ਗਰਮੀ ਦੀ ਤਪਸ ’ਚ ਕੱਚੇ ਮੁਲਾਜਮਾਂ ਦਾ ਪ੍ਰਦਰਸ਼ਨ ਜਾਰੀ, ਬੱਚਿਆਂ ਨਾਲ ਮਿਲ ਕੀਤਾ ਹਾਈਵੇਅ ਜਾਮ

06/16/2022 1:21:12 PM

ਸੰਗਰੂਰ (ਸਿੰਗਲਾ) - ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਸਮੂਹ ਠੇਕਾ ਮੁਲਾਜਮ ਜਥੇਬੰਦੀਆਂ ਵਲੋਂ ਸਾਂਝੇ ਪਲੇਟਫਾਰਮ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਸ਼ਹਿਰ ਸੰਗਰੂਰ ਵਿਖੇ ਪੰਜਾਬ ਸਰਕਾਰ ਵਿਰੁੱਧ ਸੂਬਾ ਪੱਧਰੀ ਰੈਲੀ ਅਤੇ ਮੁਜਾਹਰਾ ਕੀਤਾ ਗਿਆ। ਇਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਠੇਕਾ ਕਾਮੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਾਮਲ ਹੋਏ। ਵੱਖ-ਵੱਖ ਜੱਥੇਬੰਦੀਆਂ ਦੇ ਕਾਫਲੇ ਮਾਰਚ ਕਰਦੇ ਹੋਏ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਸੰਗਰੂਰ ਰੋਡ ਜਾਮ ਕਰਨ ਉਪਰੰਤ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਵਿਚ ਠੇਕਾ ਕਾਮੇ ਗਰਮੀ ਦੀ ਤਪਸ ਦੀ ਬਿਨਾ ਪ੍ਰਵਾਹ ਕੀਤੇ ਡੱਟੇ ਰਹੇ।

ਇਸ ਦੌਰਾਨ ਜਿਥੇ ਮੋਰਚੇ ਦੇ ਬੈਨਰ ਹੇਠ ਸ਼ੁਰੂ ਹੋਇਆ ਪਹਿਲੇ ਪੜਾਅ ਦਾ ਸੰਘਰਸ਼ ਸਫਲ ਰਿਹਾ, ਉਥੇ ਮੰਗਾਂ ਮਨਵਾਉਣ ਤੱਕ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਬਲਿਹਾਰ ਸਿੰਘ ਆਦਿ ਨੇ ਕਿਹਾ ਕਿ ਜਦੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤਾਂ ਉਦੋ ਲੋਕਾਂ ਵਿਚ ਬਦਲਾਅ ਲਿਆਉਣ ਦਾ ਨਾਅਰਾ ਦਿੱਤਾ ਸੀ। ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਕਦਮ ਚਿਨ੍ਹਾਂ ’ਤੇ ਚਲਦਿਆਂ ਪਹਿਲਾਂ ਤੋਂ ਤੈਅ ਕਾਰਪੋਰੇਟ ਸੇਵਾ ਦੇ ਮੁਨਾਫੇ ਲਈ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ, ਪੰਚਾਇਤੀਕਰਣ, ਕੇਂਦਰੀਕਰਨ ਕਰਨ ਦੇ ਹਮਲੇ ਨੂੰ ਹੋਰ ਤੇਜ ਕੀਤਾ ਹੈ। ਮੌਜੂਦਾ ਸਰਕਾਰ ਵੱਲੋਂ ਕੇਂਦਰ ਦੇ ਡੈਮ ਸੇਫਟੀ ਕਾਨੂੰਨ ਨਾਲ ਸਹਿਮਤੀ ਕਰਕੇ ਪੰਜਾਬ ਦੇ ਡੈਮਾਂ ਅਤੇ ਪਾਣੀ ਤੋਂ ਰਾਜ ਦਾ ਅਧਿਕਾਰ ਖ਼ਤਮ ਕਰਕੇ ਇਸਨੂੰ ਕੇਂਦਰੀ ਕੰਟਰੋਲ ਅਧੀਨ ਲਿਆਉਣ ਦੇ ਫ਼ੈਸਲੇ ਨਾਲ ਸਹਿਮਤੀ ਕਰਕੇ ਪਾਣੀਆਂ ਦੇ ਨਿੱਜੀਕਰਨ ਦਾ ਰਾਹ ਸਾਫ ਕਰ ਦਿੱਤਾ ਹੈ। 

