ਜ਼ਿੰਦਗੀ ਦੇ ਅਹਿਮ ਮਸਲਿਆਂ ''ਤੇ ਕਟਾਖ਼ਸ਼ ਕਰਦੀਆਂ ਨਿੱਕੀਆਂ ਕਹਾਣੀਆਂ

Friday, Jun 12, 2020 - 02:11 PM (IST)

ਜ਼ਿੰਦਗੀ ਦੇ ਅਹਿਮ ਮਸਲਿਆਂ ''ਤੇ ਕਟਾਖ਼ਸ਼ ਕਰਦੀਆਂ ਨਿੱਕੀਆਂ ਕਹਾਣੀਆਂ

ਡਾ.ਰਾਮ ਮੂਰਤੀ

ਪਦਾਰਥਕ ਯੁੱਗ`ਚ ਮਨੁੱਖ ਨੇ ਬੇਤਹਾਸ਼ਾ ਤਰੱਕੀ ਕੀਤੀ ਹੈ ਜਾਂ ਕਹਿ ਲਓ ਤਰੱਕੀ ਦੇ ਨਾਮ`ਤੇ ਆਪਣੇ ਸਭਿਆਚਾਰ ਅਤੇ ਵਿਰਾਸਤ ਨੂੰ ਭੁੱਲ ਕੇ ਸਿਰਫ਼ ਪਦਾਰਥਕ ਸੁੱਖਾਂ ਦੇ ਆਨੰਦ`ਚ ਗਲਤਾਨ ਹੋ ਗਿਆ ਹੈ।ਅਸੀਂ ਭੁੱਲ ਬੈਠੇ ਹਾਂ ਕਿ ਕੁਦਰਤ ਨੇ ਸਾਨੂੰ ਜ਼ਿੰਦਗੀ ਜੀਣ ਲਈ ਬੇਸ਼ੁਮਾਰ ਨਿਆਮਤਾਂ ਬਖ਼ਸ਼ੀਆਂ ਹਨ,ਪਰ ਅਸੀਂ ਇਹਨਾਂ ਨਿਆਮਤਾਂ ਦਾ ਮੁੱਲ ਪਾਉਣ ਦੀ ਬਜਾਏ ਅਤੇ ਕਾਦਰ ਦੀ ਕੁਦਰਤ ਨੂੰ ਮਾਣਨ ਦੀ ਜਗ੍ਹਾ ਬਣਾਉਟੀਪਨ ਵੱਲ ਮੁੜ ਗਏ ਹਾਂ। ਅਸੀਂ ਜਾਣੇ-ਅਣਜਾਣੇ ਉਸ ਦਿਸ਼ਾ ਵੱਲ ਤੁਰੇ ਜਾ ਰਹੇ ਹਾਂ ਜਿੱਥੋਂ ਵਾਪਿਸ ਆਉਣਾ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ। ਜ਼ਿੰਦਗੀ ਦੇ ਛੋਟੇ ਪਰ ਗੰਭੀਰ ਮਸਲਿਆਂ ਬਾਬਤ ਪੜ੍ਹੋ ਡਾ.ਰਾਮ ਮੂਰਤੀ ਦੀਆਂ ਨਿੱਕੀਆਂ ਕਹਾਣੀਆਂ:-
1.ਕੁਜਰਤ
