ਪੰਜਾਬ ਦੇ ਰਿਲਾਇੰਸ ਸਟੋਰ ਮਾਲਕਾਂ ਨੇ ਮੁੱਖ ਮੰਤਰੀ ਨੂੰ ਸਟੋਰ ਖੋਲ੍ਹਣ ’ਚ ਮਦਦ ਲਈ ਭੇਜਿਆ ਮੰਗ ਪੱਤਰ
Wednesday, Jun 30, 2021 - 11:52 PM (IST)
ਚੰਡੀਗੜ੍ਹ(ਰਮਨਜੀਤ)- ਪੰਜਾਬ ਭਰ ਵਿਚ ਆਪਣੇ ਵੱਖ-ਵੱਖ ਕਾਰੋਬਾਰਾਂ ਦੇ ਸੰਚਾਲਨ ਲਈ ਰਿਲਾਇੰਸ ਨੂੰ ਆਪਣੇ ਖੇਤਰ ਕਿਰਾਏ ’ਤੇ ਦੇਣ ਵਾਲੇ ਸਟੋਰ ਅਤੇ ਭਵਨ ਮਾਲਕਾਂ ਨੇ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਨਾਂ ਇਕ ਮੰਗ ਪੱਤਰ ਸੌਂਪਿਆ। ਸਟੋਰ ਅਤੇ ਭਵਨ ਮਾਲਕਾਂ ਨੇ ਮੁੱਖ ਮੰਤਰੀ ਤੋਂ ਇਸ ਸਬੰਧੀ ਦਖਲ ਦੇਣ ਅਤੇ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਅਤੇ ਵਿਵਸਥਾ ਯਕੀਨੀ ਬਣਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ, ਤਾਂ ਕਿ ਉਨ੍ਹਾਂ ਨੂੰ ਆਪਣੇ ਸਟੋਰ ਸੁਰੱਖਿਅਤ ਤੌਰ ’ਤੇ ਖੋਲ੍ਹਣ ਦੀ ਆਗਿਆ ਮਿਲ ਸਕੇ। ਸਟੋਰ ਮਾਲਕਾਂ ਦਾ ਕਹਿਣਾ ਹੈ ਕਿ ਰਿਲਾਇੰਸ ਸਟੋਰ ਪਿਛਲੇ 8 ਮਹੀਨਿਆਂ ਤੋਂ ਪੂਰੇ ਰਾਜ ਵਿਚ ਕਿਸਾਨ ਅੰਦੋਲਨ ਕਾਰਨ ਬੰਦ ਕਰਵਾ ਦਿੱਤੇ ਗਏ ਹਨ। ਰਿਲਾਇੰਸ ਦੇ ਪੰਜਾਬ ਵਿਚ ਕਰੀਬ 275 ਸਟੋਰ ਹਨ, ਜੋ ਸਾਰੇ ਬੰਦ ਹਨ। ਮੁੱਖ ਮੰਤਰੀ ਦੇ ਓ.ਐੱਸ.ਡੀ. ਸੰਦੀਪ ਸਿੰਘ ਬਰਾੜ ਨੇ ਸਟੋਰ ਮਾਲਕਾਂ ਤੋਂ ਮੰਗ ਪੱਤਰ ਹਾਸਲ ਕੀਤਾ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਕਰੀਬ ਸਵਾ ਘੰਟੇ ਤੱਕ ਕੀਤੀ ਰਾਹੁਲ ਗਾਂਧੀ ਨਾਲ ਮੀਟਿੰਗ
