ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Sunday, Feb 13, 2022 - 09:39 PM (IST)

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨ ਰਹਿ ਗਏ ਹਨ, ਅਜਿਹੇ 'ਚ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਅੱਜ ਜਿਥੇ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਟਿਆਲਾ 'ਚ ਚੋਣ ਪ੍ਰਚਾਰ ਕੀਤਾ, ਉਥੇ ਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਅੱਜ ਪੰਜਾਬ ਦੌਰੇ 'ਤੇ ਸਨ। 'ਆਪ' ਸੁਪਰੀਮੋ ਕੇਜਰੀਵਾਲ ਵੀ ਚੋਣਾਂ ਤੱਕ ਪੰਜਾਬ ਹੀ ਰਹਿਣਗੇ। ਇਸੇ ਤਰ੍ਹਾਂ ਦੀਆਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਪੜ੍ਹੋ ਅੱਜ ਦੀਆਂ ਪ੍ਰਮੁੱਖ ਖ਼ਬਰਾਂ :

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ’ਚ ਉਤਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਡੇ ਸਿਆਸੀ ਧਮਾਕੇ

ਵਿਧਾਨ ਸਭਾ ਚੋਣਾਂ ਦੇ ਚੱਲਦੇ ਪੰਜਾਬ ਦੌਰੇ ’ਤੇ ਆਏ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡੇ ਹਮਲੇ ਬੋਲੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਉਹ ਸਿਰਫ ਕਾਂਗਰਸ ਹੀ ਸੀ ਜਿਸ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਜੇ ਪੰਜਾਬ ’ਚ ਦੁਬਾਰਾ ਵਿਰੋਧੀ ਆਏ ਤਾਂ ਫਿਰ ਤੋਂ ਅੱਤਵਾਦ ਜਿੰਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ, ਇਸ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜਿਹੜੀ ਪੂਰੀ ਤਰ੍ਹਾਂ ਇਸ ਦੀ ਸੁਰੱਖਿਆ ਕਰੇ। ਕੋਈ ਲੱਚਰ ਸਰਕਾਰ ਪੰਜਾਬ ਦੀ ਸੁਰੱਖਿਆ ਨਹੀਂ ਕਰ ਸਕਦੀ। ਚੰਨੀ ਦੀ ਅਗਵਾਈ ਵਿਚ ਪੰਜਾਬ ਸੁਰੱਖਿਅਤ ਨਹੀਂ ਹੈ। ਸ਼ਾਹ ਨੇ ਕਿਹਾ ਕਿ ਇਥੇ ਕੋਈ ਕਾਮੇਡੀ ਫਿਲਮ ਨਹੀਂ ਸਗੋਂ ਦੇਸ਼ ਚਲਾਉਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ ਅਤੇ ਸਿਰਫ ਵੋਟਾਂ ਦੀ ਗੱਲ ਕਰਦਾ ਹੈ। ਉਨ੍ਹਾਂ ਨੂੰ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

2022 ਦੀਆਂ ਚੋਣਾਂ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਬਚਾਉਣ ਦਾ ਸੁਨਹਿਰੀ ਮੌਕਾ: ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ’ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੁਰੂ ਕੀ ਨਗਰੀ ’ਚ ਪਾਰਟੀ ਦੇ ਉਮੀਦਵਾਰਾਂ ਡਾ. ਜੀਵਨਜੋਤ ਕੌਰ, ਡਾ. ਜਸਬੀਰ ਸਿੰਘ, ਡਾ. ਅਜੇ ਗੁਪਤਾ, ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ (ਆਈ. ਪੀ. ਐੱਸ.) ਲਈ ਚੋਣ ਪ੍ਰਚਾਰ ਕੀਤਾ। ਆਪਣੇ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ 2022 ਦੀਆਂ ਚੋਣਾਂ ਪੰਜਾਬ ਨੂੰ ਰਵਾਇਤੀ ਸਿਆਸੀ ਪਾਰਟੀਆਂ ਦੀ ਲੁੱਟ-ਖਸੁੱਟ ਤੋਂ ਬਚਾਉਣ ਦਾ ਇਕ ਸੁਨਹਿਰੀ ਮੌਕਾ ਹੈ। ਇਸ ਲਈ ਅੰਮ੍ਰਿਤਸਰ ਵਾਸੀ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇਕ-ਇਕ ਵੋਟ ਪਾ ਕੇ ਜਿਤਾਉਣ ਤਾਂ ਜੋ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ।