ਅੱਜ ਸਵੇਰੇ ਦਿਨ ਚੜ੍ਹੇ ਜਦੋਂ ਮੈਂ ਸੈਰ ਲਈ ਨਿਕਲਿਆ ਤਾਂ ਕੀ ਵੇਖ਼ਦਾ ਹਾਂ ਕਿ ਤਾਇਆ ਭਾਨਾਂ ਤਾਜ਼ੇ ਲੱਗੇ ਝੋਨੇ ਦੇ ਖੇਤ ਦੇ ਬੰਨੇ ਉੱਤੇ ਖੜੇ ਘਾ ਨੂੰ ਮਾਰਨ ਲਈ ਸਪ੍ਰੇਅ ਪੰਪ ਨਾਲ਼ ਦਵਾਈ ਛਿੜਕ ਰਿਹਾ ਸੀ! ਉਸ ਨੇ ਝੋਨੇ ਨੂੰ ਪਹਿਲਾਂ ਪਾਣੀ ਵੀ ਲਾਇਆ ਹੋਇਆ ਸੀ। ਕੀ ਵੇਖ਼ਦਾ ਹਾਂ ਕਿ ਇਕ ਚਿੜੀ ਖੇਤ 'ਚੋਂ ਪਾਣੀ ਪੀ ਰਹੀ ਸੀ। ਮੈਂ ਚਿੜੀ ਨੂੰ ਪਾਣੀ ਪੀਂਦਿਆਂ ਵੇਖ ਕੇ ਕੁਝ ਦੇਰ ਲਈ ਪਿੱਛੇ ਹੀ ਰੁਕ ਗਿਆ ਤਾਂ ਜੋ ਉਹ ਰੱਜ ਕੇ ਪਾਣੀ ਪੀ ਸਕੇ।ਚਿੜੀ ਨੇ ਨਿਸ਼ਾ ਨਾਲ ਪਾਣੀ ਪੀਤਾ ਤੇ ਉਹ ਉੱਡ ਗਈ।
"ਹੈਂ ! ਇਹ ਕੀ? " ਉੱਡਦੀ ਹੋਈ ਚਿੜੀ ਅਚਾਨਕ ਧਰਤੀ 'ਤੇ ਚੌਫ਼ਾਲ ਡਿਗ ਪਈ ਸੀ।ਮੈਂ ਦੌੜ ਕੇ ਗਿਆ ਤੇ ਡਿੱਗੀ ਪਈ ਚਿੜੀ ਨੂੰ ਚੁੱਕ ਲਿਆ। ਚਿੜੀ ਨੂੰ ਚੁੱਕ ਕੇ ਮੈਂ ਤਾਏ ਭਾਨੇ ਕੋਲ ਲੈ ਆਇਆ ਅਤੇ ਉਸ ਨੂੰ ਕਿਹਾ,"ਤਾਇਆ ਵੇਖ ਉੱਡਦੀ ਹੋਈ ਚਿੜੀ ਡਿਗ ਪਈ! ਇਹ ਤੇਰੇ ਖੇਤ 'ਚੋਂ ਪਾਣੀ ਪੀ ਕੇ ਉੱਡੀ ਸੀ!"
ਤਾਏ ਨੇ ਮੇਰੇ ਹੱਥ ਵਿਚ ਫੜੀ ਬੇਸੁਰਤ ਹੋਈ ਚਿੜੀ ਨੂੰ ਵੇਖਿਆ ਤੇ ਕਹਿਣ ਲੱਗਾ, "ਕੁਜਰਤ ਆ ਪੁੱਤ! ਇਹਦੀ ਆਈ ਹੋਈ ਸੀ! ਜੰਮਣ ਮਰਨ ਮਾਰਾਜ ਦੇ ਹੱਥ ਐ ਪੁੱਤ! "
ਇਹ ਕਹਿੰਦਿਆਂ ਉਸ ਨੇ ਦਵਾਈ ਦਾ ਫ਼ੁਹਾਰਾ ਹੋਰ ਤੇਜ਼ ਕਰ ਦਿੱਤਾ ਤੇ ਬੰਨੇ 'ਤੇ ਉਗੇ ਘਾਹ 'ਤੇ ਦੋਹਰੀ ਵਾਰ ਛਿੜਕਣ ਲੱਗ ਪਿਆ।
ਮੈਂ ਚਿੜੀ ਨੂੰ ਮੋਟਰ ਦੇ ਚਲ਼੍ਹੇ ਕੋਲ਼ ਲੈ ਗਿਆ। ਉਥੇ ਖੜ੍ਹਾ ਪਰਵਾਸੀ ਮਜ਼ਦੂਰ ਵੇਖ ਕੇ ਕਹਿਣ ਲੱਗਾ, "ਤਾਇਆ ਦਬਾਈ ਜਾਦਾ ਪਾ ਲੇਤਾ ਹੈ!"
