ਕੱਚੇ ਮੁਲਾਜ਼ਮਾਂ ਨੇ ਕਾਂਗਰਸੀ ਆਗੂਆਂ ਨੂੰ ਮੈਨੀਫੈਸਟੋ ਦੀ ਤਸਵੀਰ ਦੇ ਕੇ ਯਾਦ ਕਰਵਾਏ ਵਾਅਦੇ
Tuesday, Jan 02, 2018 - 03:24 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - 'ਇਕ ਮੀਟਿੰਗ ਲਈ 9 ਮਹੀਨੇ ਦੇ ਲਾਰੇ ਸ਼ਰਮ ਕਰਨ ਨੀ ਪੰਜਾਬ ਸਰਕਾਰੇ' ਨਵੇਂ ਵਰ੍ਹੇਂ ਦੀ ਆਮਦ 'ਤੇ ਇਹ ਨਾਅਰਾ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਦੇ ਵਿਹੜੇ 'ਚ ਗੁੰਜਿਆ, ਕਿਉਂਕਿ ਕੱਚੇ ਮੁਲਾਜ਼ਮਾਂ ਨੇ ਅੱਜ ਕਾਂਗਰਸ ਦੇ ਜ਼ਿਲਾ ਪ੍ਰਧਾਨਾਂ ਨੂੰ ਕਾਂਗਰਸ ਦੇ ਵਾਅਦਿਆ ਦੀ ਤਸਵੀਰ ਸੌਂਪਣ ਦਾ ਐਲਾਨ ਕੀਤਾ ਸੀ। ਮੁਲਾਜ਼ਮਾਂ ਨੇ ਅੱਜ ਨਵੇਂ ਸਾਲ ਦੀ ਆਮਦ 'ਤੇ ਜ਼ਿਲਾ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੇ ਕਾਂਗਰਸ ਪਾਰਟੀ ਵੱਲੋਂ ਜਾਰੀ ਚੋਣ ਮੈਨੀਫੈਸਟੋ ਦੀਆਂ ਕਟਿੰਗ ਦੀ ਤਸਵੀਰ ਫਰੇਮ ਕਰਵਾ ਕੇ ਫੁੱਲਾਂ ਦੇ ਗੁਲਦਸਤੇ ਨਾਲ ਦਿੱਤੀ। ਬਿਆਨ ਜਾਰੀ ਕਰਦਿਆਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੀ ਜ਼ਿਲਾ ਇਕਾਈ ਦੇ ਪ੍ਰੈੱਸ ਸਕੱਤਰ ਦਲਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਮੁਲਾਜ਼ਮਾਂ ਤੋਂ ਮੁੱਖ ਮੋੜ ਲਿਆ ਹੈ ਪਰ ਮੁਲਾਜ਼ਮ ਸਰਕਾਰ ਨੂੰ ਕੀਤੇ ਵਾਅਦੇ ਭੁੱਲਣ ਨਹੀਂ ਦੇਣਗੇ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਮੁਲਾਜ਼ਮਾਂ ਵੱਲੋਂ ਇਕ ਯਾਦਗਾਰੀ ਤਸਵੀਰ ਬਣਾ ਕੇ ਫਰੇਮ ਕਰਵਾਈ ਗਈ ਹੈ ਜਿਸ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਅਖਬਾਰੀ ਬਿਆਨ ਹਨ ਜਿਸ 'ਚ ਉਨ੍ਹਾਂ ਵੱਲੋਂ ਸਰਕਾਰ ਬਨਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸੁਵਿਧਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਗੱਲ ਆਖੀ ਸੀ। ਇਸ ਦੇ ਨਾਲ ਹੀ ਤਸਵੀਰ 'ਚ ਮੁੱਖ ਮੰਤਰੀ ਪੰਜਾਬ ਵੱਲੋਂ ਸੋਸ਼ਲ ਸਾਈਟ ਟਵੀਟਰ 'ਤੇ ਕੀਤਾ ਟਵੀਟ ਅਤੇ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਵੀ ਹੈ।