ਕਪੂਰਥਲਾ ਦੇ ਪ੍ਰਭਨੂਰ ਸਿੰਘ ਵਾਲੀਆ, ਜਗਰਾਓਂ ਦੇ ਧਰਮਪਾਲ ਨੈਨ, ਜਲੰਧਰ ਦੇ ਨਿਰਮਲ ਸਿੰਘ ਅਤੇ ਤਰਨਤਾਰਨ ਦੇ ਮਾਨਵ ਸੰਧੂ ਨੇ ਕਿਹਾ ਕਿ ਅਸੀਂ ਕਰੋੜਾਂ ਦਾ ਨੁਕਸਾਨ ਉਠਾ ਰਹੇ ਹਾਂ ਕਿਉਂਕਿ ਇਮਾਰਤਾਂ ਬੈਂਕਾਂ ਤੋਂ ਲੋਨ ਲੈ ਕੇ ਖਰੀਦੀਆਂ ਅਤੇ ਬਣਾਈਆਂ ਗਈਆਂ ਹਨ, ਜਿਸ ਦੀਆਂ ਕਿਸ਼ਤਾਂ, ਹਾਊਸ ਟੈਕਸ ਅਤੇ ਬਿਜਲੀ-ਪਾਣੀ ਦੇ ਬਿੱਲਾਂ ਦਾ ਭੁਗਤਾਨ ਸਟੋਰ ਬੰਦ ਹੋਣ ਦੇ ਬਾਵਜੂਦ ਵੀ ਕਰਨਾ ਪੈ ਰਿਹਾ ਹੈ। ਜੇਕਰ ਅਸੀਂ ਸਟੋਰ ਖੋਲ੍ਹਦੇ ਹਾਂ ਤਾਂ ਕਿਸਾਨ ਯੂਨੀਅਨਾਂ ਵਲੋਂ ਗੰਭੀਰ ਨਤੀਜਾ ਭੁਗਤਣ ਦੀ ਚਿਤਾਵਨੀ ਦਿੱਤੀ ਜਾਂਦੀ ਹੈ ਅਤੇ ਪੁਲਸ ਅਤੇ ਸਬੰਧਤ ਜ਼ਿਲਿਆਂ ਦੇ ਪ੍ਰਸ਼ਾਸਕੀ ਅਧਿਕਾਰੀ ਸ਼ਿਕਾਇਤਾਂ ਦੇ ਬਾਵਜੂਦ ਵੀ ਕੁੱਝ ਨਹੀਂ ਕਰ ਰਹੇ ਹਨ।
ਇਹ ਵੀ ਪੜ੍ਹੋ-'ਜੌਲੀਆਂ ਸਮੇਤ ਬਰਗਾੜੀ ਕਾਂਡ 'ਚ ਸਿੱਖਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਕੈਪਟਨ ਦਾ ਹਾਲ ਵੀ ਹੋਵੇਗਾ ਬਾਦਲਾਂ ਵਾਲਾ'
ਸਟੋਰ ਮਾਲਕਾਂ ਨੇ ਕਿਹਾ ਕਿ ਅਸੀ ਸਾਰੇ ਪੰਜਾਬੀ ਹਾਂ ਅਤੇ ਪੂਰੀ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਪਰ ਰਿਲਾਇੰਸ ਦੇ ਸਟੋਰ ਨੂੰ ਜ਼ਬਰਨ ਬੰਦ ਕਰਨ ਨਾਲ ਸਿਰਫ਼ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਰਿਲਾਇੰਸ ਸਥਾਨਕ ਪੱਧਰ ’ਤੇ ਬਹੁਤ ਸਾਰੇ ਉਤਪਾਦ ਖਰੀਦਦੀ ਹੈ, ਪੰਜਾਬੀਆਂ ਨੂੰ ਭਾਰੀ ਪ੍ਰਤੱਖ ਅਤੇ ਅਪ੍ਰਤੱਖ ਰੁਜ਼ਗਾਰ ਪ੍ਰਦਾਨ ਕਰਦੀ ਹੈ ਅਤੇ ਰਾਜ ਨੂੰ ਭਾਰੀ ਟੈਕਸਾਂ ਦਾ ਭੁਗਤਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਸੰਗਠਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਰਕਾਰ ਖਿਲਾਫ਼ ਆਪਣਾ ਵਿਰੋਧ ਸ਼ਾਂਤੀਪੂਰਨ ਤਰੀਕੇ ਨਾਲ ਜਾਰੀ ਰੱਖਣ ਪਰ ਰਿਲਾਇੰਸ ਨੂੰ ਆਪਣੇ ਸਟੋਰ ਖੋਲ੍ਹਣ ਦੀ ਆਗਿਆ ਦੇਣ।