ਪਹਿਲੇ ਦਿਨ ਪੰਜਾਬ ਦੇ 3600 ਪ੍ਰਵਾਸੀ ਕਾਮਿਆਂ ਨੇ ਘਰ ਵਾਪਸੀ ਲਈ ਕਰਵਾਈ ਰਜਿਸਟਰੇਸ਼ਨ

Saturday, May 02, 2020 - 05:04 PM (IST)

ਪਹਿਲੇ ਦਿਨ ਪੰਜਾਬ ਦੇ 3600 ਪ੍ਰਵਾਸੀ ਕਾਮਿਆਂ ਨੇ ਘਰ ਵਾਪਸੀ ਲਈ ਕਰਵਾਈ ਰਜਿਸਟਰੇਸ਼ਨ

ਚੰਡੀਗੜ੍ਹ: ਜਿਵੇਂ ਕਿ ਕੇਂਦਰ ਸਰਕਾਰ ਪ੍ਰਵਾਸੀ ਕਾਮਿਆਂ ਨੂੰ ਵੱਖ-ਵੱਖ ਸੂਬਿਆਂ 'ਚ ਸਥਿਤ ਉਨ੍ਹਾਂ ਦੇ ਘਰਾਂ 'ਚ ਪਹੁੰਚਾਉਣ ਲਈ ਵਿਸ਼ੇਸ਼ ਟਰੇਨਾਂ ਚਲਾ ਰਹੀ ਹੈ, ਇਸੇ ਤਹਿਤ ਪੰਜਾਬ ਸਰਕਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸੂਬੇ ਦੇ 22 ਜ਼ਿਲਿਆਂ 'ਚ ਕਰੀਬ 5.76 ਲੱਖ ਪ੍ਰਵਾਸੀ ਕਾਮੇ ਰਹਿੰਦੇ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਬੀਤੇ ਵੀਰਵਾਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਪ੍ਰਵਾਸੀ ਕਾਮਿਆਂ, ਜਿਹੜੇ ਕਿ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਦਾ ਡਾਟਾ ਇਕੱਠਾ ਕਰਨ ਲਈ ਕਿਹਾ ਗਿਆ ਸੀ ਅਤੇ ਸ਼ੁੱਕਰਵਾਰ ਸ਼ਾਮ ਤੱਕ 3600 ਕਾਮਿਆਂ ਨੇ ਘਰ ਵਾਪਸੀ ਲਈ ਰਜਿਸਟਰੇਸ਼ਨ ਕਰਵਾਈ ਹੈ।ਇਹ ਕਾਮੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਹੋਰ ਸੂਬਿਆਂ ਨਾਲ ਸਬੰਧਿਤ ਹਨ। ਇਹ ਜਾਣਕਾਰੀ 3 ਮਈ ਤੱਕ ਇਕੱਠੀ ਕਰਨੀ ਹੋਵੇਗੀ ਅਤੇ ਪ੍ਰਵਾਸੀ ਕਾਮਿਆਂ ਦੀ ਘਰ ਵਾਪਸੀ ਦੀ ਪ੍ਰਕਿਰਿਆ 5 ਮਈ ਤੋਂ ਸ਼ੁਰੂ ਹੋਣ ਦੀ ਉਮੀਦ ਹੈ

।ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜਿਹੜੇ ਪ੍ਰਵਾਸੀ ਕਾਮੇ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਟਰੇਨਾਂ ਜਾਂ ਆਵਾਜਾਈ ਦੇ ਹੋਰ ਸਾਧਨਾਂ 'ਚ ਸਵਾਰ ਹੋਣ ਤੋਂ ਪਹਿਲਾਂ ਮੈਡੀਕਲ ਜਾਂਚ ਕਰਵਾਈ ਜਾਵੇ।ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਕਾਮੇ ਵੱਖ-ਵੱਖ ਸੂਬਿਆਂ 'ਚ ਸਥਿਤ ਆਪਣੇ ਘਰਾਂ 'ਚ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਜਾਣ ਲਈ ਵਿਸ਼ੇਸ਼ ਟਰੇਨਾਂ ਚਲਾਈਆਂ ਜਾਣ।


author

Shyna

Content Editor

Related News