ਚੋਣ ਨਤੀਜੇ ਤੋਂ ਬਾਅਦ ਕਾਂਗਰਸ ’ਚ ਛਿੜੀ ਨਵੀਂ ਚਰਚਾ: ਇਸ ਫ਼ੈਸਲੇ ਕਾਰਨ ਢਹਿ-ਢੇਰੀ ਹੋਇਆ ਜਲੰਧਰ ਦਾ ''ਕਿਲ੍ਹਾ''

05/14/2023 4:44:29 AM

ਜਲੰਧਰ (ਚੋਪੜਾ)– ਕਾਂਗਰਸ ਦਾ ਗੜ੍ਹ ਰਹੀ ਜਲੰਧਰ ਲੋਕ ਸਭਾ ਸੀਟ (ਰਿਜ਼ਰਵ) ਰੇਤਾ ਵਾਂਗ ਕਾਂਗਰਸ ਦੇ ਹੱਥਾਂ ਵਿਚੋਂ ਕਿਰ ਗਈ ਅਤੇ ‘ਆਪ’ ਦੇ ਝਾੜੂ ਨੇ ਪਹਿਲੀ ਵਾਰ ਇਸ ਸੀਟ ’ਤੇ ਆਪਣਾ ਝੰਡਾ ਲਹਿਰਾਅ ਦਿੱਤਾ ਹੈ ਪਰ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਦਾ ਇਕ ਵੱਡਾ ਵਰਗ ਹਾਈਕਮਾਨ ਵੱਲੋਂ ਉਮੀਦਵਾਰ ਦੀ ਚੋਣ ’ਤੇ ਵੀ ਸਵਾਲ ਖੜ੍ਹੇ ਕਰਨ ਲੱਗ ਪਿਆ ਹੈ।

ਉਂਝ ਤਾਂ ਸੰਤੋਖ ਸਿੰਘ ਚੌਧਰੀ ਦੇ ਅਚਾਨਕ ਦਿਹਾਂਤ ਤੋਂ ਬਾਅਦ ਟਿਕਟ ਦੀ ਰੇਸ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 117 ਵਿਚੋਂ 92 ਸੀਟਾਂ ਜਿੱਤ ਕੇ ਸੂਬੇ ਵਿਚ ਕਾਂਗਰਸ ਦਾ ਇਕ ਤਰ੍ਹਾਂ ਨਾਲ ਸੁਪੜਾ ਸਾਫ ਕਰ ਦਿੱਤਾ ਸੀ। ਮਾਲਵਾ ਇਲਾਕੇ ਦੀਆਂ 69 ਵਿਚੋਂ 67 ਸੀਟਾਂ ‘ਆਪ’ ਨੇ ਜਿੱਤੀਆਂ ਪਰ ਅਜਿਹੇ ਸਮੇਂ ਵਿਚ ਵੀ ਕਾਂਗਰਸ ਜਲੰਧਰ ਦੀ 9 ਵਿਧਾਨ ਸਭਾ ਸੀਟਾਂ ਵਿਚੋਂ 5 ’ਤੇ ਆਪਣਾ ਝੰਡਾ ਲਹਿਰਾਉਣ ਵਿਚ ਕਾਮਯਾਬ ਹੋਈ।

ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਤੋਂ ਵਾਪਸ ਆਵੇਗਾ ਕੋਹਿਨੂਰ! ਭਾਰਤ ਸਰਕਾਰ ਨੇ ਪੁਰਾਤਨ ਵਸਤਾਂ ਲਿਆਉਣ ਲਈ ਤਿਆਰ ਕੀਤੀ ਇਹ ਯੋਜਨਾ

