ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Friday, Feb 04, 2022 - 09:43 PM (IST)

ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲੰਧਰ : ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ, ਸੂਬੇ ਦਾ ਸਿਆਸੀ ਪਾਰਾ ਵੀ ਗਰਮ ਹੁੰਦਾ ਜਾ ਰਿਹਾ ਹੈ। ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਕਈ ਵਾਅਦੇ ਕਰ ਰਹੀਆਂ ਹਨ। ਉਮੀਦਵਾਰਾਂ ਦੇ ਹੱਕ 'ਚ ਸਟਾਰ ਪ੍ਰਚਾਰਕਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਪ੍ਰਮੁੱਖ ਖ਼ਬਰਾਂ :

ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ, ਹਾਈਕਮਾਨ ’ਤੇ ਹੀ ਬੋਲਿਆ ਹਮਲਾ

ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਨ ’ਤੇ ਵੱਡਾ ਹਮਲਾ ਬੋਲਿਆ ਹੈ। ਅੰਮ੍ਰਿਤਸਰ ਵਿਚ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਕਿਹਾ ਕਿ ਉੱਪਰ ਵਾਲੇ ਚਾਹੁੰਦੇ ਹਨ ਕਿ ਕੋਈ ਕਮਜ਼ੋਰ ਮੁੱਖ ਮੰਤਰੀ ਬਣੇ, ਜਿਹੜਾ ਇਨ੍ਹਾਂ ਦੀ ਤਾਲ ’ਤੇ ਤਾ-ਤਾ ਥੱਈਆ ਨੱਚੇ। ਉਪਰੋਂ ਕਹਿਣਗੇ ਕਿ ਨੱਚ ਮੇਰੀ ਬੁਲਬੁੱਲ, ਪੈਸਾ ਮਿਲੇਗਾ। ਪਹਿਲਾਂ ਬਾਂਹ ਮਰੋੜਦੇ ਹਨ ਫਿਰ ਦਰਦ ਹੋਣ ’ਤੇ ਛੱਡ ਦਿੰਦੇ ਹਨ। ਇਸ ਦੌਰਾਨ ਉਥੇ ਮੌਜੂਦ ਭੀੜ ’ਚੋਂ ਨਾਅਰੇ ਲਗਾਏ ਜਾਂਦੇ ਹਨ, ਸਾਡਾ ਮੁੱਖ ਮੰਤਰੀ ਕੈਸਾ ਹੋ, ਨਵਜੋਤ ਸਿੱਧੂ ਜੈਸਾ ਹੋ।

ਭਾਜਪਾ ਗਠਜੋੜ ਨੇ ਜਾਰੀ ਕੀਤਾ ਸੰਕਲਪ ਪੱਤਰ, ਪੰਜਾਬ ਲਈ ਦੱਸਿਆ 11 ਨੁਕਾਤੀ ਵਿਜ਼ਨ

ਚੰਡੀਗੜ੍ਹ ਵਿਖੇ ਭਾਜਪਾ ਗਠਜੋੜ ਵੱਲੋਂ ਸੰਕਲਪ ਪੱਤਰ ਜਾਰੀ ਕੀਤਾ ਗਿਆ ਹੈ। ਇਸ ਸੰਕਲਪ ਪੱਤਰ ’ਚ ਪੰਜਾਬ ਲਈ 11 ਨੁਕਾਤੀ ਵਿਜ਼ਨ ਦੱਸਿਆ ਗਿਆ ਹੈ। ਇਸ ਸੰਕਲਪ ਪੱਤਰ ’ਚ ਸਿਹਤਮੰਦ ਪੰਜਾਬ ’ਤੇ ਜ਼ੋਰ ਦੇਣ ਦਾ ਦਾਅਵਾ ਕਰਨ ਦੇ ਨਾਲ-ਨਾਲ ਨਸ਼ਾ ਮੁਕਤ ਪੰਜਾਬ ਦਾ ਵੀ ਦਾਅਵਾ ਕੀਤਾ ਗਿਆ ਹੈ।  ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਸ਼ਾਂਤੀ-ਭਾਈਚਾਰੇ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਅਸੀਂ ਬਾਰਡਰ ਸਟੇਟ ਹਾਂ ਅਤੇ ਸ਼ਾਂਤੀ ਭਾਈਚਾਰਾ ਸਾਡੇ ਲਈ ਪਹਿਲਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਬਾਰਡਰ ਦੇ ਹਾਲਾਤ ਵਿਗੜ ਰਹੇ ਹਨ। ਹੁਣ ਸਰਹੱਦਾਂ ’ਤੇ ਡਰੋਨ ਆ ਰਹੇ ਹਨ।

