ਬਾਗੀ ਕਾਂਗਰਸੀ ਦੱਸਣ ਕੈਪਟਨ ਦੀ ਅਗਵਾਈ ਕਬੂਲ ਹੈ ਜਾਂ ਅਸਤੀਫ਼ੇ ਦੇ ਕੇ ਪੰਜਾਬ ਲਈ ਲੜਨਗੇ : ਮੀਤ ਹੇਅਰ
Friday, Aug 27, 2021 - 02:48 AM (IST)
ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ ਪੰਜਾਬ ਨੇ ਕੈ. ਅਮਰਿੰਦਰ ਸਿੰਘ ਦੀ ਅਗਵਾਈ ਨੂੰ ਸਿਰੇ ਤੋਂ ਖਾਰਿਜ ਕਰਨ ਵਾਲੇ ਬਾਗੀ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ‘ਆਪ’ ਦਾ ਕਹਿਣਾ ਹੈ ਕਿ ਪੰਜਾਬ ਦੇ ਸੂਬਾ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਸੁਣਾਏ ਕਾਂਗਰਸੀ ਫ਼ਰਮਾਨ ਉਪਰੰਤ ਹੁਣ ਪਤਾ ਲੱਗੇਗਾ ਕਿ ਇਹ ‘ਬਾਗੀ ਕਾਂਗਰਸੀ’ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਬੂਲ ਕਰ ਲੈਂਦੇ ਹਨ ਜਾਂ ਫੇਰ ਅਸਤੀਫ਼ੇ ਦੇ ਕੇ ਪੰਜਾਬ ਲਈ ਲੜਾਈ ਜਾਰੀ ਰੱਖਣਗੇ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਵਿਖੇ ਡਿਨਰ ਡਿਪਲੋਮੇਸੀ ਤਹਿਤ ਕੀਤਾ ਸ਼ਕਤੀ ਪ੍ਰਦਰਸ਼ਨ (ਵੀਡੀਓ)
‘ਆਪ’ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਇਨ੍ਹਾਂ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਲੀਮੀ ਭਰੀ ਸਲਾਹ ਦਿੰਦਿਆਂ ਕਿਹਾ, ਕਿ ਜੇਕਰ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੇਹਰਾਦੂਨ ਜਾਂ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਹੈ, ਉਹ ਰਾਜਧਾਨੀ ਸਥਿਤ ਪੰਜਾਬ ਰਾਜ ਭਵਨ ਜਾ ਕੇ ਹੀ ਪੰਜਾਬ ਬਚਾ ਸਕਦੇ ਹਨ ਪਰ ਇਸ ਲਈ ਰਾਜਪਾਲ ਨੂੰ ਆਪਣੇ ਅਸਤੀਫ਼ੇ ਸੌਂਪ ਕੇ ਕੈਪਟਨ ਪ੍ਰਤੀ ਬੇਭਰੋਸਗੀ ਦਰਜ ਕਰਾਉਣੀ ਪਵੇਗੀ।
ਇਹ ਵੀ ਪੜ੍ਹੋ- ਹੁਣ ਵਿਜੀਲੈਂਸ ਬਿਊਰੋ ਕਰੇਗੀ ਸਰਕਾਰੀ ਗੋਦਾਮਾਂ ’ਚ ਕਰੋੜਾਂ ਰੁਪਏ ਦੇ ਅਨਾਜ ਘਪਲੇ ਦੀ ਜਾਂਚ
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਦੇ ਨਾਂ ’ਤੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨਾਲ ਹਨ ਜਾਂ ਪੰਜਾਬ ਅਤੇ ਪੰਜਾਬੀਆਂ ਦੇ ਨਾਲ, ਕਿਉਂਕਿ ਹਰੀਸ਼ ਰਾਵਤ ਨੇ ਸਾਫ਼ ਸ਼ਬਦਾਂ ਵਿਚ ਆਖ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਅਤੇ 2022 ਦੀਆਂ ਚੋਣਾਂ ਵੀ ਕੈਪਟਨ ਦੀ ਅਗਵਾਈ ਵਿਚ ਹੀ ਲੜੀਆਂ ਜਾਣਗੀਆਂ।