ਜਲੰਧਰ ਲੋਕ ਸਭਾ ਵਿਚ 35 ਫੀਸਦੀ ਦੇ ਲਗਭਗ ਵੋਟ ਬੈਂਕ ਦਲਿਤ ਭਾਈਚਾਰੇ ਦਾ ਹੋਣਾ ਅਤੇ ਡੇਰਾ ਫੈਕਟਰ ਦਾ ਪ੍ਰਭਾਵ ਹੋਣਾ ਵੀ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਸੀ। ਉਥੇ ਹੀ, ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾਇਆ ਅਤੇ ਚੰਨੀ ਨੇ ਬਤੌਰ ਮੁੱਖ ਮੰਤਰੀ ਜਲੰਧਰ ਦੇ ਡੇਰਾ ਬੱਲਾਂ ਸਮੇਤ ਹੋਰਨਾਂ ਡੇਰਿਆਂ ਵਿਚ ਨਤਮਸਤਕ ਹੋ ਕੇ ਜਿਥੇ ਆਪਣਾ ਖਾਸਾ ਪ੍ਰਭਾਵ ਬਣਾਇਆ, ਉਥੇ ਹੀ ਦਲਿਤ ਭਾਈਚਾਰੇ ਵਿਚ ਆਪਣੀ ਪੈਠ ਵਧਾਉਣ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਚੰਨੀ ਨੇ ਡੇਰਾ ਬੱਲਾਂ ’ਚ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਖੋਜ ਕੇਂਦਰ ਦੀ ਸਥਾਪਨਾ ਲਈ 25 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ। ਅਜਿਹੇ ਹੀ ਕਈ ਕਾਰਨ ਰਹੇ ਕਿ ਚੰਨੀ ਜ਼ਿਮਨੀ ਚੋਣ ਵਿਚ ਉਮੀਦਵਾਰ ਵਜੋਂ ਕਾਂਗਰਸੀਆਂ ਦੀ ਪਹਿਲੀ ਪਸੰਦ ਬਣ ਕੇ ਉਭਰੇ ਸਨ।

ਇਹ ਖ਼ਬਰ ਵੀ ਪੜ੍ਹੋ - IPL 2023: ਮਹੱਤਵਪੂਰਨ ਮੁਕਾਬਲੇ 'ਚ ਪੰਜਾਬ ਦੀ ਦਿੱਲੀ 'ਤੇ ਸ਼ਾਨਦਾਰ ਜਿੱਤ, Play-off ਦੀਆਂ ਉਮੀਦਾਂ ਰੱਖੀਆਂ ਕਾਇਮ

