ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਦਿੱਤੇ ਜਾਣਗੇ 3000 ਆਕਸੀਜਨ ਕੰਸਨਟ੍ਰੇਟਰਜ਼ : ਰਜ਼ੀਆ ਸੁਲਤਾਨਾ

Monday, Jun 07, 2021 - 04:27 PM (IST)

ਚੰਡੀਗੜ੍ਹ : ਤੀਜੀ ਸੰਭਾਵਿਤ ਕੋਵਿਡ-19 ਲਹਿਰ ਅਤੇ ਪੰਜਾਬ ਵਿਚ ਆਕਸੀਜਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਅੰਤਰਰਾਸ਼ਟਰੀ ਮਾਰਕਿਟ ਤੋਂ 3000 ਆਕਸੀਜਨ ਕੰਸਨਟ੍ਰੇਟਰਜ਼ (ਓ. ਸੀ.) ਦੀ ਖਰੀਦ ਕੀਤੀ ਹੈ। ਇਹ ਆਕਸੀਜਨ ਕੰਸਨਟ੍ਰੇਟਰਜ਼ ਇੱਕ ਮੋਹਰੀ ਕੰਪਨੀ ਤੋਂ ਖ਼ਰੀਦੇ ਗਏ ਹਨ ਅਤੇ 10 ਲੀਟਰ ਪ੍ਰਤੀ ਮਿੰਟ (ਐਲ. ਪੀ. ਐਮ.) ਦੀ ਸਮਰਥਾ ਨਾਲ ਕੰਮ ਕਰ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ 500 ਆਕਸੀਜਨ ਕੰਸਨਟ੍ਰੇਟਰਜ਼ ਦੀ ਪਹਿਲੀ ਖੇਪ ਸੂਬੇ ਵਿੱਚ ਪਹੁੰਚ ਚੁੱਕੀ ਹੈ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 1000 ਓ. ਸੀਜ਼. ਦੀ ਅਗਲੀ ਖੇਪ 15 ਜੂਨ ਤੱਕ ਆ ਜਾਵੇਗੀ ਅਤੇ 1500 ਓ. ਸੀਜ਼. ਦੀ ਇਕ ਹੋਰ ਖੇਪ 30 ਜੂਨ ਤੱਕ ਆਉਣ ਦੀ ਸੰਭਾਵਨਾ ਹੈ।

ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ 3000 ਓ. ਸੀਜ਼. ਦੀ ਅਲਾਟਮੈਂਟ ਸਰਕਾਰੀ ਹਸਪਤਾਲਾਂ ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਕੋਵਿਡ ਮਹਾਮਾਰੀ ਕਾਰਨ ਸੂਬੇ ਵਿੱਚ ਆਕਸੀਜਨ ਸੰਕਟ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ ਇਹ ਨਿਮਾਣਾ ਜਿਹਾ ਯੋਗਦਾਨ ਪਾਇਆ ਹੈ।


Babita

Content Editor

Related News