ਹੁਣ ਮੈਂ ਚਿੜੀ ਦੀ ਚੁੰਝ ਨੂੰ ਧਰਤੀ ਵੱਲ ਉਲਟਾ ਦਿੱਤਾ। ਬੇਹੋਸ਼ ਹੋਈ ਚਿੜੀ ਦੀ ਚੁੰਝ 'ਚੋਂ ਜ਼ਹਿਰੀਲਾ ਪਾਣੀ ਚਲ਼੍ਹੇ ਦੇ ਪਾਣੀਂ 'ਚ ਡਿਗਣ ਲੱਗਾ। ਕੁਝ ਦੇਰ ਉਸ ਨੂੰ ਉਲਟਾ ਰੱਖਣ ਤੋਂ ਬਾਅਦ ਮੈਂ ਉਸ ਦੀ ਚੁੰਝ ਨੂੰ ਚਲ਼੍ਹੇ ਦੇ ਸਾਫ ਪਾਣੀ ਵਿਚ ਡੁਬੋ ਦਿੱਤਾ। ਉਸ ਨੇ ਥੋੜ੍ਹਾ ਜਿਹਾ ਪਾਣੀ ਪੀਤਾ ਤੇ ਅੱਖਾਂ ਖੋਲ੍ਹ ਲਈਆਂ। ਜਦ ਮੈਂ ਉਸ ਨੂੰ ਚਲ਼੍ਹੇ ਦੀ ਮੌਣ 'ਤੇ ਬਿਠਾਇਆ ਤਾਂ ਉਹ ਫੁਰਰਰ..ਕਰਕੇ ਉਡ ਗਈ ਤੇ ਲਾਗ਼ਲੀ ਟਾਹਲੀ 'ਤੇ ਜਾ ਬੈਠੀ। ਮੇਰੀ ਖ਼ੁਸ਼ੀ ਦਾ ਠਿਕਾਣਾ ਨਾ ਰਿਹਾ ਤੇ ਮੈਂ ਦੌੜ ਕੇ ਜਾ ਕੇ ਇਹ ਖ਼ੁਸ਼ਖ਼ਬਰੀ ਤਾਏ ਭਾਨੇ ਨੂੰ ਸੁਣਾਈ। ਤਾਇਆ ਕਹਿਣ ਲੱਗਾ,"ਕੁਜਰਤ ਐ ਪੁੱਤ , ਉਸ ਦੀ ਵਧੀ ਹੋਈ ਸੀ!" 
ਇਹ ਕਹਿੰਦਿਆਂ ਤਾਇਆ ਵਾਖਰੂ...ਵਾਖਰੂ ਕਰਦਾ ਦਵਾਈ ਛਿੜਕਣ ਲੱਗ ਪਿਆ।

PunjabKesari

2.  ਹੁਕਮ
"ਕੀ ਗੱਲ ਭਾਨਿਆ, ਅੱਜ ਸਾਜਰੇ ਈ ਆ ਗਿਆਂ ਪਰਾਲੀ ਨੂੰ ਅੱਗ ਲਾਉਣ, ਤ੍ਰੇਲ ਤਾਂ ਉਤਰ ਲੈਣ ਦਿੰਦਾਂ! "
ਪੀਤੂ ਨੇ ਰੁਕਦਿਆਂ ਪੁੱਛਿਆ ।
"ਕੀ ਕਰੀਏ ਯਾਰ! ਰਾਤੀਂ ਮੇਰੇ ਸਾਲ਼ੇ ਦੀ ਮੌਤ ਹੋ ਗਈ, ਦਮੇ ਦਾ ਮਰੀਜ਼ ਸੀ ! ਦਾਗਾਂ ਤੇ ਜਾਣਾ " ਭਾਨੇ ਨੇ ਜ਼ੋਰ ਜ਼ੋਰ ਦੀ ਖੰਘਦਿਆਂ ਦੱਸਿਆ!
"ਮਾੜਾ ਹੋਇਆ ਬਈ! ਹੁਕਮ ਮਾਲਕ ਦਾ! ਤੈਨੂੰ ਖੰਘ ਬੜੀ ਹੋਈ ਐ ਦਵਾਈ ਲੈ ਯਾਰ!" ਪੀਤੂ ਨੇ ਸਲਾਹ ਦਿੱਤੀ ।
"ਇਕ ਦਵਾਈ! ਮੈਨੂੰ ਸਾਲ ਹੋ ਗਿਆ ਖਾਂਦੇ ਨੂੰ, ਰਾਮ ਈ ਨੀ ਔਂਦਾ! "ਕਹਿੰਦਿਆਂ ਭਾਨੇ ਨੇ ਦਸ ਲੀਟਰ ਦੀ ਪੀਪੀ ਚੋਂ ਡੀਜ਼ਲ ਛਿੜਕਣਾ ਸ਼ੁਰੂ ਕਰ ਦਿੱਤਾ ਤੇ ਉਹਦਾ ਮੁੰਡਾ ਸੰਤੂ ਪਿੱਛੇ ਪਿੱਛੇ ਅੱਗ ਲਗਾਉਣ ਲੱਗ ਪਿਆ! ਧੂਏਂ ਦਾ ਇਕ ਵੱਡ ਆਕਾਰੀ ਗੋਲਾ ਅਸਮਾਨ ਵੱਲ ਉਠਿਆ...ਓਧਰੋਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਬਾਣੀ ਦੀ ਆਵਾਜ਼ ਆਂਈ 'ਪਵਣੁ ਗੁਰੂ ਪਾਣੀ ਪਿਤਾ.....! ਬਾਣੀ ਦੀ ਆਵਾਜ਼ ਸੁਣ ਕੇ ਭਾਨੇ ਤੇ ਸੰਤੂ ਨੇ ਪਿੰਡ ਵੱਲ ਮੂੰਹ ਕਰਕੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕ ਦਿੱਤਾ ਤੇ ਦੁਬਾਰਾ ਫਿਰ ਆਪਣੇ ਕੰਮ ਵਿਚ ਜੁੱਟ ਗਏ! 

3.ਲੋਟੂ ਡਾਕਟਰ
ਤਾਇਆ ਭਾਨਾ ਆਪਣੀ ਨਵੀਂ ਬਣ ਰਹੀ ਕੋਠੀ ਦੇ ਵਿਹੜੇ ਵਿੱਚ ਸਰੀਏ ਦਾ ਲੱਦਿਆ ਟਰੱਕ ਲੁਹਾ ਰਿਹਾ ਸੀ ਤੇ ਨਾਲੇ ਉੱਚੀ-ਉੱਚੀ ਭੈੜੀ ਖੰਘ,ਖੰਘ ਰਿਹਾ ਸੀ। ਸੈਰ ਨੂੰ ਜਾਂਦਿਆਂ ਰੁਕ ਕੇ ਮੈਂ ਉਸ ਨੂੰ ਪੁੱਛਿਆ,"ਤਾਇਆ ਕਿੰਨੇ ਕੁ ਪੈਸੇ ਲੱਗ ਜਾਣਗੇ ਕੋਠੀ 'ਤੇ? "  
"ਦੇਖੋ ਜੀ ਸੱਠ ਲੱਖ ਦੱਸਦੇ ਆ, ਅੱਗੇ ਤੂੰ ਸਿਆਣਾ, ਤੈਨੂੰ ਪਤਾ ਲਗਦੇ ਵੱਧ ਈ ਹੁੰਦੇ ਆ! "ਕਹਿੰਦਿਆਂ ਤਾਇਆ ਫੇਰ ਭੈੜੀ ਖੰਘ ਖੰਘਿਆ ਤੇ ਇਕ ਮੋਟਾ ਸਾਰਾ ਖੰਘਾਰ ਥੁੱਕ ਕੇ ਪੈਰ ਨਾਲ ਉੱਤੇ ਮਿੱਟੀ ਪਾ ਦਿੱਤੀ ।
ਜਦ ਨੂੰ ਇੰਗਲੈਂਡ ਤੋਂ ਮੁੜਿਆ ਉਸਦਾ ਜੁਆਨ ਮੁੰਡਾ ਮੋਟਰ ਸਾਈਕਲ ਤੇ ਸਾਡੇ ਕੋਲ ਆਣ ਖਲੋਇਆ; ਜਿਸ ਨੇ ਸਿਰ 'ਤੇ ਪੱਟੀ ਬੰਨ੍ਹੀ ਹੋਈ ਸੀ, ਆਉਣ ਸਾਰ ਮੈਨੂੰ ਕਹਿਣ ਲੱਗਾ, ਮਾਸ਼ਟਰ! ਯਾਰ ਆ ਮੱਛਰ ਕੱਢੀਂ ਅੱਖ ਚੋਂ!"
