ਬੇਅੰਤ ਸਿੰਘ ਦਾ ਪਰਿਵਾਰ ਸੁਪਰੀਮ ਕੋਰਟ ਜਾਵੇ, ਮੈਂ ਉਨ੍ਹਾਂ ਦੇ ਨਾਲ ਜਾਵਾਂਗਾ : ਮਨਿੰਦਰਜੀਤ ਬਿੱਟਾ

11/14/2019 12:03:26 PM

ਜਲੰਧਰ (ਚੋਪੜਾ)— ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਨੇ ਕੋਈ ਕਾਰਗਿਲ ਜੰਗ ਨਹੀਂ ਜਿੱਤੀ ਸੀ, ਜੋ ਸਰਕਾਰ ਉਸ ਦੀ ਉਮਰਕੈਦ ਨੂੰ ਮੁਆਫ ਕਰਨ 'ਤੇ ਤੁਲੀ ਹੈ। ਬਿੱਟਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਜਨਤਾ ਨੂੰ ਜਵਾਬ ਦੇਵੇ ਕਿ ਜਿਸ ਤਰ੍ਹਾਂ ਅੱਤਵਾਦੀਆਂ ਦੀਆਂ ਸਜ਼ਾਵਾਂ ਮੁਆਫ ਹੋ ਰਹੀਆਂ ਹਨ, ਉਨ੍ਹਾਂ ਨੂੰ ਪੈਰੋਲ 'ਤੇ ਛੱਡਿਆ ਜਾ ਰਿਹਾ ਹੈ। ਕੀ ਉਸ ਨਾਲ ਹਾਲਾਤ ਖਰਾਬ ਨਹੀਂ ਹੋਣਗੇ? ਬਿੱਟਾ ਨੇ ਕਿਹਾ ਕਿ ਬੇਅੰਤ ਸਿੰਘ ਦਾ ਪਰਿਵਾਰ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਜਾਵੇ। ਮੈਂ ਉਨ੍ਹਾਂ ਦੇ ਨਾਲ ਜਾਵਾਂਗਾ। ਸੁਪਰੀਮ ਕੋਰਟ 'ਚ ਵੱਡੇ ਤੋਂ ਵੱਡੇ ਵਕੀਲ ਦਾ ਸਾਰਾ ਖਰਚਾ ਮੈਂ ਦਿਆਂਗਾ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਨੂੰ ਕਿਹਾ ਕਿ ਸਿਆਸੀ ਦਬਾਅ ਕਾਰਣ ਜੇਕਰ ਉਨ੍ਹਾਂ ਦੇ ਪੈਰ ਲੜਖੜਾਉਂਦੇ ਹਨ ਤਾਂ ਸਾਰੇ ਕਾਗਜ਼ਾਤ ਮੈਨੂੰ ਦਿਓ, ਮੈਂ ਅਦਾਲਤ ਜਾਣ ਨੂੰ ਤਿਆਰ ਹਾਂ। ਅਸੀਂ ਬੇਅੰਤ ਸਿੰਘ ਦੇ ਪਰਿਵਾਰ ਨਾਲ ਡਟ ਕੇ ਖੜ੍ਹੇ ਹਾਂ।