ਫਿਰ ਸਾਹਮਣੇ ਆਈ ਨਵਜੋਤ ਸਿੱਧੂ ਦੀ ਨਾਰਾਜ਼ਗੀ, ਪ੍ਰਿਯੰਕਾ ਗਾਂਧੀ ਦੇ ਸਾਹਮਣੇ ਸਟੇਜ ’ਤੇ ਬੋਲਣ ਤੋਂ ਕੀਤਾ ਇਨਕਾਰ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਨਾਰਾਜ਼ਗੀ ਅੱਜ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਹੀ ਸਟੇਜ ’ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਿਯੰਕਾ ਗਾਂਧੀ ਵਲੋਂ ਹਲਕਾ ਧੂਰੀ ਵਿਚ ਰੈਲੀ ਕੀਤੀ ਜਾ ਰਹੀ ਸੀ। ਇਸ ਦੌਰਾਨ ਪ੍ਰਿਯੰਕਾ ਗਾਂਧੀ, ਚਨਰਜੀਤ ਚੰਨੀ, ਨਵਜੋਤ ਸਿੱਧੂ ਸਮੇਤ ਕਾਂਗਰਸ ਦੀ ਲੀਡਰਿਸ਼ਪ ਸਟੇਜ ’ਤੇ ਮੌਜੂਦ ਸੀ। ਸਟੇਜ ਸੈਕਟਰੀ ਵਲੋਂ ਜਦੋਂ ਨਵਜੋਤ ਸਿੱਧੂ ਦਾ ਨਾਂ ਲੈ ਕੇ ਉਨ੍ਹਾਂ ਨੂੰ ਮੰਚ ’ਤੇ ਬੋਲਣ ਲਈ ਬੁਲਾਇਆ ਤਾਂ ਸਿੱਧੂ ਆਪਣੀ ਸੀਟ ਤੋਂ ਖੜ੍ਹੇ ਤਾਂ ਹੋਏ ਪਰ ਉਨ੍ਹਾਂ ਨੇ ਮੰਚ ’ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਤੁਸੀਂ ਇਨ੍ਹਾਂ ਨੂੰ ਬੁਲਾ ਲਵੋ।

ਕੋਟਕਪੂਰਾ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਵਿਰੋਧੀਆਂ ’ਤੇ ਕੀਤੇ ਵੱਡੇ ਸ਼ਬਦੀ ਹਮਲੇ, ਕੈਪਟਨ ਵੀ ਨਿਸ਼ਾਨੇ ’ਤੇ

ਪੰਜਾਬ ਵਿਧਾਨ ਸਭਾ ਦੇ ਚੋਣ ਅਖ਼ਾੜੇ ’ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪੰਜਾਬ ਫੇਰੀ ਦੌਰਾਨ ਕੋਟਕਪੂਰਾ ਵਿਖੇ ਪਹੁੰਚ ਚੁੱਕੇ ਹਨ। ਇਥੇ ਪਹੁੰਚਣ ’ਤੇ ਉਨ੍ਹਾਂ ਦਾ ਵਰਕਰਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਕੋਟਕਪੂਰਾ ਤੋਂ ਉਮੀਦਵਾਰ ਅਜੇਪਾਲ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਪ੍ਰਿਯੰਕਾ ਨੇ ਭਾਜਪਾ ’ਤੇ ਨਿਸ਼ਾਨੇ ਵਿੰਨ੍ਹੇ, ਉਥੇ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸੇ। ਉਨ੍ਹਾਂ ਕਿਹਾ ਕਿ 5 ਸਾਲਾ ਦੌਰਾਨ ਕੈਪਟਨ ਦੀ ਸਰਕਾਰ ’ਚ ਕੁਝ ਖਾਮੀਆਂ ਰਹੀਆਂ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਲੀ ਤੋਂ ਭਾਜਪਾ ਚਲਾ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ’ਚ ਬਹੁਤ ਕੁਝ ਕੀਤਾ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ-ਨਾਲ ਬਿਜਲੀ ਦੇ ਬਿੱਲ ਵੀ ਮੁਆਫ਼ ਕੀਤੇ ਹਨ। 