ਕਹਿੰਦਿਆਂ ਦੋ ਹਜ਼ਾਰ ਦਾ ਨੋਟ ਉਸ ਨੇ ਮੇਰੇ ਹੱਥ ਫੜਾ ਦਿੱਤਾ। ਨੋਟ ਦੀ ਨੋਕ ਨਾਲ ਮੱਛਰ ਕੱਢਦਿਆਂ ਮੈਂ ਪੁੱਛਿਆ,"ਐਨਕ ਕਿਉਂ ਨਈ ਲਾਈ ਤੇ ਆਹ ਸਿਰ 'ਤੇ ਸੱਟ ਕਿਵੇਂ ਲਵਾ ਲਈ?"
"ਯਾਰ ਕੱਲ੍ਹ ਕੁੱਤਾ ਆ ਗਿਆ ਸੀ ਮੂਹਰੇ!"ਉਸ ਨੇ ਰਤਾ ਕੁ ਪੀੜ ਮੰਨਦਿਆਂ ਉੱਤਰ ਦਿੱਤਾ।
"ਹੈਲਮਟ ਨਈ ਸੀ ਲਿਆ ਸਿਰ 'ਤੇ? " 
ਮੇਰੇ ਪੁੱਛਣ 'ਤੇ ਉਸ ਆਖਿਆ,"ਏਥੇ ਕਿਹੜਾ ਪੁਲਸ ਤੁਰੀ ਫਿਰਦੀ ਆ! " 
ਮੱਛਰ ਕੱਢ ਕੇ ਨੋਟ ਮੈਂ ਉਹਦੇ ਹੱਥ ਫੜਾ ਦਿਤਾ! ਜਦ ਨੂੰ ਤਾਇਆ ਫੇਰ ਖੰਘਿਆ ਤਾਂ ਮੈ ਪੁਛਿਆ,"ਤਾਇਆ ਗਿਆ ਸੀ ਡਾਕਟਰ ਕੋਲ ਜਿਹੜਾ ਮੈਂ ਦਸਿਆ ਸੀ?" 
"ਗਿਆ ਸੀ ਜੁਆਨ, ਉਹ ਤਾਂ ਲੋਟੂ ਆ ਬਈ ਤੇਰਾ ਡਾਕਟਰ! ਦੋ ਸੌ ਰੁਪਿਆ ਲੈ ਲਿਆ ਹਫ਼ਤੇ ਦੀ ਦਵਾਈ ਦਾ, ਮੈਂ ਨਈਂ ਗਿਆ ਮੁੜ ਕੇ!ਖੰਘ ਈ ਆ ਆਪੇ ਹਟਜੂ! " 
"ਭਾਪਾ! ਰੁਪਇਆਂ ਤੋਂ ਚੇਤਾ ਆਇਆ, ਸੀਮੈਂਟ ਆਲ਼ੇ ਨੂੰ ਦੇ ਤਾ ਸੀ ਡੂੜ ਲੱਖ?" ਇਗਲੈਂਡੀਏ ਨੇ ਆਪਣੀ ਅਮੁੱਲੀ ਅੱਖ ਮਲ਼ਦੇ ਹੋਏ ਨੇ ਸਿਰ ਦੀ ਪੱਟੀ ਠੀਕ ਕਰਦਿਆਂ"ਹਾਏ!" ਕਹਿੰਦਿਆਂ ਪੁੱਛਿਆ ।
"ਹਾਂ ਦੇ ਤਾ ਸੀ ਪਰਸੋਂ!"ਕਹਿੰਦਿਆਂ ਤਾਏ ਨੇ ਫਿਰ ਇਕ ਵੱਡਾ ਸਾਰਾ ਖੰਘਾਰ ਸੁੱਟਿਆ ਤੇ ਉੱਤੇ ਮਿੱਟੀ ਪਾਉਣ ਲਗ ਪਿਆ! 
ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਆਪਣੀ ਸੈਰ 'ਤੇ ਨਿਕਲ ਗਿਆ ।

4.ਸੇਵਾ
ਤਾਈ ਦਾਨੋ ਹਰ ਰੋਜ ਬਿਨਾਂ ਨਾਗ਼ਾ ਪਿੰਡ ਵਿੱਚ ਬਣੇ ਧਾਰਮਿਕ ਅਸਥਾਨ 'ਤੇ ਤੜਕੇ ਉੱਠ ਕੇ ਮੱਥਾ ਟੇਕਣ ਜਾਂਦੀ 'ਤੇ ਸਮਾਧੀ ਲਾ ਕੇ ਪਾਠ ਸੁਣਦੀ, ਸ਼ਬਦ ਕੀਰਤਨ ਵੀ ਕਰਦੀ ਤੇ ਦਿਨ ਚੜ੍ਹਨ ਤੱਕ ਸੇਵਾ ਵੀ ਕਰਦੀ।ਸਾਰਾ ਪਿੰਡ ਤਾਈ ਦੀ ਇਸ ਸੇਵਾ,ਸ਼ਰਧਾ ਤੇ ਸਤਿਕਾਰ ਦਾ ਕਾਇਲ ਸੀ।ਬੜੀ ਇੱਜ਼ਤ ਤੇ ਸਤਿਕਾਰ ਉਸ ਦਾ ਪਿੰਡ ਵਿੱਚ ਬਣਿਆ ਹੋਇਆ ਸੀ। ਸਾਰੇ ਤਾਈ ਦੀ ਮਿਸਾਲ ਦੇ ਕੇ ਸੇਵਾ ਕਰਨ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ।ਉਹ ਹਮੇਸ਼ਾ ਆਪਣੇ ਮੂਹੋਂ ਰੱਬ ਰੱਬ ਰੱਬ ਰੱਬ ਜਪਦੀ ਰਹਿੰਦੀ ਸੀ ।
ਇਕ ਦਿਨ ਤਾਈ ਦਾਨੋ ਨੂੰ ਧਾਰਮਿਕ ਸਥਾਨ 'ਤੇ ਸੇਵਾ ਕਰਦਿਆਂ ਵਾਹਵਾ ਦਿਨ ਚੜ੍ਹ ਆਇਆ ਤਾਂ ਜਿੰਦੇ ਕੀ ਮਾੜੋ ਨੇ ਉਸ ਨੂੰ ਜਾ ਕੇ ਸੁਨੇਹਾ ਦਿੱਤਾ, "ਭੈਣ ਦਾਨੋ! ਭਾ ਜੀ ਘਰੇ ਅੰਦਰੋਂ ਕੁੰਡਾ ਖੜਕਾਈ ਜਾਂਦਾ ਤੇ ਬਾਹਰੋਂ ਤੁਆਡੇ ਘਰ ਜਿੰਦਾ ਲੱਗਾ ਹੋਇਆ...ਮੈਂ ਬਾਹਰੋਂ ਪੁੱਛਿਆ ਤਾ ਕਹਿੰਦਾ ਰੋਜ਼ ਬਾਹਰੋਂ ਜਿੰਦਾ ਲਾ ਕੇ ਤੁਰ ਜਾਂਦੀ ਆਂ...