ਬੂਟਾ ਮੰਡੀ ''ਚ ਧਰਨੇ ''ਤੇ ਬੈਠੇ ਕੱਚਾ ਚਮੜਾ ਕਾਰੋਬਾਰੀ
Sunday, Jul 02, 2017 - 07:45 AM (IST)

ਜਲੰਧਰ, (ਚੋਪੜਾ)- ਜੀ. ਐੱਸ. ਟੀ. ਦੇ ਵਿਰੋਧ ਵਿਚ ਪੰਜਾਬ ਹਾਈਡ ਐਂਡ ਸਕਿਨ ਮਰਚੈਂਟ ਐਸੋਸੀਏਸ਼ਨ ਜਲੰਧਰ ਵਲੋਂ ਸਥਾਨਕ ਬੂਟਾ ਮੰਡੀ ਵਿਚ ਰੋਸ ਧਰਨਾ ਲਾਇਆ ਗਿਆ। ਇਸ ਧਰਨੇ ਵਿਚ ਅੰਮ੍ਰਿਤਸਰ, ਮਾਲੇਰਕੋਟਲਾ, ਫਿਲੌਰ ਦੇ ਚਮੜਾ ਕਾਰੋਬਾਰੀ ਵੀ ਸ਼ਾਮਲ ਹੋਏ ਤੇ ਉਨ੍ਹਾਂ ਨੇ ਇਸ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਰੱਜ ਕੇ ਭੰਡਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੇਠ ਸਤਪਾਲ ਮੱਲ, ਕੌਂਸਲਰ ਪਵਨ ਕੁਮਾਰ, ਸਾਬਕਾ ਮੇਅਰ ਸੁਰਿੰਦਰ ਮਹੇ, ਠਾਕੁਰ ਦਾਸ ਸੁਮਨ ਤੇ ਹੋਰਨਾਂ ਨੇ ਦੱਸਿਆ ਕਿ ਦਲਿਤ ਭਾਈਚਾਰੇ ਤੇ ਚਮੜੇ ਦਾ ਕੰਮ ਕਰਨ ਵਾਲੇ ਕਾਰੋਬਾਰੀਆਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰੋਬਾਰ ਵਿਚ 85 ਫੀਸਦੀ ਤੋਂ ਜ਼ਿਆਦਾ ਲੋਕ ਗਰੀਬ ਤੇ ਦਲਿਤ ਭਾਈਚਾਰੇ ਤੋਂ ਹਨ। ਉਹ ਲੋਕ ਮਰੇ ਹੋਏ ਪਸ਼ੂਆਂ ਦੀ ਬਦੌਲਤ ਆਪਣਾ ਗੁਜ਼ਾਰਾ ਕਰਦੇ ਹਨ। ਅਜਿਹੇ ਵਰਗ ਨੂੰ ਜੀ. ਐੱਸ. ਟੀ. ਵਿਚ ਲਿਆਂਦਾ ਗਿਆ ਹੈ, ਜਿਨ੍ਹਾਂ ਵਿਚੋਂ ਬਹੁਤੇ ਤਾਂ ਆਪਣੇ ਦਸਤਖਤ ਤੱਕ ਕਰਨਾ ਨਹੀਂ ਜਾਣਦੇ।
ਉਨ੍ਹਾਂ ਕਿਹਾ ਕਿ ਚਮੜਾ ਕਾਰੋਬਾਰੀਆਂ ਦਾ ਸੰਘਰਸ਼ ਤਦ ਤੱਕ ਜਾਰੀ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਆਪਣੇ ਫੈਸਲੇ 'ਤੇ ਮੁੜ ਵਿਚਾਰ ਨਹੀਂ ਕਰ ਲੈਂਦੀ। ਉਹ ਮਰੇ ਹੋਏ ਪਸ਼ੂਆਂ ਨੂੰ ਨਹੀਂ ਚੁੱਕਣਗੇ ਤੇ ਸੋਮਵਾਰ ਨੂੰ ਸੂਬੇ ਦੇ ਹੋਰ ਜ਼ਿਲਿਆਂ ਵਿਚ ਧਰਨੇ-ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰੱਖਣਗੇ। ਇਸ ਮੌਕੇ ਆਯੂਬ ਖਾਨ, ਜਗਦੀਸ਼ ਦੀਸ਼ਾ, ਸ਼ਾਦੀ ਲਾਲ ਕਲੇਰ, ਰੋਸ਼ਨ ਲਾਲ ਕਲੇਰ, ਭਗਵਾਨ ਦਾਸ ਮਹੇ, ਯੋਗਰਾਜ ਕਲੇਰ, ਅਸ਼ੋਕ ਕੁਮਾਰ ਅੰਮ੍ਰਿਤਸਰ, ਚਿੰਤ ਰਾਮ ਮਹੇ, ਮਹਿੰਦਰ ਪਾਲ ਫਿਲੌਰ, ਰਾਜ ਕੁਮਾਰ, ਪੁਰਸ਼ੋਤਮ, ਹਰਬੰਸ ਲਾਲ ਮਹੇ, ਰਾਮ ਲੁਭਾਇਆ, ਹਰਦੀਪ ਹੈਪੀ ਤੇ ਹੋਰ ਵੀ ਮੌਜੂਦ ਸਨ।
ਮਰੇ ਹੋਏ ਪਸ਼ੂ ਸੁੱਟਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ- ਕੱਚਾ ਚਮੜਾ ਕਾਰੋਬਾਰ ਨਾਲ ਸੰਬੰਧਤ ਕੁਝ ਲੋਕਾਂ ਨੇ ਮੈਨਬ੍ਰੋ ਰੋਡ 'ਤੇ ਮਰੇ ਹੋਏ ਪਸ਼ੂ ਸੁੱਟ ਦਿੱਤੇ, ਜਿਸ ਕਾਰਨ ਸਾਰਾ ਵਾਤਾਵਰਣ ਬਦਬੂ ਨਾਲ ਭਰ ਗਿਆ, ਜਿਸ ਉਪਰੰਤ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਐਕਸਾਈਜ਼ ਵਿਭਾਗ ਨੇ ਚਮੜਾ ਕਾਰੋਬਾਰੀਆਂ ਨੂੰ ਸੱਦਾ ਭੇਜ ਕੇ ਗੱਲਬਾਤ ਲਈ ਬੁਲਾਇਆ। ਸੇਠ ਸੱਤਪਾਲ ਮੱਲ, ਪਵਨ ਕੁਮਾਰ ਤੇ ਹੋਰਨਾਂ ਦੀ ਅਗਵਾਈ ਵਿਚ ਇਕ ਵਫਦ ਨੇ ਐੱਸ. ਡੀ. ਐੱਮ.-2 ਸੁਭਾਸ਼ ਕੁਮਾਰ ਤੇ ਐਕਸਾਈਜ਼ ਐਂਡ ਟੈਕਸੇਸ਼ਨ ਵੀ. ਕੇ. ਵਿਰਦੀ ਦੇ ਨਾਲ ਵੱਖ-ਵੱਖ ਮੁਲਾਕਾਤ ਕੀਤੀ।
ਇਸ ਦੌਰਾਨ ਉਕਤ ਅਧਿਕਾਰੀਆਂ ਨੇ ਵਫਦ ਨੂੰ ਕਿਹਾ ਕਿ ਉਹ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਸਹਿਯੋਗ ਕਰਨ। ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਜਲਦੀ ਹੀ ਪਹੁੰਚਾਏਗਾ ਤੇ ਕੋਸ਼ਿਸ਼ ਕਰੇਗਾ ਕਿ ਉਨ੍ਹਾਂ ਨੂੰ ਰਾਹਤ ਮਿਲੇ। ਮੱਲ ਤੇ ਪਵਨ ਨੇ ਦੱਸਿਆ ਕਿ ਮਰੇ ਹੋਏ ਪਸ਼ੂਆਂ ਨੂੰ ਕੁਝ ਲੋਕ ਮੰਡੀ ਵਿਚ ਵੇਚਣ ਆਏ ਪਰ ਕਾਰੋਬਾਰ ਠੱਪ ਹੋਣ ਕਾਰਨ ਉਨ੍ਹਾਂ ਨੂੰ ਸੜਕਾਂ 'ਤੇ ਹੀ ਸੁੱਟ ਗਏ ਸਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਮ੍ਰਿਤਕ ਪਸ਼ੂਆਂ ਨੂੰ ਚੁਕਵਾ ਲਿਆ ਗਿਆ ਹੈ।