ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਕੈਰੋਂ ਰੋਡ ਮੋੜ ''ਤੇ ਜਲਦ ਲੱਗ ਸਕਦੀਆਂ ਹਨ ਹੁਣ ਲਾਲ ਬੱਤੀਆਂ
Saturday, Aug 19, 2017 - 12:02 PM (IST)
ਮਲੋਟ(ਜੱਜ) - ਸ਼ਹਿਰ 'ਚੋਂ ਲੰਘਦੇ ਦਿੱਲੀ-ਫਾਜ਼ਿਲਕਾ ਰਾਸ਼ਟਰੀ ਰਾਜ ਮਾਰਗ ਦੇ ਕੈਰੋਂ ਰੋਡ ਅਤੇ ਦਵਿੰਦਰ ਰੋਡ ਮੋੜਾਂ 'ਤੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਜਲਦ ਲਾਲ ਬੱਤੀਆਂ ਲੱਗਣ ਦੀ ਸੂਚਨਾ ਮਿਲੀ ਹੈ। ਮਲੋਟ ਵਿਕਾਸ ਮੰਚ ਦੇ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ ਤੇ ਸਕੱਤਰ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਲਾਲ ਬੱਤੀਆਂ ਲਾਉਣ ਲਈ ਮੰਚ ਵੱਲੋਂ ਚੀਫ ਇੰਜੀਨੀਅਰ ਨੈਸ਼ਨਲ ਹਾਈਵੇ ਚੰਡੀਗੜ੍ਹ ਨੂੰ ਪੱਤਰ ਲਿਖਿਆ ਸੀ, ਜਿਸ ਪਿਛੋਂ ਹਾਈਵੇ ਅਥਾਰਟੀ ਨੇ ਇਸ ਸਬੰਧੀ ਮਨਜ਼ੂਰੀ ਦੇਣ ਲਈ ਹਾਮੀ ਭਰ ਦਿੱਤੀ, ਜਿਸ ਉਪਰੰਤ ਨਗਰ ਕੌਂਸਲ ਮਲੋਟ ਵਿਖੇ ਈ. ਓ. ਵਿਜੇ ਕੁਮਾਰ ਜਿੰਦਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੈਰੋਂ ਰੋਡ ਮੋੜ ਮਲੋਟ ਸ਼ਹਿਰ ਦੇ ਰੇਲਵੇ ਸਟੇਸ਼ਨ, ਸਿਵਲ ਹਸਪਤਾਲ, ਨਗਰ ਕੌਂਸਲ ਦਫਤਰ, ਸਰਕਾਰੀ ਸਕੂਲ ਅਤੇ ਵੱਡੀ ਆਬਾਦੀ ਨੂੰ ਜਾਣ ਲਈ ਰਾਸ਼ਟਰੀ ਰਾਜਮਾਰਗ ਤੋਂ ਇਕਮਾਤਰ ਰਸਤਾ ਹੈ, ਜਿਸ ਕਰਕੇ ਅਕਸਰ ਇਥੇ ਜਾਮ ਲੱਗ ਜਾਂਦਾ ਹੈ। ਕਈ ਵਾਰ ਇਸ ਜਾਮ 'ਚ ਹਸਪਤਾਲ ਨੂੰ ਜਾਣ ਵਾਲੀ ਐਂਬੂਲੈਂਸ ਵੀ ਫਸ ਜਾਣ ਨਾਲ ਮਰੀਜ਼ ਆਪਣੀ ਜਾਣ ਤੋਂ ਵੀ ਹੱਥ ਧੋ ਬੈਠਦੇ ਹਨ। ਰੇਲਵੇ ਓਵਰਬ੍ਰਿਜ ਦੇ ਬਿਲਕੁਲ ਸਾਹਮਣੇ ਇਹ ਮੋੜ ਹੋਣ ਕਾਰਨ ਪੁਲ ਤੋਂ ਤੇਜ਼ ਰਫਤਾਰ ਗੱਡੀਆਂ ਨਾਲ ਅਕਸਰ ਇਸ ਮੋੜ 'ਤੇ ਸੜਕ ਹਾਦਸੇ ਵਾਪਰਦੇ ਹਨ। ਈ.ਓ. ਜਿੰਦਲ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਨਗਰ ਕੌਂਸਲਰਾਂ ਦੀ ਹੋਣ ਵਾਲੀ ਅਗਲੀ ਮੀਟਿੰਗ ਵਿਚ ਮਤਾ ਪੁਆ ਕਿ ਇਸ ਸਬੰਧੀ ਕਾਰਵਾਈ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ ਗਿੱਲ, ਮਾਸਟਰ ਦਰਸ਼ਨ ਲਾਲ ਕਾਂਸਲ, ਦੇਸ ਰਾਜ ਸਿੰਘ, ਕੇਸਰ ਸਿੰਘ ਆਦਿ ਅਹੇਦਦਾਰ ਹਾਜ਼ਰ ਸਨ ।
