ਬਿੱਟੂ ਨੇ ਲੋਕ ਸਭਾ ''ਚ ਉਠਾਇਆ ਮਹਿਲਾ ਡਿਪਟੀ ਕਮਾਡੈਂਟ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਦਾ ਮੁੱਦਾ

Friday, Dec 13, 2019 - 03:01 PM (IST)

ਬਿੱਟੂ ਨੇ ਲੋਕ ਸਭਾ ''ਚ ਉਠਾਇਆ ਮਹਿਲਾ ਡਿਪਟੀ ਕਮਾਡੈਂਟ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਦਾ ਮੁੱਦਾ

ਚੰਡੀਗੜ੍ਹ (ਟੱਕਰ) : ਲੁਧਿਆਣਾ ਤੋਂ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ 'ਚ ਪਿਛਲੇ ਦਿਨੀਂ ਮਹਿਲਾ ਡਿਪਟੀ ਕਮਾਡੈਂਟ ਕਰੁਨਾਜੀਤ ਕੌਰ ਨਾਲ ਇਕ ਕਾਂਸਟੇਬਲ ਵਲੋਂ ਜ਼ਬਰਦਸਤੀ ਕਰਨ ਦੀ ਅਸਫ਼ਲ ਕੋਸ਼ਿਸ਼ ਦਾ ਮੁੱਦਾ ਉਠਾ ਕੇ ਮੰਗ ਕੀਤੀ ਕਿ ਪੀੜਤ ਮਹਿਲਾ ਅਫ਼ਸਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਅੱਗੇ ਤੋਂ ਅਜਿਹੀਆਂ ਘਿਨੌਣੀਆਂ ਘਟਨਾਵਾਂ ਨਾ ਵਾਪਰਨ ਉਸ ਲਈ ਸਖ਼ਤ ਕਦਮ ਉਠਾਏ ਜਾਣ।

ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਦੇ ਸਪੀਕਰ ਅੱਗੇ ਮੁੱਦਾ ਉਠਾਉਂਦਿਆਂ ਦੱਸਿਆ ਕਿ ਪਿਛਲੇ ਦਿਨੀਂ ਇੰਡੋ-ਤਿੱਬਤੀਅਨ ਬਾਰਡਰ ਪੁਲਸ ਦੀ ਮਹਿਲਾ ਡਿਪਟੀ ਕਮਾਡੈਂਟ ਕਰੁਨਾਜੀਤ ਕੌਰ ਅਤੇ ਉਸ ਦੀ ਇਕ ਹੋਰ ਮਹਿਲਾ ਸਹਾਇਕ ਕਮਾਂਡਰ ਅਫ਼ਸਰ ਸਾਥੀ ਜੋ ਕਿ ਆਪਣੀ ਡਿਊਟੀ ਜੁਆਇਨ ਕਰਨ ਲਈ ਉਤਰਾਖੰਡ ਦੇ ਸ਼ਹਿਰ ਮਲਾਰੀ ਵਿਖੇ ਗਈਆਂ। ਦੋਵੇਂ ਮਹਿਲਾ ਅਫ਼ਸਰ ਰਾਤ ਸਮੇਂ ਆਪਣੇ ਕਮਰੇ 'ਚ ਆਰਾਮ ਕਰ ਰਹੀਆਂ ਸਨ ਕਿ ਇਕ ਕਾਂਸਟੇਬਲ ਰੈਂਕ ਦਾ ਵਿਅਕਤੀ ਇਨ੍ਹਾਂ ਮਹਿਲਾ ਅਫ਼ਸਰਾਂ ਨਾਲ ਜ਼ਬਰਦਸਤੀ ਕਰਨ ਦੀ ਬਦਨੀਅਤ ਨਾਲ ਦਾਖਲ ਹੋਣ ਲੱਗਾ।

ਬਿੱਟੂ ਨੇ ਦੱਸਿਆ ਕਿ ਇਨ੍ਹਾਂ ਮਹਿਲਾ ਅਫ਼ਸਰਾਂ ਨੇ ਬੜੀ ਮੁਸ਼ਕਿਲ ਨਾਲ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਰੌਲਾ ਪਾਇਆ, ਜਿਸ 'ਤੇ ਆਸ-ਪਾਸ ਦੇ ਅਧਿਕਾਰੀ ਇਕੱਠੇ ਹੋ ਗਏ ਜਿਸ ਕਾਰਨ ਇਨ੍ਹਾਂ ਮਹਿਲਾ ਅਫ਼ਸਰਾਂ ਦੀ ਇੱਜ਼ਤ ਬਚ ਸਕੀ। ਰਾਤ ਨੂੰ ਹੀ ਦੋਵੇਂ ਮਹਿਲਾ ਅਫ਼ਸਰਾਂ ਨੇ ਆਪਣੇ ਨਾਲ ਹੋਈ ਇਸ ਮੰਦਭਾਗੀ ਘਟਨਾ ਬਾਰੇ ਉਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਪਰ ਨਾ ਤਾਂ ਉਥੇ ਫੋਨ ਚੱਲਦੇ ਸਨ ਅਤੇ ਨਾ ਹੀ ਵਾਇਰਲੈਸ ਸੈੱਟ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮਹਿਲਾ ਅਫ਼ਸਰ ਸਾਰੀ ਰਾਤ ਕਮਰੇ ਦੀ ਬਜਾਏ ਸਰਕਾਰੀ ਜੀਪ ਵਿਚ ਰਹੀਆਂ ਪਰ ਜਦੋਂ ਉਨ੍ਹਾਂ ਇਹ ਸਾਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਇਨ੍ਹਾਂ ਪੀੜਤ ਮਹਿਲਾ ਅਫ਼ਸਰਾਂ ਨੂੰ ਕੋਈ ਵੀ ਇਨਸਾਫ਼ ਨਾ ਮਿਲਿਆ। ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਮਹਿਲਾ ਅਫ਼ਸਰਾਂ ਨਾਲ ਫੌਜ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਆਮ ਮਹਿਲਾ ਕਾਂਸਟੇਬਲ ਕਰਮਚਾਰੀਆਂ ਨਾਲ ਕੀ ਹੁੰਦਾ ਹੋਵੇਗਾ, ਇਸ ਲਈ ਉਹ ਗ੍ਰਹਿ ਮੰਤਰਾਲਾ ਤੋਂ ਮੰਗ ਕਰਦੇ ਹਨ ਕਿ ਫੌਜ, ਪੈਰਾ-ਮਿਲਟਰੀ ਫੋਰਸ ਅਤੇ ਹੋਰ ਵੱਖ-ਵੱਖ ਅਦਾਰਿਆਂ ਵਿਚ ਜਿਹੜੀਆਂ ਮਹਿਲਾ ਮੁਲਾਜ਼ਮਾਂ ਕੰਮ ਕਰਦੀਆਂ ਹਨ ਉਨ੍ਹਾਂ ਦੀ ਸੁਰੱਖਿਆ ਤੇ ਇੱਜ਼ਤ ਦੀ ਰਾਖ਼ੀ ਲਈ ਸਖ਼ਤ ਕਦਮ ਉਠਾਏ ਜਾਣ।
 


author

Anuradha

Content Editor

Related News