ਵਿਧਾਨ ਸਭਾ ਚੋਣਾਂ: ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੋਨੀਆ ਗਾਂਧੀ ਸਮੇਤ ਇਹ ਆਗੂ ਆਉਣਗੇ ਪੰਜਾਬ

ਪੰਜਾਬ ’ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਕਾਂਗਰਸ ਪਾਰਟੀ ਵੱਲੋਂ 30 ਸਟਾਰ ਪ੍ਰਚਾਰਕਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਨਾਵਾਂ ਵਿਚ ਵੱਡੇ ਚਿਹਰਿਆਂ ’ਚ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਪਿ੍ਰਯੰਕਾ ਗਾਂਧੀ ਦਾ ਨਾਂ ਵੀ ਸ਼ਾਮਲ ਹੈ, ਜੋਕਿ ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਭਾਣਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੁਫੇਰਿਓਂ ਘਿਰੇ ਮੁੱਖ ਮੰਤਰੀ ਚੰਨੀ, ‘ਆਪ’ ਨੇ ਬੋਲਿਆ ਵੱਡਾ ਹਮਲਾ

ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਗ੍ਰਿਫ਼ਤਾਰ ਕਰਨ ਤੋਂ ਵਿਰੋਧੀਆਂ ਵਲੋਂ ਵੱਡੀ ਵੱਡੇ ਹਮਲੇ ਬੋਲੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਨੇ ਚੱਢਾ ਨੇ ਕਿਹਾ ਹੈ ਕਿ ਹਨੀ-ਮਨੀ ਤੇ ਚੰਨੀ ਇੱਕੋ ਹਨ, ਹਨੀ ਤਾਂ ਗ੍ਰਿਫ਼ਤਾਰ ਹੋ ਗਿਆ ਹੈ ਅਤੇ ਹੁਣ ਵਾਰੀ ਚੰਨੀ ਦੀ ਹੈ। ਰੇਤ ਮਾਮਲੇ ਦਾ ਇਸ ਦਾ ਸਭ ਤੋਂ ਪਹਿਲਾਂ ਖੁਲਾਸਾ ਆਮ ਆਦਮੀ ਪਾਰਟੀ ਨੇ ਹੀ ਕੀਤਾ ਸੀ। ਮੈਂ ਖੁਦ ਆਮ ਆਦਮੀ ਪਾਰਟੀ ਦੇ ਵਫਦ ਨਾਲ ਹਲਕਾ ਚਮਕੌਰ ਸਾਹਿਬ ਦੇ ਪਿੰਡ ਜਿੰਦਾ ਵਿਚ ਇਸ ਦਾ ਖੁਲਾਸਾ ਕਰਕੇ ਲੋਕਾਂ ਸਾਹਮਣੇ ਸੱਚ ਲਿਆਂਦਾ ਸੀ ਕਿ ਕਿਸ ਤਰ੍ਹਾਂ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਚੰਨੀ ਵਲੋਂ ਸ਼ਰੇਆਮ ਰੇਤ ਦੀ ਚੋਰੀ ਕਰਵਾਈ ਜਾ ਰਹੀ ਸੀ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿਚ ਗਵਰਨਰ ਨੂੰ ਵੀ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਗਵਰਨਰ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।

ਵੱਡੀ ਖ਼ਬਰ : ਚੋਣ ਕਮਿਸ਼ਨ ਵਲੋਂ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਜਾਰੀ

ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਨਿੱਤਰੇ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨੂੰ ਚੋਣ ਕਮਿਸ਼ਨ ਵਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਕਿਸਾਨ ਜਥੇਬੰਦੀਆਂ ਨੂੰ ਚੋਣ ਨਿਸ਼ਾਨ ‘ਮੰਜਾ’ ਅਲਾਟ ਕੀਤਾ ਹੈ। ਹੁਣ ਜਦੋਂ ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ ਤਾਂ ਹੁਣ ਯਕੀਨੀ ਤੌਰ ’ਤੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਇਕੋ ਚੋਣ ਨਿਸ਼ਾਨ ’ਤੇ ਚੋਣ ਲੜ ਸਕਣਗੇ।