ਬਿੱਟਾ ਨੇ ਕਿਹਾ ਕਿ ਪੰਜਾਬ ਨੂੰ ਅਮਨ-ਸ਼ਾਂਤੀ ਦੇਣ ਵਾਲੇ ਬੇਅੰਤ ਸਿੰਘ ਕਿਸੇ ਸਿੱਖ ਜਾਂ ਕਿਸੇ ਹਿੰਦੂ ਦੇ ਵਿਰੁੱਧ ਨਹੀਂ ਸਨ। ਸਗੋਂ ਉਨ੍ਹਾਂ ਨੇ ਮੁੱਖ ਮੰਤਰੀ ਹੁੰਦੇ ਹੋਏ ਆਪਣੇ ਫਰਜ਼ ਨੂੰ ਪੂਰਾ ਕੀਤਾ। ਪੰਜਾਬ 'ਚ ਅੱਤਵਾਦ ਦੇ ਦੌਰ 'ਚ 36000 ਬੇਗੁਨਾਹਾਂ ਦੇ ਕਤਲ ਹੋਏ। ਭੈਣਾਂ ਦੇ ਸੁਹਾਗ ਉੱਜੜੇ, ਬੱਚੇ ਅਨਾਥ ਹੋ ਗਏ, ਬੇਗੁਨਾਹ ਸਿੱਖ ਅਤੇ ਹਿੰਦੂ ਵੀ ਮਾਰੇ ਗਏ, ਉਨ੍ਹਾਂ ਦਾ ਖਾਤਾ ਕੋਈ ਖੋਲ੍ਹਣ ਨੂੰ ਕੋਈ ਤਿਆਰ ਨਹੀਂ। ਪੰਜਾਬ ਦੇ ਕਿਸੇ ਨੇਤਾ 'ਚ ਹਿੰਮਤ ਨਹੀਂ ਕਿ ਉਹ ਇਹ ਆਵਾਜ਼ ਉਠਾਉਣ ਕਿ ਆਖਿਰ ਹਜ਼ਾਰਾਂ ਬੇਗੁਨਾਹਾਂ ਦੇ ਕਤਲਾਂ ਪਿੱਛੇ ਕੌਣ ਸੀ। ਬਿੱਟਾ ਨੇ ਕਿਹਾ ਕਿ ਕਾਂਗਰਸ, ਭਾਜਪਾ, ਅਕਾਲੀ ਦਲ, ਕਿਸੇ ਵੀ ਸਿਆਸੀ ਪਾਰਟੀ 'ਚ ਬੋਲਣ ਦੀ ਹਿੰਮਤ ਨਹੀਂ ਹੈ। ਅੱਜ ਹਰੇਕ ਸਿਆਸੀ ਪਾਰਟੀ ਵੋਟ ਬੈਂਕ ਦੀ ਸਿਆਸਤ ਕਾਰਣ ਰਾਜੋਆਣਾ 'ਤੇ ਤਰਸ ਖਾ ਰਹੀ ਹੈ ਜੋ ਕਹਿੰਦਾ ਹੈ ਕਿ ਮੈਨੂੰ ਤਾਂ ਮੁਆਫੀ ਚਾਹੀਦੀ ਹੀ ਨਹੀਂ। ਕਿਸੇ ਅੱਤਵਾਦੀ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ ਕਰਨਾ ਉਹ ਵੀ ਗੁਰਪੁਰਬ 'ਤੇ ਜਦਕਿ ਸਾਡੇ ਗੁਰੂ ਮਹਾਰਾਜ ਨੇ ਭਾਈਚਾਰੇ, ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਜ਼ੁਲਮ ਤੋਂ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਸਿੱਖ ਕੌਮ ਦੀ ਫੌਜ ਸਜਾਈ ਸੀ।

ਬਿੱਟਾ ਨੇ ਕਿਹਾ ਕਿ ਸਿਆਸੀ ਅੱਤਵਾਦ ਆਜ਼ਾਦੀ ਤੋਂ ਪਹਿਲਾਂ ਵੀ ਸੀ ਅਤੇ ਆਜ਼ਾਦੀ ਤੋਂ ਬਾਅਦ ਵੀ ਰਿਹਾ ਹੈ। ਸਿਆਸੀ ਕਤਲ ਉਦੋਂ ਵੀ ਹੋ ਰਹੇ ਸਨ ਅਤੇ ਅੱਜ ਵੀ ਅਤੇ ਨਾਮ ਦਿੱਤਾ ਜਾਂਦਾ ਹੈ ਕਿ ਅੱਤਵਾਦੀ ਮਾਰ ਗਏ ਪਰ ਇਨ੍ਹਾਂ ਅੱਤਵਾਦੀਆਂ ਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ, ਕਿਸੇ ਨੂੰ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਦੇ ਵਿਰੁੱਧ ਕਿਹੜੇ ਲੋਕ ਸਨ, ਉਨ੍ਹ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜਿਨ੍ਹਾਂ ਦੇ ਅੱਤਵਾਦੀਆਂ ਨਾਲ ਸਬੰਧ ਸਨ। ਬਿੱਟਾ ਨੇ ਕਿਹਾ ਕਿ ਰਾਜਨੀਤਿਕ ਸਾਜ਼ਿਸ਼ਾਂ ਕਾਰਣ ੳੁਨ੍ਹਾਂ 'ਤੇ ਜੋ 3 ਹਮਲੇ ਹੋਏ, ਉਨ੍ਹਾਂ ਪਿੱਛੇ ਮੇਰੀ ਪਾਰਟੀ ਦੇ ਕੁਝ ਨੇਤਾ ਸਨ।

