ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ
Tuesday, Feb 01, 2022 - 07:32 PM (IST)
ਜਲੰਧਰ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਸੀ। ਸਿਆਸੀ ਪਾਰਟੀਆਂ ਦੇ ਰਹਿੰਦੇ ਉਮੀਦਵਾਰਾਂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਚੋਣ ਪ੍ਰਚਾਰ ਵੀ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਘਰ-ਘਰ ਜਾ ਕੇ ਲੋਕਾਂ ਨੂੰ ਆਪਣੇ ਪੱਖ 'ਚ ਵੋਟ ਪਾਉਣ ਲਈ ਕਹਿ ਰਹੇ ਹਨ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਅਜਿਹੀਆਂ ਹੀ ਅੱਜ ਦੀਆਂ 5 ਪ੍ਰਮੁੱਖ ਖ਼ਬਰਾਂ :
ਵੱਡੀ ਖ਼ਬਰ : ਬਿਕਰਮ ਮਜੀਠੀਆ ਨੇ ਕਬੂਲੀ ਸਿੱਧੂ ਦੀ ਚੁਣੌਤੀ, ਸਿਰਫ ਅੰਮ੍ਰਿਤਸਰ ਪੂਰਬੀ ਤੋਂ ਲੜਨਗੇ ਚੋਣ (ਵੀਡੀਓ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੀ ਚੁਣੌਤੀ ਕਬੂਲਦਿਆਂ ਸਿਰਫ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ। ਮਜੀਠੀਆ ਹੁਣ ਇਕੋ ਸੀਟ ਅੰਮ੍ਰਿਤਸਰ ਪੂਰਬੀ ਤੋਂ ਹੀ ਸਿੱਧੂ ਦੇ ਖ਼ਿਲਾਫ਼ ਚੋਣ ਮੈਦਾਨ ’ਚ ਹੋਣਗੇ। ਇਸ ਮੌਕੇ ਮਜੀਠੀਆ ਨੇ ਭਾਵੁਕ ਹੁੰਦਿਆਂ ਮਜੀਠਾ ਹਲਕਾ ਛੱਡਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਉਹ ਇਕ ਸੀਟ ਤੋਂ ਚੋਣ ਲੜ ਕੇ ਦਿਖਾਉਣ। ਮਜੀਠੀਆ ਦੀ ਥਾਂ ਹੁਣ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ।
ਸੁਪਰੀਮ ਕੋਰਟ ਨੇ ਵਿਧਾਇਕ ਸਿਮਰਨਜੀਤ ਬੈਂਸ ਦੀ ਗ੍ਰਿਫ਼ਤਾਰੀ 'ਤੇ ਵੀਰਵਾਰ ਤੱਕ ਲਾਈ ਰੋਕ
ਸੁਪਰੀਮ ਕੋਰਟ ਨੇ ਪੰਜਾਬ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਅਤੇ ਜਬਰ ਜ਼ਿਨਾਹ ਦੇ ਇਕ ਮਾਮਲੇ 'ਚ ਮੰਗਲਵਾਰ ਨੂੰ ਅੰਤਰਿਮ ਰਾਹਤ ਦਿੱਤੀ ਅਤੇ ਗ੍ਰਿਫ਼ਤਾਰੀ 'ਤੇ ਅਗਲੀ ਸੁਣਵਾਈ ਤਿੰਨ ਫਰਵਰੀ (ਵੀਰਵਾਰ) ਤੱਕ ਰੋਕ ਲਗਾਈ। ਚੀਫ਼ ਜਸਟਿਸ ਐੱਨ.ਵੀ. ਰਮੰਨਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ ਲੁਧਿਆਣਾ ਦੀ ਇਕ ਅਦਾਲਤ ਵਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਣਵਾਈ ਕਰਦੇ ਹੋਏ ਇਹ ਆਦੇਸ਼ ਦਿੱਤਾ। ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਨਜੀਤ ਸਿੰਘ ਸਥਾਨਕ ਅਦਾਲਤ ਵਲੋਂ ਗ੍ਰਿਫ਼ਤਾਰੀ ਵਾਰੰਟ ਦੇ ਆਦੇਸ਼ ਵਿਰੁੱਧ ਅੰਤਰਿਮ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਲੁਧਿਆਣਾ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਤੋਂ ਇਲਾਵਾ ਜਬਰ ਜ਼ਿਨਾਹ ਦੇ ਇਕ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਵਿਰੁੱਧ ਵਾਰੰਟ ਜਾਰੀ ਕੀਤਾ ਸੀ।
