ਲੁਧਿਆਣਾ 'ਚ 'ਰਵਨੀਤ ਬਿੱਟੂ' ਦੀ ਗੈਰ-ਹਾਜ਼ਰੀ ਦੇ ਚਰਚੇ, ਬਦਲੀ ਕਾਂਗਰਸ ਦੀ ਸਿਆਸਤ

02/05/2020 11:59:54 AM

ਲੁਧਿਆਣਾ (ਰਿੰਕੂ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਦੀ ਲੁਧਿਆਣਾ ਲੋਕ ਸਭਾ ਹਲਕਾ ਦਾਖਾ ਉਪ ਚੋਣ 'ਚ ਹੋਈ ਹਾਰ ਤੋਂ ਬਾਅਦ ਹੀ ਲੁਧਿਆਣਾ 'ਚ ਕਾਂਗਰਸ ਦੀ ਸਿਆਸਤ 'ਚ ਭਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੀ ਚਰਚਾ ਕਾਂਗਰਸੀਆਂ 'ਚ ਲਗਾਤਾਰ ਹੋ ਰਹੀ ਹੈ। ਪਾਰਟੀ ਅਤੇ ਸਰਕਾਰੀ ਇਕ-ਅੱਧ ਪ੍ਰੋਗਰਾਮ ਨੂੰ ਛੱਡ ਕੇ ਐੱਮ. ਪੀ. ਦੀ ਲੁਧਿਆਣਾ 'ਚ ਹਾਜ਼ਰੀ ਕਿਤੇ ਦੇਖਣ ਨੂੰ ਨਹੀਂ ਮਿਲ ਰਹੀ।
ਕੈਪਟਨ ਸੰਦੀਪ ਸੰਧੂ ਦੀ ਹਾਰ ਨੂੰ ਵੀ ਵਰਕਰਾਂ ਦੀ ਬਿੱਟੂ ਨਾਲ ਨਾਰਾਜ਼ਗੀ ਨੂੰ ਲੈ ਕੇ ਜੋੜਿਆ ਗਿਆ ਅਤੇ ਸੰਧੂ ਨੇ ਆਪਣੀ ਹਾਰ ਤੋਂ ਅਗਲੇ ਦਿਨ ਹੀ ਕੈਬਨਿਟ ਮੰਤਰੀ ਆਸ਼ੂ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ 'ਚ ਹਾਰ ਦੇ ਕਾਰਨ ਦੱਸੇ, ਜਿੱਥੇ ਐੱਮ. ਪੀ. ਦੀ ਗੈਰ-ਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ, ਜਿਸ ਤੋਂ ਸਪੱਸ਼ਟ ਹੁੰਦਾ ਦਿਖਾਈ ਦਿੱਤਾ ਕਿ ਲੁਧਿਆਣਾ 'ਚਕਾਂਗਰਸ ਦੀ ਸਿਆਸਤ 'ਚ ਕੁਝ ਠੀਕ ਨਹੀਂ ਚੱਲ ਰਿਹਾ, ਜਦੋਂ ਕਿ ਕੈਬਨਿਟ ਮੰਤਰੀ ਆਸ਼ੂ ਨੇ ਮਹਾਨਗਰ ਦੇ ਵਿਕਾਸ ਸਬੰਧੀ ਪੂਰੀ ਤਰ੍ਹਾਂ ਕਮਾਨ ਸੰਭਾਲ ਰੱਖੀ ਹੈ ਅਤੇ ਲਗਾਤਾਰ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਹਨ।
ਸਰਕਾਰ 'ਚ ਅਹੁਦਾ ਹਾਸਲ ਕਰਨ ਲਈ ਕਾਂਗਰਸੀ ਲਾਈਨ 'ਚ
ਪੰਜਾਬ 'ਚ ਕਾਂਗਰਸ ਸਰਕਾਰ ਦਾ ਕਾਰਜਕਾਲ 3 ਸਾਲ ਦਾ ਪੂਰਾ ਹੋਣ ਜਾ ਰਿਹਾ ਹੈ ਪਰ ਮਹਾਨਗਰ ਲੁਧਿਆਣਾ 'ਚ ਪਵਨ ਦੀਵਾਨ, ਗੁਰਪ੍ਰੀਤ ਗੋਗੀ, ਕੇ. ਕੇ. ਬਾਵਾ, ਅਮਰੀਕ ਆਲੀਵਾਲ, ਅਮਰਜੀਤ ਟਿੱਕਾ, ਰਮਨ ਸੁਬਰਾਮਨੀਅਮ ਤੋਂ ਇਲਾਵਾ ਕਿਸੇ ਵੀ ਕਾਂਗਰਸੀ ਨੂੰ ਸਰਕਾਰੀ ਅਹੁਦਾ ਹਾਸਲ ਨਹੀਂ ਹੋਇਆ, ਜੋ ਅੰਦਰ ਹੀ ਅੰਦਰ ਲੋਕਲ ਲੀਡਰਸ਼ਿਪ ਨੂੰ ਕੋਸਦੇ ਜਾ ਰਹੇ ਹਨ ਅਤੇ ਅਹੁਦਾ ਹਾਸਲ ਕਰਨ ਲਈ ਹਾਈਕਮਾਨ ਤੱਕ ਆਪਣੀ ਪਹੁੰਚ ਲਗਾਉਣ ਵਿਚ ਲੱਗੇ ਹਨ।
ਕਾਂਗਰਸੀ ਨੇਤਾ ਆਪਣੇ ਹਲਕਾ ਵਿਧਾਇਕ ਤੱਕ ਪਹੁੰਚ ਕਰ ਕੇ ਅਹੁਦਾ ਹਾਸਲ ਕਰਨਾ ਚਾਹੁੰਦੇ ਹਨ ਪਰ ਵਿਧਾਇਕ ਵੀ ਉਨ੍ਹਾਂ ਨੂੰ ਅਹੁਦਾ ਦਿਵਾਉਣ ਵਿਚ ਕਾਮਯਾਬ ਦਿਖਾਈ ਨਹੀਂ ਦੇ ਰਹੇ ਅਤੇ ਸਰਕਾਰ ਦੀ ਸੀਨੀਅਰ ਲੀਡਰਸ਼ਿਪ ਨੂੰ ਦੇਰ ਦੇ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜੇਕਰ ਪੁਰਾਣੇ ਕਾਂਗਰਸੀਆਂ ਨੂੰ ਇਸੇ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਤਾਂ 2022 ਵਿਚ ਪੰਜਾਬ ਵਿਚ ਕਾਂਗਰਸ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।


Babita

Content Editor

Related News