ਉਨ੍ਹਾਂ ਕਿਹਾ ਕਿ ਰਾਜਨੇਤਾ ਭੁੱਲਰ, ਰਾਜੋਆਣਾ ਦੀ ਸਜ਼ਾ ਮੁਆਫੀ ਦੀ ਗੱਲ ਕਰਦੇ ਹਨ ਤੇ ਕੀ ਕਿਸੇ ਨੇ ਕਤਲ ਹੋਏ ਹਜ਼ਾਰਾਂ ਬੇਗੁਨਾਹਾਂ ਦੇ ਵਾਰਿਸਾਂ ਨੂੰ ਪੁੱਛਿਆ ਕਿ ਆਖਿਰ ਜਿਨ੍ਹਾਂ ਬੇਗੁਨਾਹਾਂ ਦਾ ਕਤਲ ਹੋਇਆ, ਉਹ ਵੀ ਕਿਸੇ ਮਾਂ ਦੇ ਪੁੱਤਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਹਮਲੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ 'ਚ ਮੈਂ ਸੁਪਰੀਮ ਕੋਰਟ ਗਿਆ, ਪਹਿਲਾਂ ਫਾਂਸੀ ਨੂੰ ਉਮਰਕੈਦ 'ਚ ਬਦਲਿਆ, ਫਿਰ ਸਜ਼ਾ ਮੁਆਫੀ 'ਤੇ ਛੱਡਣ ਦੀਆਂ ਗੱਲਾਂ ਚੱਲਣ ਲੱਗੀਆਂ ਪਰ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤਾ ਹੈ ਕਿ ਇਹ ਸਿਰਫ ਅਖਬਾਰੀ ਖਬਰ ਹੈ। ਬਿੱਟਾ ਨੇ ਕਿਹਾ ਕਿ ਭੁੱਲਰ ਨੂੰ ਸਰਕਾਰ ਦੀ ਮਰਜ਼ੀ 'ਤੇ ਅੰਮ੍ਰਿਤਸਰ ਤੋਂ ਪੈਰੋਲ 'ਤੇ ਛੱਡਿਆ ਹੋਇਆ ਹੈ ਅਤੇ ਉਹ ਆਪਣੀ ਸਜ਼ਾ ਮੁਆਫ ਕਰਵਾਉਣ ਲਈ ਦਿੱਲੀ ਘੁੰਮ ਰਿਹਾ ਹੈ ਪਰ ਪੰਜਾਬ ਦੀ ਜੇਲ ਤੋਂ ਵਾਰ ਵਾਰ ਛੱਡਣਾ, ਜਿਸ ਕਾਂਗਰਸ ਲਈ ਬੇਅੰਤ ਸਿੰਘ ਅਤੇ ਮੈਂ ਖੂਨ ਵਹਾਇਆ, ਉਨ੍ਹਾਂ ਸਰਕਾਰਾਂ ਨੂੰ ਕੇਵਲ ਅੱਤਵਾਦੀ ਹੀ ਕਿਉਂ ਨਜ਼ਰ ਆਉਂਦੇ ਹਨ। ਅੱਜ ਰਾਜਨੀਤਿਕ ਗੁਲਾਮੀ ਦਾ ਪ੍ਰਸ਼ਾਸਨ ਹੈ, ਵੱਡੇ-ਵੱਡੇ ਅਧਿਕਾਰੀ ਆਪਣੀ ਕੁਰਸੀ ਬਚਾਉਣ ਲਈ ਅੱਤਵਾਦੀਆਂ ਦੀ ਸਜ਼ਾ ਮੁਆਫ ਕਰਨ ਲਈ ਬੈਠੇ ਹਨ।


shivani attri

Content Editor

Related News