ਬਿਜਲੀ ਐਕਟ 2020 ਮੁਤਾਬਕ ਬਿਜਲੀ ਖੇਤਰ ’ਚ ਸਮਾਰਟ ਮੀਟਰ ਲਗਾਉਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਸਹਿਮਤੀ ਕਰਕੇ ਹਰ ਕਿਸਮ ਦੇ ਖਪਤਕਾਰ ਪਾਸੋਂ ਸਬਸਿਡੀ ਦੀ ਸਹੂਲਤ ਖ਼ਤਮ ਕਰਨ, ਬਿਜਲੀ ਕੀਮਤਾਂ ਦੀ ਅਗਾਊਂ ਉਗਰਾਹੀ ਦੀ ਗਰੰਟੀ ਕਰਕੇ ਵੰਡ ਖੇਤਰ ਦੇ ਮੁਕੰਮਲ ਨਿੱਜੀਕਰਨ ਕਰਨ ਦਾ ਰਾਹ ਕਾਰਪੋਰੇਟਰਾਂ ਲਈ ਖੁੱਲ੍ਹ ਦੇ ਦਿੱਤੀ ਹੈ। ਚੰਡੀਗੜ੍ਹ ਨੂੰ ਕੇਂਦਰੀ ਕੰਟਰੋਲ ਅਧੀਨ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਨ ਦੀ ਥਾਂ ਚੁੱਪੀ ਧਾਰ ਕੇ ਚੰਡੀਗੜ੍ਹ ਕੇਂਦਰੀ ਕੰਟਰੋਲ ਅਧੀਨ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਪੰਜਾਬ ਅਤੇ ਹੋਰ ਰਾਜਾਂ ਵਿਚ ਇਕ ਅਹਿਮ ਸਥਾਨ ਸੀ, ਇਸਦੇ ਕੇਂਦਰ ਸਰਕਾਰ ਵੱਲੋਂ ਕੇਂਦਰੀਕਰਨ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਨ ਦੀ ਥਾਂ ਵਿਰੋਧ ਕਰਦੇ ਵਿਦਿਆਰਥੀਆਂ ਉੱਪਰ ਪੁਲਸੀਆਂ ਜਬਰ ਢਾਇਆ ਗਿਆ। ਇਉ ਮੌਜੂਦਾ ਸਰਕਾਰ ਨੇ ਪਾਣੀ ਅਤੇ ਬਿਜਲੀ ਤੋਂ ਬਾਅਦ ਵਿੱਦਿਆ ਦਾ ਕੇਂਦਰੀਕਰਨ ਕਰਨ ਦੇ ਫ਼ੈਸਲੇ ਨਾਲ ਸਹਿਮਤੀ ਕਰਕੇ ਵਿੱਦਿਆ ਦੇ ਵਪਾਰੀਕਰਨ ਕਰਨ ਦੀ ਆਪਣੀ ਅਸਲੀਅਤ ਜੱਗ ਜਾਹਰ ਕਰ ਦਿੱਤੀ ਹੈ।