ਪਰ ਸੀਨੀਅਰ ਆਗੂਆਂ ਦਾ ਇਕ ਵਰਗ ਅਜਿਹਾ ਵੀ ਸੀ, ਜਿਹੜਾ ਨਹੀਂ ਚਾਹੁੰਦਾ ਸੀ ਕਿ ਚੰਨੀ ਨੂੰ ਟਿਕਟ ਮਿਲੇ। ਉਨ੍ਹਾਂ ਹਾਈਕਮਾਨ ਤੱਕ ਗੱਲ ਰੱਖਦੇ ਹੋਏ ਚੰਨੀ ਦੇ ਨਾਂ ਦੀ ਅੰਦਰਖਾਤੇ ਵਿਰੋਧਤਾ ਕਰਦਿਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਦਾ ਠੀਕਰਾ ਚੰਨੀ ਦੇ ਸਿਰ ਭੰਨਦਿਆਂ ਕਿਹਾ ਕਿ ਹਾਰ ਤੋਂ ਬਾਅਦ ਚੰਨੀ ਅਮਰੀਕਾ ਚਲੇ ਗਏ ਅਤੇ ਲਗਭਗ 9 ਮਹੀਨੇ ਉਥੇ ਹੀ ਰਹੇ, ਜਿਸ ਦਾ ਆਮ ਜਨਤਾ ਵਿਚ ਬੁਰਾ ਪ੍ਰਭਾਵ ਪਿਆ, ਉੱਥੇ ਹੀ ਵਿਦੇਸ਼ ਤੋਂ ਪਰਤਣ ਤੋਂ ਬਾਅਦ ਹੁਣ ਫਿਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਚਰਚਾਵਾਂ ਵਿਚ ਹਨ। ਇਥੋਂ ਤੱਕ ਕਿ ਪੰਜਾਬ ਵਿਜੀਲੈਂਸ ਨੇ ਚੰਨੀ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਦੇ ਵਿਦੇਸ਼ ਜਾਣ ’ਤੇ ਰੋਕ ਲਾ ਦਿੱਤੀ ਹੈ। ਅਜਿਹੇ ਹਾਲਾਤ ਵਿਚ ਜੇਕਰ ਵਿਵਾਦਾਂ ਵਿਚ ਘਿਰੇ ਚੰਨੀ ਨੂੰ ਟਿਕਟ ਦਿੱਤੀ ਤਾਂ ਕਾਂਗਰਸ ਵਿਰੋਧੀ ਪਾਰਟੀਆਂ ਦੇ ਸਿੱਧੇ ਨਿਸ਼ਾਨੇ ’ਤੇ ਆ ਜਾਵੇਗੀ। ਜੇਕਰ ਇਸੇ ਵਿਚਕਾਰ ਵਿਜੀਲੈਂਸ ਨੇ ਕੋਈ ਕੇਸ ਦਰਜ ਕਰ ਦਿੱਤਾ ਤਾਂ ਜਿਥੇ ਕਾਂਗਰਸ ਦੀ ਕਿਰਕਿਰੀ ਹੋਵੇਗੀ, ਉਥੇ ਹੀ ਪਾਰਟੀ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਵੇਗਾ। ਜੇਕਰ ਕਰਮਜੀਤ ਚੌਧਰੀ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਸੰਤੋਖ ਚੌਧਰੀ ਦੇ ਕੀਤੇ ਕੰਮਾਂ ਦਾ ਲਾਭ ਮਿਲੇਗਾ, ਉਥੇ ਹੀ ਸਵ. ਸੰਸਦ ਮੈਂਬਰ ਦੇ ਦਿਹਾਂਤ ਕਾਰਨ ਹਮਦਰਦੀ ਦੀ ਵੋਟ ਵੀ ਮਿਲ ਜਾਵੇਗੀ।

ਕਾਂਗਰਸ ਹਾਈਕਮਾਨ ਨੇ ਕੋਈ ਰਿਸਕ ਨਾ ਲੈਂਦਿਆਂ ਬਿਨਾਂ ਕੋਈ ਸਰਵੇ ਕਰਵਾਏ ਚੋਣ ਮਿਤੀ ਦਾ ਐਲਾਨ ਹੋਣ ਤੋਂ ਲਗਭਗ ਮਹੀਨਾ ਪਹਿਲਾਂ ਹੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦੇਣ ਦਾ ਐਲਾਨ ਕਰ ਦਿੱਤਾ, ਹਾਲਾਂਕਿ ਚਰਨਜੀਤ ਚੰਨੀ ਨੇ ਜਲੰਧਰ ਵਿਚ ਧੂੰਆਂਧਾਰ ਚੋਣ ਪ੍ਰਚਾਰ ਕਰ ਕੇ ‘ਆਪ’ ਸਰਕਾਰ ਨੂੰ ਲੰਮੇ ਹੱਥੀਂ ਲਿਆ, ਉਥੇ ਹੀ ਆਪਣੀ ਸਰਕਾਰ ਦੇ 111 ਦਿਨਾਂ ਦੇ ਕੰਮਾਂ ਨੂੰ ਜਨਤਾ ਦੇ ਵਿਚਕਾਰ ਮਜ਼ਬੂਤੀ ਨਾਲ ਰੱਖਿਆ। ਚੰਨੀ ਦੀਆਂ ਮੀਟਿੰਗਾਂ ਵਿਚ ਇਕੱਤਰ ਭਾਰੀ ਗਿਣਤੀ ਵਿਚ ਲੋਕਾਂ ਨੂੰ ਦੇਖ ਕੇ ਕਾਂਗਰਸੀ ਵੀ ਮੰਨਦੇ ਰਹੇ ਕਿ ਚੰਨੀ ਨੂੰ ਹੀ ਜਲੰਧਰ ਵਿਚ ਜ਼ਿਮਨੀ ਚੋਣ ਲੜਾਉਣੀ ਚਾਹੀਦੀ ਸੀ।