ਈ. ਡੀ. ਵਲੋਂ ਮੁੱਖ ਮੰਤਰੀ ਦੇ ਭਾਣਜੇ ਦੀ ਗ੍ਰਿਫ਼ਤਾਰੀ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਬੀਤੀ ਦੇਰ ਰਾਤ ਈ. ਡੀ. ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਘਟਨਾ ਦੀ ਨਿੰਦਾ ਕੀਤੀ ਹੈ। ਬਿੱਟੂ ਨੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਹੈ। ਲੁਧਿਆਣਾ ਸਥਿਤ ਆਪਣੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਈ. ਡੀ. ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਈ. ਡੀ. ਵੱਲੋਂ ਇਕ ਨੌਜਵਾਨ ਜਿਸ ਨੂੰ 8-8 ਘੰਟੇ ਇੰਟੈਰੋਗੇਟ ਕੀਤਾ ਜਾਂਦਾ ਹੈ ਅਤੇ ਉਸ ਕੋਲੋਂ ਕੁਝ ਵੀ ਉਗਲਵਾਇਆ ਜਾ ਸਕਦਾ ਹੈ। ਪੰਜਾਬ ’ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਇਹ ਕਿਸਾਨ ਅੰਦੋਲਨ ਲਈ ਬਦਲਾ ਲਿਆ ਜਾ ਰਿਹਾ ਹੈ।

'ਹਨੀ' ਦੀ ਗ੍ਰਿਫ਼ਤਾਰੀ 'ਤੇ ਮਜੀਠੀਆ ਦਾ ਵੱਡਾ ਬਿਆਨ,ਕਿਹਾ: ਮਨੀ-ਹਨੀ ਮਗਰੋਂ ਹੁਣ ਚੰਨੀ ਦੀ ਵਾਰੀ

ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਈ.ਡੀ. ਵੱਲੋਂ ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ ਅਤੇ ਵਿਰੋਧੀ ਆਗੂ ਮੁੱਖ ਮੰਤਰੀ ਚੰਨੀ ’ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡੇ ਨਿਸ਼ਾਨੇ ਸਾਧੇ ਹਨ। ਮਜੀਠੀਆ ਨੇ ਕਿਹਾ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਨੀ ਅਤੇ ਹਨੀ ਦੋਵੇਂ ਫੜੇ ਗਏ ਹਨ, ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਚੰਨੀ ਦੀ ਵਾਰੀ ਹੈ। 

ਨਵਾਂਸ਼ਹਿਰ ਦੀ ਬਸਪਾ ਟਿਕਟ ਵਿਵਾਦਾਂ ’ਚ, ਬਰਜਿੰਦਰ ਸਿੰਘ ਹੁਸੈਨਪੁਰ ਹੋਏ ਗ੍ਰਿਫ਼ਤਾਰ

ਵਿਧਾਨ ਸਭਾ ਚੋਣਾਂ ’ਚ ਖ਼ੁਦ ਨੂੰ ਬਸਪਾ ਉਮੀਦਵਾਰ ਦੱਸ ਕੇ ਰਿਟਰਨਿੰਗ ਅਧਿਕਾਰੀ 047 ਨਵਾਂਸ਼ਹਿਰ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣ ਵਾਲੇ ਸਮਾਜ ਸੇਵਕ ਬਰਜਿੰਦਰ ਸਿੰਘ ਹੁਸੈਨਪੁਰ ਖ਼ਿਲਾਫ਼ ਗਲਤ ਦਸਤਾਵੇਜ਼ਾਂ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਜਾਂਚ ਅਧਿਕਾਰੀ ਏ. ਐੱਸ. ਆਈ. ਵਰਿੰਦਰ ਕੁਮਾਰ ਨੇ ਦੱਸਿਆ ਕਿ ਬਸਪਾ-ਅਕਾਲੀ  ਦਲ ਦੇ ਸਾਂਝੇ ਉਮੀਦਵਾਰ ਨਛੱਤਰ ਸਿੰਘ ਨੇ ਬਸਪਾ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ ਸੀ। ਪਾਰਟੀ ਵੱਲੋਂ ਕੌਮੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਵੱਲੋਂ ਜਾਰੀ ਫਾਰਮ-ਏ ਅਤੇ ਫਾਰਮ-ਬੀ ਪੇਸ਼ ਕੀਤੇ ਗਏ ਸਨ।


author

Harnek Seechewal

Content Editor

Related News