ਬਾਗ਼ਬਾਨੀ ਵਿਭਾਗ ਨਾਲ ਸਬੰਧਤ ਜ਼ਮੀਨਾਂ ਦਾ ਰਿਕਾਰਡ ਛੇਤੀ ਹੋਵੇਗਾ ਆਨਲਾਈਨ : ਚੇਤਨ ਸਿੰਘ ਜੌੜਾਮਾਜਰਾ

Tuesday, Aug 22, 2023 - 04:49 AM (IST)

ਬਾਗ਼ਬਾਨੀ ਵਿਭਾਗ ਨਾਲ ਸਬੰਧਤ ਜ਼ਮੀਨਾਂ ਦਾ ਰਿਕਾਰਡ ਛੇਤੀ ਹੋਵੇਗਾ ਆਨਲਾਈਨ : ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੂਬੇ ਵਿਚ ਬਾਗ਼ਬਾਨੀ ਵਿਭਾਗ ਨਾਲ ਸਬੰਧਤ ਜ਼ਮੀਨਾਂ ਦਾ ਸਾਰਾ ਰਿਕਾਰਡ ਛੇਤੀ ਤੋਂ ਛੇਤੀ ਆਨਲਾਈਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਥੇ ਆਪਣੇ ਦਫ਼ਤਰ ਵਿਚ ਵਿਭਾਗ ਦੇ ਮੁੱਖ ਦਫ਼ਤਰ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਅਧਿਕਾਰੀ 15 ਦਿਨਾਂ ਦੇ ਅੰਦਰ-ਅੰਦਰ ਵਿਭਾਗ ਦੀਆਂ ਜ਼ਮੀਨਾਂ ਦੀਆਂ ਜ਼ਿਲ੍ਹਾਵਾਰ ਸੂਚੀਆਂ ਅਤੇ ਤਸਵੀਰਾਂ ਸੌਂਪਣ ਤਾਂ ਜੋ ਰਿਕਾਰਡ ਆਨਲਾਈਨ ਕਰਨ ਵਾਸਤੇ ਮੁਕੰਮਲ ਡਾਟਾ ਅਪਲੋਡ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਵਿਭਾਗ ਦੀ ਮਲਕੀਅਤ ਵਾਲੀਆਂ ਜ਼ਮੀਨਾਂ ’ਤੇ ਕਬਜ਼ੇ ਦੀ ਸੰਭਾਵਨਾ ਬਿਲਕੁਲ ਮਨਫ਼ੀ ਹੋ ਜਾਵੇਗੀ, ਉਥੇ ਵਿਭਾਗ ਖ਼ਾਲੀ ਥਾਵਾਂ 'ਤੇ ਬੂਟੇ ਲਾ ਕੇ ਆਮਦਨ ਦੇ ਵਧੇਰੇ ਸਰੋਤ ਪੈਦਾ ਕਰ ਸਕੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦਾ ਡਾਟਾ ਆਨਲਾਈਨ ਕਰਨ ਦਾ ਮਕਸਦ ਸਰਕਾਰੀ ਕੰਮਕਾਜ ਵਿਚ ਵਧੇਰੇ ਪਾਰਦਰਸ਼ਿਤਾ ਯਕੀਨੀ ਬਣਾਉਣਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦਾ ਇਕ ਹੋਰ ਮੁਲਾਜ਼ਮ ਪੱਖੀ ਫ਼ੈਸਲਾ, ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਅਧਿਆਪਕ ਕੀਤੇ ਰੈਗੂਲਰ

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਬਾਗ਼ਬਾਨੀ ਅਫ਼ਸਰਾਂ ਨੂੰ ਤੁਰੰਤ ਪੱਤਰ ਜਾਰੀ ਕਰਕੇ ਕਾਰਵਾਈ ਅਮਲ ਵਿਚ ਲਿਆਉਣ। ਸੂਬੇ ਦੀਆਂ ਪ੍ਰਾਈਵੇਟ ਨਰਸਰੀਆਂ ਨੂੰ ਵਿਭਾਗ ਨਾਲ ਰਜਿਸਟਰਡ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਦੇ ਨਾਲ-ਨਾਲ ਹੀ ਬਾਗ਼ਬਾਨੀ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਕਮਰਸ਼ੀਅਲ ਵਰਤੋਂ ਲਈ ਸੂਬੇ ਦੇ ਵਾਤਾਵਰਣ ਦੇ ਅਨੁਕੂਲ ਬੂਟੇ ਹੀ ਲਾਏ ਜਾਣ।

