾ ਕੀਤਾ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਦਾ ਇਹ ਯਤਨ ਭਵਿੱਖ 'ਚ ਵੀ ਜਾਰੀ ਰਹੇਗਾ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਮਦਦ ਕਰੇ। ਅਮੀਰੀ-ਗਰੀਬੀ ਜਾਂ ਦੁੱਖ-ਸੁੱਖ ਕਦੇ ਵੀ ਸਥਾਈ ਨਹੀਂ ਹੁੰਦੇ। ਜਿਹੜੇ ਲੋਕ ਅੱਜ ਮੁਸ਼ਕਲਾਂ ਨਾਲ ਜੂਝ ਰਹੇ ਜਾਂ ਆਰਥਕ ਪੱਖੋਂ ਕਮਜ਼ੋਰ ਹਨ, ਉਹ ਕੱਲ ਨੂੰ ਸਮਰੱਥ ਹੋ ਸਕਦੇ ਹਨ। ਇਸ ਲਈ ਹਮੇਸ਼ਾ ਯਤਨ ਕਰਨਾ ਚਾਹੀਦਾ ਹੈ ਕਿ ਜੋ ਵਿਅਕਤੀ ਦੁਖੀ ਹੈ ਜਾਂ ਲੋੜਵੰਦ ਹੈ ਉਸ ਦੀ ਸੇਵਾ-ਸਹਾਇਤਾ ਜ਼ਰੂਰ ਕੀਤੀ ਜਾਵੇ।

PunjabKesari

ਘਰ ਛੱਡਣ ਵੇਲੇ ਬਹੁਤ ਤਕਲੀਫ ਹੁੰਦੀ ਹੈ : ਰੂਪੇਸ਼ ਮਹਾਜਨ
ਬਿਸ਼ਨਾਹ ਹਲਕੇ ਦੇ ਸਮਾਜ ਸੇਵੀ ਨੌਜਵਾਨ ਆਗੂ ਸ਼੍ਰੀ ਰੂਪੇਸ਼ ਮਹਾਜਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਹਰਕਤਾਂ ਕਾਰਣ ਲੋਕਾਂ ਨੂੰ ਵਾਰ-ਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ ਵੱਲ ਦੌੜਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘਰ ਛੱਡਣ ਵੇਲੇ ਬਹੁਤ ਤਕਲੀਫ ਹੁੰਦੀ ਹੈ ਪਰ ਆਪਣੀ ਜਾਨ ਬਚਾਉਣ ਲਈ ਇਹ ਸਭ ਸਹਿਣ ਕਰਨਾ ਪੈਂਦਾ ਹੈ। ਕਾਰਗਿਲ ਦੀ ਜੰਗ ਵੇਲੇ ਤੋਂ ਹੀ ਪਾਕਿਸਤਾਨ ਸਰਹੱਦੀ ਖੇਤਰਾਂ 'ਚ ਅੰਨ੍ਹੇਵਾਹ ਫਾਇਰਿੰਗ ਕਰਦਾ ਰਹਿੰਦਾ ਹੈ ਅਤੇ ਇਸ ਕਾਰਨ ਲੋਕ ਅੱਜ ਵੀ ਭਾਰੀ ਮੁਸ਼ਕਲਾਂ ਸਹਿਣ ਕਰ ਰਹੇ ਹਨ। ਸ਼੍ਰੀ ਮਹਾਜਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਰੋਜ਼ਗਾਰ ਦੀ ਭਾਰੀ ਘਾਟ ਹੈ, ਜਿਸ ਕਾਰਨ ਹਜ਼ਾਰਾਂ ਨੌਜਵਾਨ ਵਿਹਲੇ ਘੁੰਮ ਰਹੇ ਹਨ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਧਿਆਨ ਰੱਖਣ, ਕਿਤੇ ਗੁੰਮਰਾਹ ਹੋ ਕੇ ਉਹ ਨਸ਼ਿਆਂ ਦੇ ਰਾਹ ਨਾ ਪੈ ਜਾਣ। ਨੌਜਵਾਨ ਪੀੜ੍ਹੀ ਨੂੰ ਹਰ ਹਾਲ 'ਚ ਨਸ਼ਿਆਂ ਤੋਂ ਬਚਾਉਣਾ ਚਾਹੀਦਾ ਹੈ।

ਪੀੜਤਾਂ ਨੂੰ ਰਾਹਤ ਦਾ ਵੱਡਾ ਸਹਾਰਾ ਹੈ : ਬਸੰਤ ਸੈਣੀ
ਅਰਨੀਆ ਦੇ ਸਮਾਜ ਸੇਵੀ ਆਗੂ ਸ਼੍ਰੀ ਬਸੰਤ ਸੈਣੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਲੋਕਾਂ ਦੇ ਘਰਾਂ-ਮਕਾਨਾਂ ਅਤੇ ਕਾਰੋਬਾਰਾਂ ਦਾ ਬਹੁਤ ਨੁਕਸਾਨ ਹੋਇਆ। ਲੋਕਾਂ ਦੀਆਂ ਜਾਨਾਂ ਵੀ ਗਈਆਂ, ਸੈਂਕੜੇ ਜ਼ਖਮੀ ਹੋ ਗਏ ਪਰ ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਦੀ ਲੋੜੀਂਦੀ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਹੱਦੀ ਖੇਤਰਾਂ ਲਈ ਇਕ ਪੱਕੀ ਨੀਤੀ ਬਣਾਈ ਜਾਣੀ ਚਾਹੀਦੀ ਹੈ, ਜਿਸ ਅਧੀਨ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ ਰੋਜ਼ੀ-ਰੋਟੀ ਦੀ ਚਿੰਤਾ ਨਾ ਰਹੇ ਅਤੇ ਜ਼ਖਮੀਆਂ ਨੂੰ ਵੀ ਮਾਸਿਕ ਵਿੱਤੀ ਸਹਾਇਤਾ ਦਿੱਤੀ ਜਾਵੇ। ਬਰਬਾਦ ਹੋਣ  ਵਾਲੀਆਂ ਫਸਲਾਂ ਅਤੇ ਜਾਇਦਾਦਾਂ ਦਾ ਮੁਆਵਜ਼ਾ ਯਕੀਨੀ ਬਣਾਇਆ ਜਾਵੇ।

