ਜੰਗਲਾਤ ਘਪਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਧਰਮਸੌਤ ਮਗਰੋਂ ਹੁਣ ਇਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੇ ਹੁਕਮ

Thursday, Jun 16, 2022 - 04:10 PM (IST)

ਜਲੰਧਰ (ਨਰਿੰਦਰ ਮੋਹਨ) : ਪੰਜਾਬ ਦੇ ਜੰਗਲਾਤ ਘਪਲੇ ਦੀਆਂ ਪਰਤਾਂ ਦਿਨੋਂ-ਦਿਨ ਉਜਾਗਰ ਹੋ ਰਹੀਆਂ ਹਨ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਸ ਘਪਲੇ ਵਿੱਚ ਸ਼ਾਮਲ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਵਿਜੀਲੈਂਸ ਬਿਊਰੋ ਦੇ ਸਾਬਕਾ ਐੱਸ. ਪੀ. ਅਤੇ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਆਈ. ਜੀ. ਅਸ਼ੀਸ਼ ਕਪੂਰ ਨੂੰ ਵੀ ਘੇਰੇ ਵਿੱਚ ਲੈ ਲਿਆ ਗਿਆ ਹੈ। ਜੰਗਲਾਤ ਵਿਭਾਗ ਦੇ ਮੁੱਖ ਵਣਪਾਲ ਨੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਸਰਕਾਰੀ ਚਿੱਠੀ ਲਿਖ ਕੇ ਅਸ਼ੀਸ਼ ਕਪੂਰ ਨੂੰ ਮੋਹਾਲੀ ਵਿੱਚ ਬਣ ਰਹੀ ਅਾਪਣੀ ਕੋਠੀ ਵਿੱਚ ਲੱਖਾਂ ਰੁਪਏ ਦੀ ਲੱਕੜ ਦੀ ਵਰਤੋਂ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਦਸਤਾਵੇਜ਼ਾਂ ਨੂੰ ਖੁਰਦ-ਬੁਰਦ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਚੀਫ ਫਾਰੈਸਟਰ ਨੇ ਐੱਸ. ਪੀ. ਸਮੇਤ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

ਪੰਜਾਬ ਦੇ ਜੰਗਲਾਤ ਵਿਭਾਗ ਵਿੱਚ ਜ਼ਿਲ੍ਹਾ ਮੋਹਾਲੀ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਕੋਲ ਬਣੇ ਫਾਰਮ ਹਾਊਸ ਦੀ ਅਲਾਟਮੈਂਟ ਦਾ ਵਿਵਾਦ ਵੀ ਚੱਲ ਰਿਹਾ ਹੈ। ਇਸ ਨਾਲ ਦਰੱਖਤਾਂ ਦੀ ਕਟਾਈ ਦਾ ਮਾਮਲਾ ਵੀ ਭਖਣ ਲੱਗਾ ਹੈ। ਇਸ ਮਾਮਲੇ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਹੋ ਰਹੀ ਦੇਰੀ ਬਾਰੇ ਪੰਜਾਬ ਦੇ ਮੁੱਖ ਵਣਪਾਲ (ਹਿਲਸ) ਨੇ ਵਿਜੀਲੈਂਸ ਬਿਊਰੋ ਨੂੰ ਇੱਕ ਸਰਕਾਰੀ ਚਿੱਠੀ ਲਿਖ ਕੇ ਪਿਛਲੇ ਦਿਨੀਂ ਦਰੱਖਤਾਂ ਦੀ ਕਟਾਈ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੀ ਜਾਂਚ ਐੱਸ. ਪੀ. ਅਸ਼ੀਸ਼ ਕਪੂਰ ਨੇ ਕੀਤੀ ਸੀ, ਜੋ ਹੁਣ ਵਿਜੀਲੈਂਸ ਬਿਊਰੋ ਦੇ ਏ. ਆਈ. ਜੀ. ਹਨ। ਚਿੱਠੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਸ਼ੀਸ਼ ਕਪੂਰ ਨੇ ਦਰੱਖਤਾਂ ਦੀ ਨਾਜਾਇਜ਼ ਕਟਾਈ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਸੀ, ਸਗੋਂ ਸਬੰਧਤ ਜੰਗਲਾਤ ਦੇ ਠੇਕੇਦਾਰਾਂ ਦੇ ਬਿਆਨ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ- ਜਾਣੋ ਪੰਜਾਬ ਦੇ ਕਿਸ ਸ਼ਹਿਰ ਤੋਂ ਕਿਹੜੇ ਸਮੇਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ ਸਰਕਾਰੀ ਬੱਸਾਂ

