ਲਾਲ ਕਿਲ੍ਹੇ ’ਤੇ ਵਾਪਰੀ ਘਟਨਾ ਮੋਦੀ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਸੀ : ਬੈਂਸ
Thursday, Jan 28, 2021 - 02:24 PM (IST)
ਲੁਧਿਆਣਾ (ਪਾਲੀ) : ਕੇਂਦਰ ਦੀ ਭਾਜਪਾ ਸਰਕਾਰ ਨੇ 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨ ਟਰੈਕਟਰ-ਪਰੇਡ ਦੌਰਾਨ ਸ਼ਰਾਰਤੀ ਅਨਸਰਾਂ ਨਾਲ ਹੁੜਦੰਗ ਮਚਾ ਕੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਅੰਦੋਲਨ ਨੂੰ ਪਾੜਨ ਲਈ ਸਾਜ਼ਿਸ਼ ਰਚੀ ਸੀ, ਜਿਸ ਵਿਚ ਉਹ ਕਾਮਯਾਬ ਹੋ ਗਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ‘ਲਿਪ’ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹਾ ਸਿੰਘੂ ਬਾਰਡਰ ਤੋਂ 30 ਤੋਂ 35 ਕਿਲੋਮੀਟਰ ਦੇ ਫਾਸਲੇ ’ਤੇ ਹੈ। ਇਸ ਰਸਤੇ ’ਚ ਪੁਲਸ ਵੱਲੋਂ ਬੈਰੀਕੇਡ ਨਾ ਲਗਾਏ ਜਾਣ ’ਤੇ ਸਾਬਿਤ ਹੁੰਦਾ ਹੈ ਕਿ ਪੁਲਸ ਨੇ ਸ਼ਰਾਰਤੀ ਅਨਸਰਾਂ ਤੇ ਨੌਜਵਾਨ ਕਿਸਾਨਾਂ ਨੂੰ ਭੜਕਾ ਕੇ ਕਿਲੇ੍ਹ ਤੱਕ ਪਹੁੰਚਣ ਲਈ ਮਦਦ ਕੀਤੀ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਲਾਲ ਕਿਲੇ੍ਹ ਦੀ ਘਟਨਾ ਦੀ ਜਾਂਚ ਇੰਟਰਨੈਸ਼ਨਲ ਏਜੰਸੀ ਤੋਂ ਕਰਵਾਈ ਜਾਵੇ
‘ਲਿਪ’ ਮੁਖੀ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਭਾਜਪਾ ਨੇ ਸੋਚੀ-ਸਮਝੀ ਸਾਜ਼ਿਸ਼ ਅਧੀਨ ਸ਼ਰਾਰਤੀ ਅਨਸਰਾਂ ਤੇ ਨੌਜਵਾਨ ਕਿਸਾਨੀ ਨੂੰ ਲਾਲ ਕਿਲ੍ਹੇ ’ਤੇ ਚੜ੍ਹਾਉਣ ਲਈ ਪ੍ਰੋਗਰਾਮ ਉਲੀਕਿਆ ਸੀ। ਰਾਜੇਵਾਲ, ਉਗਰਾਹਾਂ ਅਤੇ ਟਿਕੈਤ ਵਰਗੇ ਕਿਸਾਨ ਆਗੂ ਜਿਹੜੇ ਲਾਲ ਕਿਲੇ੍ਹ ਵੱਲ ਗਏ ਵੀ ਨਹੀਂ ਸਨ, ਉਨ੍ਹਾਂ ’ਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਬੈਂਸ ਨੇ ਕਿਹਾ ਕਿ ਪੰਜਾਬ ਦਾ ਮੁੱਖ ਕਿੱਤਾ ਕਿਸਾਨੀ ਹੈ, ਜੇਕਰ ਪੰਜਾਬ ’ਚ ਕਿਸਾਨੀ ਖ਼ਤਮ ਹੋ ਗਈ ਤਾਂ ਪੰਜਾਬ ਤਬਾਹ ਹੋ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਦੇ ਬਾਰਡਰਾਂ ’ਤੇ ਗਿਣਤੀ ਨੂੰ ਵਧਾ ਕੇ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਫੇਲ ਕੀਤਾ ਜਾਵੇ। ਇਸ ਮੌਕੇ ਜਥੇਬੰਦਕ ਸਕੱਤਰ ਬਲਦੇਵ ਸਿੰਘ ਪ੍ਰਧਾਨ, ਹਲਕਾ ਪੂਰਬੀ ਦੇ ਇੰਚਾਰਜ ਗੁਰਜੋਧ ਸਿੰਘ, ਯੂਥ ਵਿੰਗ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ, ਜਗਪ੍ਰੀਤ ਸਿੰਘ, ਮਨਿੰਦਰ ਸਿੰਘ ਮਨੀ ਹਾਜ਼ਰ ਸਨ।
ਇਹ ਵੀ ਪੜ੍ਹੋ : ਟਰੱਕ ਅਤੇ ਕਾਰ ਦੀ ਹੋਈ ਭਿਆਨਕ ਟੱਕਰ ’ਚ 2 ਦੀ ਮੌਤ
ਨੋਟ : ਇਸ ਖ਼ਬਰ ਸਬੰਧ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