ਰਵਨੀਤ ਬਿੱਟੂ ਨੇ ਲੋਕ ਸਭਾ 'ਚ ਚੁੱਕਿਆ ਮੁੱਦਾ, ਬੋਲੇ-ਚੰਡੀਗੜ੍ਹ 'ਚ ਮਾਰਿਆ ਜਾ ਰਿਹੈ ਪੰਜਾਬ ਦਾ ਹੱਕ
Friday, Mar 18, 2022 - 09:40 AM (IST)
ਲੁਧਿਆਣਾ/ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਵਿਚ ਪੰਜਾਬ ਦੇ ਹਿੱਸੇ ਦੇ ਅਹੁਦਿਆਂ ਨੂੰ ਏ. ਜੀ. ਐੱਮ. ਯੂ. ਟੀ. ਅਤੇ ਦਾਨਿਪਸ ਕੈਡਰ ਦੇ ਅਧਿਕਾਰੀਆਂ ਨੂੰ ਦੇਣ ਦਾ ਮਾਮਲਾ ਲੋਕ ਸਭਾ ਵਿਚ ਵੀ ਉੱਠਣਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਵਿਚ ਦੋਸ਼ ਲਗਾਇਆ ਹੈ ਕਿ ਯੂ. ਟੀ. ਪ੍ਰਸ਼ਾਸਨ ਵਿਚ ਪੰਜਾਬ ਦੇ ਹਿੱਸੇ ਵਿਚ ਆਉਣ ਵਾਲੇ ਅਹੁਦਿਆਂ ਨੂੰ ਏ. ਜੀ. ਐੱਮ. ਯੂ. ਟੀ. ਅਤੇ ਦਾਨਿਪਸ ਕੈਡਰ ਦੇ ਅਧਿਕਾਰੀਆਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਹਿੱਸਾ ਮਾਰ ਕੇ ਗਲਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਸਪੀਕਰ ਨੂੰ ਇਸ ਨੂੰ ਰੋਕਣ ਦੀ ਅਪੀਲ ਕੀਤੀ। ਕਾਂਗਰਸ ਸਾਂਸਦ ਰਵਨੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿਚ ਜੋ ਅਫ਼ਸਰ ਲੱਗਦੇ ਸਨ, ਉਹ 60:40 ਦੇ ਅਨੁਪਾਤ ’ਤੇ ਲੱਗਦੇ ਸਨ। ਇਸ ਵਿਚ 60 ਫ਼ੀਸਦੀ ਪੰਜਾਬ ਦੇ ਅਫ਼ਸਰ ਹੁੰਦੇ ਸਨ ਅਤੇ 40 ਫ਼ੀਸਦੀ ਹਰਿਆਣੇ ਦੇ ਅਫ਼ਸਰ ਹੁੰਦੇ ਸਨ।
ਹੁਣ ਦਿੱਲੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ, ਲਕਸ਼ਦਵੀਪ, ਦਮਨ ਅਤੇ ਦੀਵ ਅਤੇ ਦਾਦਰਾ ਅਤੇ ਨਗਰ ਹਵੇਲੀ ਸਿਵਲ ਸੇਵਾ (ਦਾਨਿਪਸ) ਕੈਡਰ ਦੇ ਅਧਿਕਾਰੀ ਦਿੱਲੀ ਤੋਂ ਜਾਣ ਲੱਗ ਗਏ ਹਨ। ਅਜਿਹਾ ਕਰ ਕੇ ਚੰਡੀਗੜ੍ਹ ਵਿਚ ਪੰਜਾਬ ਦਾ ਹਿੱਸਾ ਮਾਰ ਦਿੱਤਾ ਗਿਆ। ਉਨ੍ਹਾਂ ