ਵੱਡੀ ਖ਼ਬਰ : ਚੰਡੀਗੜ੍ਹ 'ਚ ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ

Thursday, Feb 09, 2023 - 03:51 PM (IST)

ਵੱਡੀ ਖ਼ਬਰ : ਚੰਡੀਗੜ੍ਹ 'ਚ ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ 'ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਹੈ। ਯੂ. ਟੀ. ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਇਲੈਕਟ੍ਰਿਕ ਪਾਲਿਸੀ ਦੇ ਤਹਿਤ ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 'ਤੇ ਅਗਲੇ 5 ਸਾਲਾਂ ਲਈ ਕੈਪਿੰਗ ਲਾਈ ਗਈ ਸੀ। ਚਾਲੂ ਵਿੱਤੀ ਸਾਲ ਲਈ ਪੈਟਰੋਲ 'ਤੇ ਚੱਲਣ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ ਕੈਪਿੰਗ ਦੇ ਤਹਿਤ ਪੂਰੀ ਹੋ ਚੁੱਕੀ ਹੈ। ਇਸ ਲਈ ਇਲੈਕਟ੍ਰਿਕ ਨੀਤੀ ਨੂੰ ਲਾਗੂ ਕਰਨ ਲਈ ਗੈਰ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਤੁਰੰਤ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਨਾਲ ਟਕਰਾਅ ਮਗਰੋਂ 'ਇਨਸਾਫ਼ ਮੋਰਚੇ' ਦੇ ਮੈਂਬਰਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਤਹਿਤ ਮਾਮਲਾ ਦਰਜ

ਪਾਲਿਸੀ ਦੇ ਤਹਿਤ 10 ਫਰਵਰੀ, 2023 ਨੂੰ ਜਾਂ ਉਸ ਤੋਂ ਬਾਅਦ ਵੇਚੇ ਗਏ ਗੈਰ ਇਲੈਕਟ੍ਰਿਕ (ਪੈਟਰੋਲ 'ਤੇ ਚੱਲਣ ਵਾਲੇ) ਦੋਪਹੀਆ ਵਾਹਨਾਂ ਦੀ ਚਾਲੂ ਵਿੱਤੀ ਸਾਲ 'ਚ ਮਤਲਬ ਕਿ 31 ਮਾਰਚ ਤੱਕ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਲਈ ਰਜਿਸਟ੍ਰੇਸ਼ਨ 1 ਅਪ੍ਰੈਲ, 2023 ਤੋਂ ਫਿਰ ਸ਼ੁਰੂ ਹੋ ਜਾਵੇਗੀ ਅਤੇ ਚਾਲੂ ਵਿੱਤੀ ਸਾਲ 2023-24 ਲਈ ਤੈਅ ਸੀਮਾਂ ਦੇ ਮੁਤਾਬਕ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਪਹਿਲੇ ਸਾਲ ਲਈ ਰਜਿਸਟ੍ਰੇਸ਼ਨ 'ਚ ਚੌਪਹੀਆ ਵਾਹਨਾਂ 'ਚ 10 ਫ਼ੀਸਦੀ ਅਤੇ ਦੋਪਹੀਆ ਵਾਹਨਾਂ 'ਚ 35 ਫ਼ੀਸਦੀ ਦੀ ਕਮੀ ਲਿਆਉਣ ਦਾ ਟੀਚਾ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਮਾਨ ਸਰਕਾਰ ਦੀ ਵਿਲੱਖਣ ਪਹਿਲ, ਚੁੱਕਣ ਜਾ ਰਹੀ ਹੈ ਇਹ ਵੱਡਾ ਕਦਮ

ਪਾਲਿਸੀ ਦੇ ਤਹਿਤ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਾਰੇ ਵਾਹਨਾਂ ਨੂੰ ਵੀ ਇਲੈਕਟ੍ਰਿਕ ਵਾਹਨਾਂ 'ਚ ਬਦਲਿਆ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) 'ਚ ਵੀ ਸਾਰੀਆਂ ਇਲੈਕਟ੍ਰਿਕ ਬੱਸਾਂ ਹੀ ਖ਼ਰੀਦੀਆਂ ਜਾਣਗੀਆਂ, ਜਦੋਂ ਕਿ ਪੁਰਾਣੀਆਂ ਬੱਸਾਂ ਦੀ ਥਾਂ ਵੀ ਇਲੈਕਟ੍ਰਿਕ ਬੱਸਾਂ ਹੀ ਆਉਣਗੀਆਂ। ਵਿਭਾਗ ਨੇ ਪਹਿਲਾਂ ਹੀ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਕੋਲ ਕੁੱਲ 80 ਇਲੈਕਟ੍ਰਿਕ ਬੱਸਾਂ ਪਹੁੰਚ ਗਈਆਂ ਹਨ, ਜਦੋਂ ਕਿ ਵਿਭਾਗ 80 ਇਲੈਕਟ੍ਰਿਕ ਬੱਸਾਂ ਹੋਰ ਖ਼ਰੀਦਣ 'ਤੇ ਕੰਮ ਕਰ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News