ਜਥੇਬੰਦੀ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਭੁੰਦੜ ਨੇ ਕਿਹਾ ਕਿ ਉਨ੍ਹਾਂ ਨਵੇਂ ਸਾਲ 'ਤੇ ਇਹ ਯਾਦਗਾਰੀ ਤਸਵੀਰ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਕਾਂਗਰਸ ਪਾਰਟੀ ਨੂੰ ਨੌਜਵਾਨਾਂ ਨਾਲ ਕੀਤਾ ਵਾਅਦਾ ਯਾਦ ਕਰਵਾਇਆ ਹੈ, ਨਾਲ ਹੀ ਜ਼ਿਲਾ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਕਾਂਗਰਸ ਦਫਤਰ 'ਚ ਪਾਰਟੀ ਦੀਆਂ ਯਾਦਗਾਰੀ 'ਚ ਲੱਗੀਆ ਤਸਵੀਰਾਂ ਦੇ ਨਾਲ ਇਸ ਤਸਵੀਰ ਨੂੰ ਵੀ ਲਗਾਇਆ ਜਾਵੇ ਤਾਂ ਜੋ ਕਾਂਗਰਸ ਪਾਰਟੀ ਨੂੰ ਹਮੇਸ਼ਾ ਮੁਲਾਜ਼ਮਾਂ ਨਾਲ ਕੀਤੇ ਆਪਣੇ ਵਾਅਦੇ ਯਾਦ ਆਉਦੇਂ ਰਹਿਣ। ਆਗੂਆਂ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਜ਼ਿਲਾ ਪ੍ਰਧਾਨ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਹੋ ਸਕੇ ਤਾਂ ਇਹ ਯਾਦਗਾਰੀ ਤਸਵੀਰ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਮੁੱਖ ਮੰਤਰੀ ਦਫਤਰ ਅਤੇ ਕਾਂਗਰਸ ਦੇ ਮੁੱਖ ਦਫਤਰ 'ਚ ਵੀ ਜ਼ਰੂਰ ਲਗਾਈ ਜਾਵੇ। ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਵੱਲੋਂ ਲੰਮਾਂ ਸਘੰਰਸ਼ ਕਰਕੇ ਵਿਧਾਨ ਸਭਾ ਵਿਚ ਐਕਟ ਪਾਸ ਕਰਵਾਇਆ ਸੀ ਪਰ ਸਰਕਾਰ ਐਕਟ ਨੂੰ ਲਾਗੂ ਕਰਨ 'ਚ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਕਟ ਨੂੰ ਲਾਗੂ ਕਰਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ। ਇਸ ਦੇ ਨਾਲ ਹੀ ਸੁਵਿਧਾਂ ਮੁਲਾਜ਼ਮ ਜੋ ਕਿ ਸਰਕਾਰ ਦੀ ਕਮਾਈ ਦਾ ਸਾਧਨ ਸਨ, ਨੂੰ ਵੀ ਕੀਤੇ ਵਾਅਦੇ ਅਨੁਸਾਰ ਸਰਕਾਰ ਬਹਾਲ ਕਰਨ 'ਚ ਕੋਈ ਪਹਿਲ ਨਹੀਂ ਕਰ ਰਹੀ। ਪਿਛਲੇ ਇਕ ਸਾਲ ਤੋਂ ਇਹ ਮੁਲਾਜ਼ਮ ਸੜਕਾਂ 'ਤੇ ਰੁਲਣ ਲਈ ਮਜ਼ਬੂਰ ਹੋ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਖੁਦ ਇਨ੍ਹਾਂ ਮੁਲਾਜ਼ਮਾਂ ਦੇ ਸਘੰਰਸ਼ ਦੀ ਹਮਾਇਤ ਕੀਤੀ ਸੀ ਤੇ ਸਰਕਾਰ ਬਨਣ 'ਤੇ ਤੁਰੰਤ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਾ ਕੀਤੀ ਤਾਂ ਮੁਲਾਜ਼ਮ ਲੋਹੜੀ ਵਾਲੇ ਦਿਨ ਟੋਲੀਆ ਬਣਾ ਕੇ ਮੰਤਰੀਆ ਤੇ ਵਿਧਾਇਕਾਂ ਦੇ ਘਰ ਜਾਂ ਕੇ ਮੀਟਿੰਗ ਦੇ ਸਮੇਂ ਦੀ ਲੋਹੜੀ ਮੰਗਣਗੇ। ਇਸ ਮੌਕੇ ਸੁਵਿਧਾ ਯੂਨੀਅਨ ਤੋਂ ਗੁਰਮੀਤ ਸਿੰਘ, ਅਵਨੀਸ਼ ਕੁਮਾਰ, ਪ੍ਰਦੀਪ ਕੁਮਾਰ, ਰਾਕੇਸ਼ ਕੁਮਾਰ ਖਿੱਚੀ ਅਤੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੁਨੀਅਨ ਤੋ ਸੁਖਜੀਤ ਸਿੰਘ ਮੌਜੂਦ ਸਨ।