ਚੰਡੀਗੜ੍ਹ ਬਿਜਲੀ ਖੇਤਰ ਦੇ ਮੁਕੰਮਲ ਨਿੱਜੀਕਰਨ ਕਰਨ ਦੇ ਫਰਮਾਨ ਕੇਂਦਰੀ ਸਰਕਾਰ ਦੇ ਫ਼ੈਸਲੇ ਦੀ ਹਮਾਇਤ ਕੀਤੀ ਗਈ ਹੈ। ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਪਹਿਲਾਂ ਤੈਅ ਕੰਮਭਾਰ ਦੀ ਨੀਤੀ ਮੁਤਾਬਕ ਪੱਕੇ ਰੁਜਗਾਰ ਦੇ ਹੋਰ ਮੌਕੇ ਤੈਅ ਕਰਨ ਦੀ ਥਾਂ ਕੈਪਟਨ ਸਰਕਾਰ ਦੇ ਕਦਮ ਚਿੰਨ੍ਹਾਂ ’ਤੇ ਚੱਲਦੇ ਹੋਏ ਮੌਜੂਦਾ ਪੰਜਾਬ ਸਰਕਾਰ ਵੱਲੋਂ ਪੁਨਰ-ਗਠਨ ਯੋਜਨਾ ਲਾਗੂ ਕਰਕੇ ਪਹਿਲਾਂ ਤੈਅ ਕੀਤੇ ਹਜ਼ਾਰਾਂ ਰੁਜਗਾਰ ਦੇ ਸੋਮਿਆ ਦਾ ਉਜਾੜਾ ਕਰ ਦਿੱਤਾ ਹੈ, ਇਉਂ ਮੌਜੂਦਾ ਪੰਜਾਬ ਸਰਕਾਰ ਨੇ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਬੇਰੁਜਗਾਰਾਂ ਲਈ ਰੁਜਗਾਰ ਦੀ ਆਸ ਅਤੇ ਠੇਕਾ ਮੁਲਾਜਮਾਂ ਦੇ ਪੱਕੇ ਰੁਜਗਾਰ ਦੀ ਆਸ ’ਤੇ ਪਾਣੀ ਫੇਰ ਦਿੱਤਾ ਹੈ। ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਰੈਗੂਲਰ ਅਸਾਮੀਆਂ ਵਿਰੁੱਧ ਕੰਮ ਕਰਦੇ ਠੇਕਾ ਮੁਲਾਜਮਾਂ ’ਤੇ ਪੁਨਰ-ਗਠਨ ਯੋਜਨਾ ਦਾ ਕੁਹਾੜਾ ਵਾਹ ਕੇ ਉਨ੍ਹਾਂ ਕੋਲੋਂ ਠੇਕਾ ਰੁਜਗਾਰ ਖੋਹ ਲਿਆ ਹੈ। 

ਪੰਜਾਬ ਦੇ ਮੀਟਰ ਰੀਡਰ, ਪਿਛਲੇ ਤਿੰਨ ਮਹੀਨਿਆਂ ਤੋਂ ਛਾਂਟੀ ਦੀ ਇਸ ਸਰਕਾਰੀ ਯੋਜਨਾ ਦਾ ਸੇਕ ਝੱਲ ਰਹੇ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਸਰਕਾਰ ਦੇ ਅਧਿਕਾਰੀਆਂ ਦੁਆਰਾ ਆਪੇ ਬਣਾਏ ਇਨਲਿਸਟਮੈਂਟ ਕਾਮਿਆਂ ਦਾ ਡਾਟਾ ਜੋ ਐੱਚ.ਆਰ.ਐੱਮ.ਐੱਸ. ਪੋਰਟਲ ’ਤੇ ਕੰਟਰੈਕਚੂਆਲ ਅਧੀਨ ਚੜ੍ਹਿਆ ਹੋਇਆ ਸੀ, ਨੂੰ ਡਲੀਟ ਕਰਵਾ ਕੇ ਖ਼ਤਮ ਕਰ ਦਿੱਤਾ ਹੈ। ਇਸਦੇ ਬਾਅਦ ਬਲੱਡ ਰਿਲੈਸ਼ਨ ਦੇ ਨਾਂਅ ਤੇ ਝੂਠ ਅਤੇ ਧੋਖੇ ਹੇਠ ਪੰਜਾਬ ਸਰਕਾਰ ਵੱਲੋਂ 4000 ਜਲ ਸਪਲਾਈ ਕਾਮਿਆਂ ਦਾ ਰੁਜਗਾਰ ਖੋਹਣ ਦੀ ਤਿਆਰੀ ਕਰ ਲਈ ਗਈ ਹੈ। ਬਿਜਲੀ ਵਿਭਾਗ ’ਚ ਕੰਮ ਕਰਦੇ ਮੀਟਰ ਰੀਡਰ ਅਤੇ ਤਪਾ ਸਰਕਾਰੀ ਹਸਪਤਾਲ ’ਚ ਕੰਮ ਕਰਦੇ ਠੇਕਾ ਮਲਾਜਮ ਪਿਛਲੇ ਲੰਬੇ ਸਮੇਂ ਤੋ ਸਰਕਾਰ ਦੀ ਠੇਕਾ ਮੁਲਾਜਮਾਂ ਦਾ ਰੁਜਗਾਰ ਖੋਹਣ ਦੀ ਤਬਾਹਕਰੂ ਨੀਤੀ ਦਾ ਸੇਕ ਝੱਲ ਰਹੇ ਹਨ। ਜੀਣ ਯੋਗ ਤਨਖਾਹ ਦੇ ਨਿਯਮ ਅਤੇ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇ ਵਿਗਿਆਨਕ ਆਧਾਰ ਬਣੇ ਨਿਯਮ ਨੂੰ ਵੀ ਲਾਗੂ ਕਰਨ ਤੋਂ ਪੰਜਾਬ ਸਰਕਾਰ ਦੀ ਇਨਕਾਰੀ ਹੈ। 