ਇਲਜ਼ਾਮ ਅਨੁਸਾਰ ਜਾਂਚ ਵਿੱਚ ਇਸ ਨੂੰ ਵਿਭਾਗੀ ਬੇਨਿਯਮੀਆਂ ਕਿਹਾ ਗਿਆ ਜਦੋਂ ਕਿ ਪਰਮਿਟਾਂ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਵਣ ਮੰਡਲ ਅਫ਼ਸਰ ਅਮਨਪ੍ਰੀਤ ਸਿੰਘ ਵੱਲੋਂ ਮੰਤਰੀਆਂ ਨੂੰ ਪੈਸੇ ਭੇਜੇ ਗਏ ਸਨ । ਇਸ ਸਭ ਦੇ ਬਦਲੇ ਅਮਨਪ੍ਰੀਤ ਸਿੰਘ ਜੰਗਲਾਤ ਡਵੀਜ਼ਨਲ ਅਫ਼ਸਰ ਨੇ ਅਸ਼ੀਸ਼ ਕਪੂਰ ਦੇ ਨਵੇਂ ਬਣੇ ਮਕਾਨ ਲਈ ਇੱਕ ਟਿੰਬਰ ਸਟੋਰ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਲੱਕੜ ਖ਼ਰੀਦੀ ਅਤੇ ਭੇਜੀ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਵਿਭਾਗੀ ਕਾਰਵਾਈ ਕਹਿ ਕੇ ਵੱਖਰਾ ਮੋੜ ਦੇ ਦਿੱਤਾ ਹੈ।

ਇਹ ਵੀ ਪੜ੍ਹੋ- ਨਵੀਂ ਆਬਾਕਾਰੀ ਨੀਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼ਰਾਬ ਦੇ ਠੇਕੇਦਾਰ ਆਹਮੋ-ਸਾਹਮਣੇ

ਚਿੱਠੀ ਅਨੁਸਾਰ ਅਸ਼ੀਸ਼ ਕਪੂਰ ਵੱਲੋਂ ਕਾਨੂੰਨਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਕਰ ਕੇ ਵੱਡੀ ਰਕਮ ਦਾ ਗਬਨ ਕੀਤਾ ਗਿਆ। ਇਹ ਮਾਮਲਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਨਜਿੱਠਿਆ ਜਾਣਾ ਸੀ। ਹੁਣ ਇਸ ਮਾਮਲੇ ਵਿੱਚ ਵਣ ਮੰਡਲ ਅਫ਼ਸਰ, ਅਸ਼ੀਸ਼ ਕਪੂਰ ਅਤੇ ਇੰਸਪੈਕਟਰ ਧਰਮਪਾਲ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਹੈ। ਇਸ ਮਾਮਲੇ ਵਿੱਚ ਕਲੀਨ ਚਿੱਟ ਵੀ ਜਾਰੀ ਕੀਤੀ ਗਈ ਸੀ। ਚਿੱਠੀ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਟਰਾਇਲ ਵਿੱਚ ਜੰਗਲਾਤ ਵਿਭਾਗ ਦੇ ਇੱਕ ਠੇਕੇਦਾਰ ਦਾ ਨਾਂ ਆ ਰਿਹਾ ਹੈ । ਉਸ ਦੀਆਂ ਕੁਝ ਤਸਵੀਰਾਂ ਵੀ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਸਨ ਪਰ ਉਨ੍ਹਾਂ ਦਸਤਾਵੇਜ਼ਾਂ ਨੂੰ ਵੀ ਅਸ਼ੀਸ਼ ਕਪੂਰ ਵੱਲੋਂ ਕਥਿਤ ਤੌਰ ’ਤੇ ਮੌਕੇ ਤੋਂ ਗਾਇਬ ਕਰ ਦਿੱਤਾ ਗਿਆ ਸੀ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਘਪਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ 2 ਅਤੇ 6 ਜੂਨ ਨੂੰ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ । ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਿੱਚ ਵਿਜੀਲੈਂਸ ਅਧਿਕਾਰੀ ਦਾ ਨਾਂ ਸਾਹਮਣੇ ਆਉਣ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੀ ਵਧ ਗਈ ਹੈ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News