ਇਹ ਖ਼ਬਰ ਵੀ ਪੜ੍ਹੋ : ਨਿਸ਼ਾਨੇਬਾਜ਼ ਸਿਫ਼ਤ ਸਮਰਾ ਨੇ ਓਲੰਪਿਕਸ ਕੋਟਾ ਕੀਤਾ ਹਾਸਲ, ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਵਿਭਾਗ ਵਿਚ ਕੰਮ ਕਰਦੇ ਐੱਨ. ਐੱਚ. ਐੱਮ. ਮੁਲਾਜ਼ਮ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਹ ਮੁਲਾਜ਼ਮ ਵਿਭਾਗ ਦਾ ਅਨਿਖੱੜਵਾਂ ਅੰਗ ਹਨ। ਇਸ ਲਈ ਇਨ੍ਹਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬੇ ਵਿਚ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਦਾ ਰੁਜ਼ਗਾਰ ਖੋਹਣ ਵਾਲੀ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਦੇ ਡਾਇਰੈਕਟਰ ਸ਼ੈਲੇਂਦਰ ਕੌਰ ਨੂੰ ਆਦੇਸ਼ ਦਿੱਤੇ ਕਿ ਉਹ ਸੂਬੇ ਦੇ ਸਮੂਹ ਦਫ਼ਤਰਾਂ ਦਾ ਦੌਰਾ ਕਰਨ ਅਤੇ ਸਟਾਫ਼ ਤੇ ਸਾਮਾਨ ਸਬੰਧੀ ਰਿਪੋਰਟ ਦੇਣ।

ਇਹ ਖ਼ਬਰ ਵੀ ਪੜ੍ਹੋ : CEAT ਕ੍ਰਿਕਟ ਰੇਟਿੰਗ ਐਵਾਰਡਜ਼ : ਛਾ ਗਏ ਸ਼ੁਭਮਨ ਗਿੱਲ, ਜਿੱਤੇ 3 ਐਵਾਰਡਜ਼, ਜ਼ਬਰਦਸਤ ਰਿਹਾ 1 ਸਾਲ ਦਾ ਪ੍ਰਦਰਸ਼ਨ

ਮੀਟਿੰਗ ਦੌਰਾਨ ਕਿਸਾਨਾਂ ਦੀ ਆਮਦਨ ਵਧਾਉਣ ਲਈ ਫ਼ਸਲੀ ਵਿਭਿੰਨਤਾ ਅਪਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਸਬੰਧੀ ਬਾਗ਼ਬਾਨੀ ਵਿਭਾਗ ਫ਼ਸਲੀ ਵਿਭਿੰਨਤਾ ਵਿਚ ਅਹਿਮ ਯੋਗਦਾਨ ਪਾਵੇ ਅਤੇ ਵਿਭਾਗ ਦੀਆਂ ਸਕੀਮਾਂ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰੇ। ਜੌੜਾਮਾਜਰਾ ਨੇ ਵੱਖ-ਵੱਖ ਜ਼ਿਲ੍ਹਿਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੈਂਪਾਂ ਰਾਹੀਂ ਕਿਸਾਨਾਂ ਨੂੰ ਬਾਗ਼ਬਾਨੀ ਸਕੀਮਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਤਾਂ ਜੋ ਕਿਸਾਨ ਰਵਾਇਤੀ ਫ਼ਸਲਾਂ ਨਾਲੋਂ ਵੱਧ ਆਮਦਨ ਕਮਾ ਸਕਣ। ਇਸ ਤੋਂ ਇਲਾਵਾ ਵਿਭਾਗ ਵਿਚ ਤਰੱਕੀ ਦੇ ਮਾਮਲਿਆਂ, ਦਰਜਾ-4 ਕਰਮਚਾਰੀਆਂ ਦੀ ਭਰਤੀ ਸਬੰਧੀ ਤਜਵੀਜ਼ ਅਤੇ ਉਪ-ਨਿਰੀਖਕਾਂ, ਮਾਲੀਆਂ ਤੇ ਬੇਲਦਾਰਾਂ ਦੇ ਨਿਯਮਾਂ ਸਬੰਧੀ ਤਾਜ਼ਾ ਸਥਿਤੀ ਆਦਿ ਮੁੱਦਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।


author

Manoj

Content Editor

Related News