ਪੰਜਾਬ ਨੂੰ ਵਿਕਾਸ ਲਈ ਕੇਂਦਰ ਨਾਲ ਮਿਲ ਕੇ ਚੱਲਣਾ ਪਵੇਗਾ : ਕੈਪਟਨ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰਾਂ ਲਈ ਪ੍ਰਚਾਰ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ। ਕੈਪਟਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨੌਜਵਾਨਾਂ ਦੀ ਲੋੜ ਹੈ, ਜਿਨ੍ਹਾਂ ਨਾਲ ਨਵਾਂ ਪੰਜਾਬ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਹੀ ਪੰਜਾਬ ਨੂੰ ਸੰਭਾਲਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਖੀ ਕਰਨਾ ਹਰ ਸੂਬਾ ਵਾਸੀ ਦਾ ਫਰਜ਼ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਸਿਰ ਕਰੋੜਾਂ ਦਾ ਕਰਜ਼ਾ ਹੈ ਅਤੇ ਸੂਬੇ ਨੂੰ ਕੇਂਦਰ ਦੇ ਨਾਲ ਮਿਲ ਕੇ ਹੀ ਚੱਲਣਾ ਪਵੇਗਾ।

ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਤੇਜ਼ ਹੋਈ ਬਗਾਵਤ, ਸੰਸਦ ਮੈਂਬਰ ਜਸਬੀਰ ਡਿੰਪਾ ਨੇ ਕੀਤਾ ਵੱਡਾ ਧਮਾਕਾ

ਪੰਜਾਬ ਵਿਚ ਚੋਣਾਂ ’ਚ ਸਿਰਫ ਇਕ ਹਫਤੇ ਦਾ ਸਮਾਂ ਰਹਿ ਗਿਆ ਹੈ ਪਰ ਕਾਂਗਰਸ ਦੇ ਅੰਦਰ ਛਿੜੀ ਲੜਾਈ ਰੁਕਣ ਦੀ ਬਜਾਏ ਤੇਜ਼ ਹੁੰਦੀ ਜਾ ਰਹੀ ਹੈ। ਹੁਣ ਪੰਜਾਬ ਕਾਂਗਰਸ ਵਿਚ ਨਾਰਾਜ਼ ਚੱਲ ਰਹੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਸ਼ਨੀਵਾਰ ਨੂੰ ਇਕ ਹੋਰ ਧਮਾਕਾ ਕਰ ਦਿੱਤਾ। ਉਨ੍ਹਾਂ ਟਵੀਟ ਕੀਤਾ ਅਤੇ ਬਿਨਾਂ ਨਾਂ ਲਏ ਸੂਬਾ ਇੰਚਾਰਜ ਹਰੀਸ਼ ਚੌਧਰੀ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕੰਪੇਨਿੰਗ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੀ ਖ਼ਬਰ ਨੂੰ ਰੀ-ਟਵੀਟ ਕੀਤਾ ਅਤੇ ਕਿਹਾ-ਬਿਲਕੁੱਲ ਠੀਕ ਕਿਹਾ ਸੁਨੀਲ ਜਾਖੜ, ਗੈਰ-ਪਰਪੱਕ, ਭ੍ਰਿਸ਼ਟ ਲੋਕ ‘ਠੱਗ ਆਫ ਬਾੜਮੇਰ’ ਵਰਗੇ ਪੰਜਾਬ ਕਾਂਗਰਸ ਵਿਚ ਮੌਜੂਦਾ ਗੜਬੜੀ ਲਈ ਜ਼ਿੰਮੇਵਾਰ ਹਨ। ਦੱਸ ਦੇਈਏ ਕਿ ਹਰੀਸ਼ ਚੌਧਰੀ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉੱਥੇ ਬਾਇਤੂ ਸੀਟ ਤੋਂ ਕਾਂਗਰਸ ਵਿਧਾਇਕ ਹਨ।


Gurminder Singh

Content Editor

Related News