ਸ਼੍ਰੀ ਸੈਣੀ ਨੇ ਕਿਹਾ ਕਿ ਅੱਜ ਤਾਂ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਦਾ ਹੀ ਵੱਡਾ ਸਹਾਰਾ ਹੈ। ਮਜਬੂਰ ਅਤੇ ਦੁਖੀ ਲੋਕ ਬੜੀ ਬੇਸਬਰੀ ਨਾਲ ਰਾਹਤ ਵਾਲੇ ਟਰੱਕ ਦਾ ਇੰਤਜ਼ਾਰ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੁਝ ਸਹਾਇਤਾ ਮਿਲਦੀ ਹੈ। ਉਨ੍ਹਾਂ ਨੇ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਜਿਹੜੇ ਪਰਿਵਾਰ ਅੱਜ ਵੀ ਇਸ ਤੋਂ ਵਾਂਝੇ ਹਨ, ਉਨ੍ਹਾਂ ਲਈ ਵੀ ਜਲਦੀ ਰਾਹਤ ਭਿਜਵਾਈ ਜਾਵੇ। ਇਸ ਮੌਕੇ 'ਤੇ ਰਾਮਗੜ੍ਹ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ, ਅਰਨੀਆ ਦੇ ਨਿਹਾਲ ਸਿੰਘ ਮਿਨਹਾਸ, ਸੁਨੀਲ ਬਰਾਲ, ਵਿਜੇ ਕੁਮਾਰ, ਰਾਜਕੁਮਾਰ ਸੈਣੀ, ਕ੍ਰਿਸ਼ਨ ਲਾਲ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ, ਪ੍ਰਵੀਨ ਕਾਟਲ ਅਤੇ ਸਰਪੰਚ ਉਂਕਾਰ ਸਿੰਘ ਵੀ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਅਰਨੀਆ ਤੋਂ ਇਲਾਵਾ ਸੁਹਾਗਪੁਰ, ਮਰ੍ਹੋਲ, ਮਹਾਸ਼ਿਆਂ ਦੇ ਕੋਠੇ, ਤਰੇਵਾ, ਚੰਗੀਆ ਆਦਿ ਪਿੰਡਾਂ ਨਾਲ ਸਬੰਧਤ ਸਨ।

ਮੋਰਟਾਰ ਨੇ ਖਾ ਲਿਆ ਭਾਨੋ ਦਾ ਸੁਹਾਗ
ਅਰਨੀਆ ਦੀ ਰਹਿਣ ਵਾਲੀ ਭਾਨੋ ਦੇਵੀ ਨੇ ਰਾਹਤ ਸਮੱਗਰੀ ਪ੍ਰਾਪਤ ਕਰਨ ਸਮੇਂ ਦੱਸਿਆ ਕਿ ਉਸ ਦਾ ਸੁਹਾਗ 5 ਸਾਲ ਪਹਿਲਾਂ ਉੱਜੜ ਗਿਆ ਸੀ। ਪਾਕਿਸਤਾਨ ਵੱਲੋਂ ਦਾਗਿਆ ਮੋਰਟਾਰ ਦਾ ਗੋਲਾ ਉਸ ਦੇ ਪਤੀ ਨੂੰ ਖਾ ਗਿਆ ਅਤੇ ਘਰ ਵੀ ਢਹਿ ਗਿਆ। ਉਸ ਵੇਲੇ ਤੋਂ ਉਨ੍ਹਾਂ ਦਾ ਪਰਿਵਾਰ ਘੋਰ ਸੰਕਟ 'ਚ ਹੈ। ਭਾਨੋ ਦੇਵੀ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਉਹ ਖੁਦ ਬਿਰਧ ਅਵਸਥਾ 'ਚ ਪੁੱਜ ਗਈ ਹੈ। ਜੇ ਇਕ ਡੰਗ ਦੀ ਰੋਟੀ ਮਿਲ ਜਾਂਦੀ ਹੈ ਤਾਂ ਉਸ ਨੂੰ ਦੂਜੇ ਦੀ ਚਿੰਤਾ ਬਣ ਜਾਂਦੀ ਹੈ। ਉਸ ਨੇ ਮੰਗ ਕੀਤੀ ਕਿ ਸਰਕਾਰ ਉਸ ਦੇ ਇਕ ਮੁੰਡੇ ਨੂੰ ਨੌਕਰੀ ਦੇਵੇ ਤਾਂ ਉਸ ਦਾ ਘਰ ਚੱਲ ਸਕਦਾ ਹੈ। ਹਾਲ ਦੀ ਘੜੀ ਤਾਂ ਉਹ ਮਿਹਨਤ-ਮਜ਼ਦੂਰੀ ਨਾਲ ਹੀ ਸਮਾਂ ਗੁਜ਼ਾਰ ਰਹੇ ਹਨ।


author

shivani attri

Content Editor

Related News