ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Saturday, Feb 19, 2022 - 11:54 PM (IST)

ਜਲੰਧਰ : ਕੱਲ੍ਹ ਯਾਨੀ ਐਤਵਾਰ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਪੈ ਰਹੀਆਂ ਹਨ, ਜਿਸ ਨੂੰ ਲੈ ਕੇ ਚੋਣ ਅਮਲੇ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ -

ਪੰਜਾਬ ਚੋਣਾਂ : ਵੈੱਬ ਕਾਸਟਿੰਗ ਜ਼ਰੀਏ ਚੋਣ ਕਮਿਸ਼ਨ ਦੇ ਰਾਡਾਰ 'ਤੇ ਰਹਿਣਗੇ ਸਾਰੇ ਪੋਲਿੰਗ ਸਟੇਸ਼ਨ

ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਤਹਿਤ ਜਿੱਥੇ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ, ਉੱਥੇ ਹੀ ਚੋਣ ਜ਼ਾਬਤੇ ਦੇ ਨਿਯਮਾਂ ਦਾ ਪਾਲਣ ਯਕੀਨੀ ਬਣਾਉਣ ਲਈ ਮਾਈਕਰੋ ਆਬਜ਼ਰਵਰ ਲਾਏ ਗਏ ਹਨ।

ਪੰਜਾਬ ਵਿਧਾਨ ਸਭਾ ਚੋਣਾਂ : ਉਮੀਦਵਾਰ ਹਨ, ਪਰ ਖ਼ੁਦ ਨੂੰ ਨਹੀਂ ਪਾ ਸਕਣਗੇ 'ਵੋਟ'

ਚੋਣਾਂ ਭਾਵੇਂ ਪੰਚਾਇਤ ਦੀਆਂ ਹੋਣ, ਵਿਧਾਨ ਸਭਾ ਜਾਂ ਫਿਰ ਲੋਕ ਸਭਾ ਦੀਆਂ, ਹਰ ਉਮੀਦਵਾਰ ਆਪਣੀ ਜਿੱਤ ਲਈ ਇਕ-ਇਕ ਵੋਟ ਜੁਟਾਉਣ ਵਿਚ ਸਖ਼ਤ ਮਸ਼ੱਕਤ ਕਰਦਾ ਹੈ। ਦਿਨ-ਰਾਤ ਇਕ ਕਰ ਕੇ ਉਹ ਹਰ ਵੋਟਰ ਤੱਕ ਪੁੱਜਣ ਦਾ ਯਤਨ ਕਰਦਾ ਹੈ, ਇਹ ਕੋਸ਼ਿਸ਼ ਉਹ ਖ਼ੁਦ ਵੀ ਕਰਦਾ ਹੈ ਅਤੇ ਉਸ ਦੀ ਪਾਰਟੀ ਦੇ ਨੇਤਾ ਅਤੇ ਵਰਕਰ ਵੀ। ਪਰ ਇਸ ਨੂੰ ਕੀ ਕਹਾਂਗੇ, ਜੇਕਰ ਕੋਈ ਉਮੀਦਵਾਰ ਖ਼ੁਦ ਨੂੰ ਹੀ ਵੋਟ ਨਾ ਪਾ ਸਕੇ।

ਪੰਜਾਬ ਚੋਣਾਂ : ਵੋਟ ਪਾਉਣ ਲਈ 'ਵੈਕਸੀਨੇਸ਼ਨ ਸਰਟੀਫਿਕੇਟ' ਦੀ ਲੋੜ ਹੈ ਜਾਂ ਨਹੀਂ, ਮੁੱਖ ਚੋਣ ਕਮਿਸ਼ਨਰ ਨੇ ਕੀਤਾ ਸਪੱਸ਼ਟ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ. ਕਰੁਣਾ ਰਾਜੂ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਵੋਟਿੰਗ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਸੁਰੱਖਿਆ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਹੈ, ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।

ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਵਿਧਾਇਕ ਸਤਕਾਰ ਕੌਰ ਨੂੰ ਪਾਰਟੀ 'ਚੋਂ ਕੱਢਿਆ ਗਿਆ

ਕਾਂਗਰਸ ਵੱਲੋਂ ਫਿਰੋਜ਼ਪੁਰ ਦਿਹਾਤੀ ਤੋਂ ਪਾਰਟੀ ਦੀ ਵਿਧਾਇਕ ਸਤਕਾਰ ਕੌਰ ਗਹਿਰੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ 'ਚੋਂ ਬਾਹਰ ਕੱਢਿਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਦਿੱਤੀ ਗਈ ਹੈ।

ਕਾਂਗਰਸ ਉਮੀਦਵਾਰ ਬਲਬੀਰ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਰੇਡ

ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੁੰਦੇ ਹੀ ਦੇਰ ਰਾਤ ਕਾਂਗਰਸ ਉਮੀਦਵਾਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਰੇਡ ਪਈ।

ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਹੁਣ ਲੁਧਿਆਣਾ ਅਦਾਲਤ 'ਚ ਦਰਜ ਹੋਇਆ ਮਾਮਲਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਇਸ ਬਿਆਨ ਕਾਰਨ ਪਹਿਲਾਂ ਉਨ੍ਹਾਂ 'ਤੇ ਮੁਜ਼ੱਫਰਨਗਰ 'ਚ ਸ਼ਿਕਾਇਤ ਦਰਜ ਹੋਈ ਸੀ। ਹੁਣ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਮੁੱਖ ਮੰਤਰੀ ਚੰਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਡੀ. ਐੱਸ. ਪੀ. ਦਿਲਸ਼ੇਰ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ਪਟੀਸ਼ਨ

ਪੁਲਸ ਵਾਲਿਆਂ ਦੇ ਕੰਮ ਨੂੰ ਲੈ ਕੇ ਵਿਅੰਗ ਕੱਸਣ ’ਤੇ ਵਿਵਾਦਾਂ ਵਿਚ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਨਵਜੋਤ ਸਿੱਧੂ ਵਲੋਂ ਪੁਲਸ ਵਾਲਿਆਂ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਡੀ.ਐੱਸ.ਪੀ. ਦਿਲਸ਼ੇਰ ਚੰਦੇਲ ਨੇ ਕੋਰਟ ਵਿਚ ਕ੍ਰਿਮੀਨਲ ਡੀਫਰਮੇਸ਼ਨ ਦੀ ਪਟੀਸ਼ਨ ਦਾਖ਼ਲ ਕਰ ਦਿੱਤੀ ਹੈ ਜੋ ਕਿ ਸਬਮਿਟ ਹੋ ਗਈ ਹੈ। ਇਸ ’ਤੇ ਸੋਮਵਾਰ ਨੂੰ ਸੁਣਵਾਈ ਹੋ ਸਕਦੀ ਹੈ।


Harnek Seechewal

Content Editor

Related News