ਨਿਆਣੇ ਦਾ ਢਿੱਡ ਦੁਖਦਾ...ਉਹ ਰੋਣ ਡਿਆ ਵਾ, ਦਵਾਈ ਲਿਆਉਣੀ ਆ...ਘਰ ਆਲ਼ੇ ਫੂਨ 'ਚ ਪੈਸੇ ਮੁੱਕੇ ਓਏ ਆ...ਉਨੂ ਸੁਨੇਹਾਂ ਦੇਵੀਂ! "
ਮਾੜੋ ਦੀ ਗੱਲ ਸੁਣ ਕੇ ਤਾਈ ਦਾਨੋ ਕਹਿਣ ਲੱਗੀ, "ਮੈਂ ਕਰਦੀ ਆਂ ਉਨੂੰ ਫੂਨ!" ਕਹਿੰਦਿਆਂ ਤਾਈ ਦਾਨੋ ਨੇ ਇਕ ਪਾਸੇ ਹੋ ਕੇ ਫੂਨ ਕੰਨ ਨੂੰ ਲਾ ਲਿਆ। ਸਿਧਰੀ ਮਾੜੋ ਵੀ ਉਹਦੇ ਪਿੱਛੇ ਜਾ ਕੇ ਖਲੋ ਗਈ। ਹੁਣ ਤਾਈ ਦਾਨੋ ਬੋਲ ਰਹੀ ਸੀ, " ਗੱਲ ਸੁਣ! ਮੈਂ ਮਾੜੋ ਦੇ ਹੱਥ ਚਾਬੀ ਭੇਜਦੀ ਆਂ...ਇਹ ਜੰਦਰਾ ਖੋਲ੍ਹ ਦੇਊਗੀ...ਪਰ ਤੂੰ ਧਿਆਨ ਨਾਲ ਪਹਿਲਾਂ ਬਿਜਲੀ ਦੇ ਮੀਟਰ ਨਾਲੋਂ ਕੁੰਡੀ ਲਾਹ ਲਾ...ਬਿਜਲੀ ਆਲੇ ਕਈ ਦਿਨਾਂ ਦੇ ਤੁਰੇ ਫਿਰਦੇ ਆ ਛਾਪੇ ਮਾਰਦੇ..ਤਾਈਓਂ ਮੈਂ ਬਾਹਰੋਂ ਜੰਦਰਾ ਮਾਰ ਕੇ ਅਉਨੀ ਆਂ ਰੋਜ! "
ਇਹ ਕਹਿੰਦਿਆ ਉਹ ਚਾਬੀ ਲੈਣ ਅਸਥਾਨ ਦੀ ਇਮਾਰਤ ਵਿੱਚ ਚਲੇ ਗਈ।
ਮਾੜੋ ਨੇ ਉਨ੍ਹਾਂ ਦੇ ਘਰ ਦਾ ਜੰਦਰਾ ਖੋਲਦਿਆਂ ਕਿਹਾ, "ਵੀਰਾ ਦਾਨੋ ਕੁੰਡੀ ਦਾ ਕਹਿੰਦੀ ਸੀ!"
ਇਹ ਸੁਣ ਕੇ ਸ਼ਰਮਿੰਦੇ ਹੋਏ ਦਾਨੋ ਦੇ ਪਤੀ ਨੇ ਬਿਨਾਂ ਕੁਝ ਕਿਹਾਂ ਦਰਵਾਜ਼ਾ ਮਲਕ ਦੇਣੀ ਢੋ ਲਿਆ!