ਸੇਵਾ ਕਾਲ ਦੌਰਾਨ ਘਾਤਕ ਗੈਰ ਘਾਤਕ ਹਾਦਸਿਆਂ ਦੇ ਸ਼ਿਕਾਰ ਕਾਮਿਆਂ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜਾ ਦੇਣ, ਪੀੜਤਾਂ ਦਾ ਇਲਾਜ ਕਰਵਾਉਣ, ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਅਤੇ ਪਰਿਵਾਰਾਂ ਨੂੰ ਜੀਵਨ ਗੁਜਾਰੇ ਲਈ ਪੈਨਸ਼ਨ ਦੀ ਸੁਵਿਧਾ ਬਹਾਲ ਨਹੀਂ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਗੱਲਬਾਤ ਰਾਹੀਂ ਠੇਕਾ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਵੀ ਤਿਆਰ ਨਹੀ ਹੈ ਜੋ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਨਾਲ ਕੀਤਾ ਜਾ ਰਿਹਾ ਵਰਤਮਾਨ ਪੰਜਾਬ ਸਰਕਾਰ ਦਾ ਵਿਹਾਰ ਇਸ ਸੱਚ ਦੀ ਪੁਸਟੀ ਕਰਦਾ ਹੈ। ਸਰਕਾਰ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕਰਨ ਦੇ ਪੁਰ ਅਮਨ ਰਾਹ ਨੂੰ ਛੱਡ ਕੇ ਜਬਰ ਦੇ ਜੋਰ ਨਾਲ ਸੰਘਰਸ਼ ਨੂੰ ਕੁਚਲਣ ਦੇ ਕਾਰਪੋਰੇਟ ਰਾਹ ਤੇ ਚੱਲ ਰਹੀ ਹੈ। ਬੇਰੁਜਗਾਰ ਅਧਿਆਪਕਾਂ ਤੇ ਕੀਤਾ ਲਾਠੀਚਾਰਜ, ਚੰਡੀਗੜ੍ਹ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਪੂਰ ਅਮਨ ਵਿਦਿਆਰਥੀ ਸੰਘਰਸ਼ ’ਤੇ ਕੀਤਾ ਲਾਠੀਚਾਰਜ ਇਸ ਸੱਚ ਨੂੰ ਜੱਗ ਜਾਹਰ ਕਰਦਾ ਹੈ।


rajwinder kaur

Content Editor

Related News