ਆਦਮਪੁਰ ਸੀਟ ਨੂੰ ਲੈ ਕੇ ਖਿੱਚੋ-ਤਾਣ, ਕਾਗਜ਼ ਭਰੇ ਬਿਨਾਂ ਪਰਤੇ ਕੇ. ਪੀ, ਕਿਹਾ-ਕਾਂਗਰਸ ਨੇ ਪਿੱਠ ’ਚ ਛੁਰਾ ਮਾਰਿਆ
ਆਦਮੁਪਰ ਵਿਧਾਨ ਸਭਾ ਹਲਕੇ ਨੂੰ ਲੈ ਕੇ ਕਾਂਗਰਸ ਵਿਚ ਚੱਲਦੀ ਆ ਰਹੀ ਖਿੱਚੋ-ਤਾਣ ਹੁਣ ਖ਼ਤਮ ਹੋ ਗਈ ਹੈ। ਹੁਣ ਇਸ ਹਲਕੇ ਤੋਂ ਸੁਖਵਿੰਦਰ ਸਿੰਘ ਕੋਟਲੀ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ। ਕੋਟਲੀ ਨੇ ਕਾਂਗਰਸ ਦੇ ਉਮੀਦਵਾਰ ਵਜੋਂ ਬਕਾਇਦਾ ਆਪਣੇ ਕਾਗਜ਼ ਵੀ ਦਾਖਲ ਕਰ ਦਿੱਤੇ ਹਨ। ਦਰਅਸਲ ਇਥੇ ਕਾਂਗਰਸ ਵਲੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ, ਜਦਕਿ ਮਹਿੰਦਰ ਕੇ. ਪੀ. ਇਥੇ ਦਾਅਵੇਦਾਰੀ ਜਤਾ ਰਹੇ ਸਨ। ਕੇ. ਪੀ. ਬਕਾਇਦਾ ਕਾਂਗਰਸ ਵਲੋਂ ਕਾਗਜ਼ ਦਾਖਲ ਕਰਨ ਵੀ ਪਹੁੰਚ ਗਏ ਸਨ ਪਰ ਉਹ ਕਾਗਜ਼ ਭਰੇ ਬਿਨਾਂ ਹੀ ਵਾਪਸ ਪਰਤ ਆਏ।
ਮੁੱਖ ਮੰਤਰੀ ਚੰਨੀ ਦੀ ਜਾਇਦਾਦ ਘਟੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਤੇ ਸੁਖਬੀਰ ਜਾਣੋ ਕਿੰਨੇ ਕਰੋੜ ਦੇ ਹਨ ਮਾਲਕ
20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰਨ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਹਨ। ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਦਿੱਤੇ ਹਨ। ਨਾਮਜ਼ਦਗੀ ਪਰਚਿਆਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪੰਜ ਸਾਲ ਵਿਚ ਜਾਇਦਾਦ ’ਚ 49.30 ਫੀਸਦੀ ਦੀ ਕਮੀ ਆਈ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਵਿਚ 7.96 ਫੀਸਦੀ ਦਾ ਵਾਧਾ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਆਪਣੀ ਕਾਰ ਨਹੀਂ ਹੈ।
ਕਿਸਾਨਾਂ ਦੀ 'ਸੰਯੁਕਤ ਸਮਾਜ ਮੋਰਚਾ' ਪਾਰਟੀ ਨੂੰ ਨਹੀਂ ਮਿਲੀ ਮਾਨਤਾ, ਉਮੀਦਵਾਰਾਂ ਨੇ ਲਿਆ ਵੱਡਾ ਫ਼ੈਸਲਾ
ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਬਣਾਈ ਗਈ 'ਸੰਯੁਕਤ ਕਿਸਾਨ ਮੋਰਚਾ' ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਅਜੇ ਤੱਕ ਕੋਈ ਚੋਣ ਨਿਸ਼ਾਨ ਦਿੱਤਾ ਗਿਆ ਹੈ। ਇਸ ਲਈ 'ਸੰਯੁਕਤ ਸਮਾਜ ਮੋਰਚੇ' ਦੇ ਸਾਰੇ ਉਮੀਦਵਾਰ ਹੁਣ ਆਜ਼ਾਦ ਤੌਰ 'ਤੇ ਚੋਣਾਂ ਲੜਨਗੇ। ਦੱਸਣਯੋਗ ਹੈ ਕਿ ਅੱਜ ਪੰਜਾਬ 'ਚ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਹੈ, ਜਿਸ ਦੇ ਤਹਿਤ ਇਹ ਫ਼ੈਸਲਾ ਲਿਆ ਗਿਆ ਹੈ।