ਇਹ ਖ਼ਬਰ ਵੀ ਪੜ੍ਹੋ - ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦਾ ਪਹਿਲਾ ਬਿਆਨ, ਲੋਕਾਂ ਦਾ ਕੀਤਾ ਧੰਨਵਾਦ

ਉਥੇ ਹੀ, ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸ ਦੇ ਹੀ ਇਕ ਹੋਰ ਦਲਿਤ ਅਤੇ ਨੌਜਵਾਨ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਕੇ ਚੋਣ ਮੈਦਾਨ ਵਿਚ ਉਤਾਰ ਦਿੱਤਾ, ਜਿਸ ਨਾਲ ਚੋਣ ਇਕ ਤਰ੍ਹਾਂ ਨਾਲ ਕਾਂਗਰਸ ਬਨਾਮ ਕਾਂਗਰਸ ਵੀ ਹੋ ਗਈ। ਸੁਸ਼ੀਲ ਰਿੰਕੂ ਨੇ ਮਜ਼ਬੂਤ ਅਤੇ ਧੂੰਆਂਧਾਰ ਚੋਣ ਪ੍ਰਚਾਰ ਕੀਤਾ ਅਤੇ ‘ਆਪ’ ਦੀ ਸਮੁੱਚੀ ਲੀਡਰਸ਼ਿਪ ਨਾਲ ਗਲੀ-ਗਲੀ ਵਿਚ ਜਨਤਾ ਦੇ ਵਿਚਕਾਰ ਜਾ ਕੇ ਵੋਟਾਂ ਮੰਗਣ ਤੋਂ ਇਲਾਵਾ ਚੌਧਰੀ ਪਰਿਵਾਰ ਨਾਲ ਨਾਰਾਜ਼ ਚੱਲ ਰਹੇ ਕਾਂਗਰਸੀਆਂ ਦੇ ਇਕ ਵੱਡੇ ਵਰਗ ਵਿਚ ਸੰਨ੍ਹ ਲਾਉਂਦਿਆਂ ਉਨ੍ਹਾਂ ਨੂੰ ‘ਆਪ’ ਵਿਚ ਸ਼ਾਮਲ ਕਰਵਾਇਆ ਅਤੇ ਆਪਣੀ ਕਾਮਯਾਬੀ ਦਾ ਇਤਿਹਾਸ ਰਚ ਦਿੱਤਾ।

ਕਾਂਗਰਸ ਦੀ ਵੱਡੀ ਹਾਰ ਤੋਂ ਬਾਅਦ ਸਭ ਤੋਂ ਵੱਡੀ ਚਰਚਾ ਇਹ ਚੱਲ ਰਹੀ ਹੈ ਕਿ ਕੀ ਹਾਈਕਮਾਨ ਨੇ ਉਮੀਦਵਾਰ ਦੀ ਚੋਣ ਵਿਚ ਗਲਤੀ ਕੀਤੀ ਹੈ? ਜੇਕਰ ਪਰਿਵਾਰਵਾਦ ਨੂੰ ਅੱਗੇ ਵਧਾਉਣ ਦੀ ਗਲਤੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਕਾਂਗਰਸ ਆਪਣਾ ਗੜ੍ਹ ਬਚਾਉਣ ਵਿਚ ਕਾਮਯਾਬ ਹੋ ਜਾਂਦੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News