5.ਮਾਸਕ
ਅੱਜ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਨਾਮੀਂ ਡਾਕਟਰਾਂ ਦੀ ਇਕ ਟੀਮ ਝੁੱਗੀਆਂ-ਝੌਪੜੀਆਂ ਦੇ ਲੋਕਾਂ ਨੂੰ ਮਾਸਕ ਵੰਡਣ ਝੁੱਗੀਆਂ ਦੀ ਇਕ ਬਸਤੀ ਵਿੱਚ ਜਾ ਖੜੀ ਹੋਈ ਅਤੇ ਉਹ ਬਸਤੀ ਦੇ ਇਕ ਬੰਦੇ ਨੂੰ ਬੱਚਿਆਂ ਸਮੇਤ ਕੁੱਲ ਗਿਣਤੀ ਕਰਨ ਲਈ ਕਹਿਣ ਲੱਗੇ। ਉਸ ਬੰਦੇ ਨੇ ਝੁੱਗੀਆਂ ਵਿੱਚ ਰਹਿੰਦੇ ਕੁੱਲ੍ਹ ਜੀਆਂ ਦੀ ਗਿਣਤੀ ਕਰਕੇ ਦੱਸ ਦਿੱਤੀ। ਇਕ ਡਾਕਟਰ ਨੇ ਮਾਸਕ ਗਿਣ ਕੇ ਉਸ ਬੰਦੇ ਨੂੰ ਫੜਾ ਦਿਤੇ ਤੇ ਵੰਡ ਦੇਣ ਲਈ ਕਿਹਾ! ਉਹ ਬੰਦਾ ਮਾਸਕ ਵੰਡਣ ਲਈ ਝੁੱਗੀਆਂ ਅੰਦਰ ਚਲਾ ਗਿਆ! ਕੁਝ ਦੇਰ ਬਾਅਦ ਉਹ ਇਕ ਝੁੱਗੀ ਵਿਚੋਂ ਦੋ ਨੰਗ ਧੜੰਗੇ ਨਿਆਣੇ ਚੁਕ ਲਿਆਇਆ ਤੇ ਇਕ ਬੀਬੀ ਡਾਕਟਰ ਨੂੰ ਕਹਿਣ ਲਗਾ,"ਆ ਰੈਅ ਗੇ ਸੀ! "
ਸਵੇਰ ਦੀ ਠੰਡ ਵਿਚ ਕੰਬ ਰਹੇ ਨੰਗ ਧੜੰਗ ਬੱਚਿਆਂ ਦੇ ਮੂੰਹ ਤੇ ਉਸ ਬੀਬੀ ਡਾਕਟਰ ਨੇ ਮਾਸਕ ਬੰਨ੍ਹਦਿਆਂ ਕਿਹਾ,"ਮਾਸਕ ਜ਼ਰੂਰੀ ਹੈ ਬੇਟਾ ਉਤਾਰਨਾ ਮਤ...ਸਮਝੇ! " ਤੇ ਉਸ ਨੇ ਬੱਚਿਆਂ ਨਾਲ ਇਕ ਫੋਟੋ ਵੀ ਖਿਚਵਾਈ! ਮਾਸਕ ਪਹਿਨਾਏ ਬੱਚੇ ਨੰਗ ਧੜੰਗੇ ਤਾਜ਼ੇ ਸੁੱਟੇ ਕੂੜੇ ਦੇ ਢੇਰ ਤੇ ਆਪਣੇ ਸਾਥੀ ਬਚਿਆਂ ਨਾਲ ਜਾ ਬੈਠੇ ਅਤੇ ਕੁਝ ਖਾਣ ਲਈ ਕੁਝ ਲੱਭਣ ਦੇ ਯਤਨ ਵਜੋਂ ਗੰਦਗੀ ਨੂੰ ਫਰੋਲਣ ਲਗ ਪਏ!
ਅਗ਼ਲੇ ਦਿਨ ਦੀਆਂ ਸਾਰੀਆਂ ਅਖ਼ਬਾਰਾਂ ਦੀ ਇਹ ਸੁਰਖੀ ਸੀ ਕਿ ਝੁੱਗੀਆਂ ਝੋਪੜੀਆਂ ਤਕ ਮਾਸਕ ਪਹੁੰਚਾਉਣ ਦੇ ਕੀਤੇ ਬਹਾਦਰੀ ਭਰੇ ਕਾਰਨਾਮੇ ਬਦਲੇ ਡਾਕਟਰਾਂ ਦੀ ਉਸ ਟੀਮ ਨੂੰ ਸਰਕਾਰ ਵਲੋਂ ਵਡੇ ਇਨਾਮ ਦੇ ਕੇ ਸਨਮਾਨਿਤ  ਕੀਤਾ ਗਿਆ!


author

Harnek Seechewal

Content Editor

Related News