ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ

Monday, Jan 31, 2022 - 10:41 PM (IST)

ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਜਲੰਧਰ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ। ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਘਰ-ਘਰ ਜਾ ਕੇ ਲੋਕਾਂ ਨੂੰ ਆਪਣੇ ਪੱਖ 'ਚ ਵੋਟ ਪਾਉਣ ਲਈ ਕਹਿ ਰਹੇ ਹਨ। ਇਹੋ ਜਿਹੀਆਂ ਹੀ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ 5 ਪ੍ਰਮੁੱਖ ਖ਼ਬਰਾਂ :

ਮਜੀਠੀਆ ਦੇ ਮਜੀਠਾ ਹਲਕਾ ਛੱਡਣ ਦੀਆਂ ਚਰਚਾਵਾਂ ’ਤੇ ਪਤਨੀ ਨੇ ਲਗਾਈ ਮੋਹਰ, ਭਰੇ ਨਾਮਜ਼ਦਗੀ ਪੱਤਰ (ਵੀਡੀਓ)

ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੇ ਮਜੀਠਾ ’ਚ ਚੋਣ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨੂੰ ਲੈ ਕੇ ਚਰਚਾਵਾਂ ਛਿੜ ਰਹੀਆਂ ਸਨ ਕਿ ਬਿਕਰਮ ਮਜੀਠੀਆ ਵਿਧਾਨ ਸਭਾ ਹਲਕਾ ਪੂਰਬੀ ਤੋਂ ਸਿਰਫ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਹੀ ਚੋਣ ਲੜਨਗੇ ਤੇ ਵਿਧਾਨ ਸਭਾ ਹਲਕਾ ਮਜੀਠਾ ਵਾਲੀ ਸੀਟ ਛੱਡ ਸਕਦੇ ਹਨ। ਇਨ੍ਹਾਂ ਚਰਚਾਵਾਂ ’ਤੇ ਅੱਜ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਵੱਲੋਂ ਵੀ ਮੋਹਰ ਲਗਾਈ ਗਈ, ਜਿਸ ਦੇ ਚਲਦਿਆਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਤਹਿਸੀਲਦਾਰ ਦਫ਼ਤਰ ਵਿਖੇ ਭਰੇ। ਇਸ ਦੌਰਾਨ ਗਨੀਵ ਮਜੀਠੀਆ ਨੇ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ ਅਤੇ ਉਹ ਆਪਣੀ ਕਾਰ ’ਚ ਬੈਠ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ।

ਭਗਵੰਤ ਮਾਨ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਕਿਸਾਨਾਂ ਨੂੰ ਦੇਵਾਂਗੇ ਖ਼ਰਾਬ ਫ਼ਸਲਾਂ ਦਾ ਮੁਆਵਜ਼ਾ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਮੁਹਾਲੀ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ‘ਆਪ’ ਦੀ ਸਰਕਾਰ ਆਉਣ ’ਤੇ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੇ-ਮੌਸਮੀ ਬਰਸਾਤ ਹੋਣ ’ਤੇ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਸਨ, ਨੂੰ ਅੱਜ ਮੁਆਵਜ਼ਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਦਿੱਲੀ ਵਾਂਗ ਪੰਜਾਬ ਦੇ ਕਿਸਾਨਾਂ ਨੂੰ ਵੀ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। 

ਨਵਜੋਤ ਸਿੱਧੂ ਤੇ ਛੱਤੀਸਗੜ੍ਹ ਦੇ CM ਭੁਪੇਸ਼ ਬਘੇਲ ਵੱਲੋਂ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਏ. ਆਈ. ਸੀ. ਸੀ. ਮੀਡੀਆ ਕੋ-ਆਰਡੀਨੇਟਰ ਪਵਨ ਖੇੜਾ ਵੱਲੋਂ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ 'ਚ ਮਹਿੰਗਾਈ ਵਧੀ ਹੈ ਅਤੇ ਰੇਲ ਕਿਰਾਇਆ ਵੀ ਲਗਾਤਾਰ ਵਧਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ 'ਚ ਹਰ ਚੀਜ਼ 'ਤੇ ਜੀ. ਐੱਸ. ਟੀ. ਲਾਗੂ ਹੋਇਆ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਕੋਰੋਨਾ ਕਾਲ 'ਚ ਲੱਖਾਂ ਨੌਜਵਾਨਾਂ ਦੀਆਂ ਨੌਕਰੀਆਂ ਗਈਆਂ ਹਨ।

ਵੱਡੀ ਖ਼ਬਰ : ਸੁਪਰੀਮ ਕੋਰਟ ਨੇ 'ਬਿਕਰਮ ਮਜੀਠੀਆ' ਦੀ ਗ੍ਰਿਫ਼ਤਾਰੀ 'ਤੇ ਲਾਈ ਰੋਕ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਜੀਠੀਆ ਨੂੰ ਚੋਣ ਪ੍ਰਚਾਰ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ 23 ਫਰਵਰੀ ਨੂੰ ਮਜੀਠੀਆ ਨੂੰ ਮੈਜਿਸਟ੍ਰੇਟ ਸਾਹਮਣੇ ਸਰੰਡਰ ਕਰਨਾ ਪਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਅੱਜ ਦੇ ਦਿਨ ਤੱਕ ਲਈ ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਰੋਕ ਲਾਈ ਹੋਈ ਸੀ।

ਵੱਡੀ ਖ਼ਬਰ: ਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਰਮਨਜੀਤ ਸਿੱਕੀ ਨੇ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ

ਪੰਜਾਬ ’ਚ 20 ਫਰਵਰੀ, 2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ’ਤੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਐੱਸ.ਡੀ.ਐੱਮ ਦਫ਼ਤਰ ਵਿਖੇ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾਖ਼ਲ ਕਰਨ ਵੇਲੇ ਸਿੱਕੀ ਨੇ ਆਪਣੀ ਪਤਨੀ ਤਲਵੀਨ ਸਹੋਤਾ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।


author

Harnek Seechewal

Content Editor

Related News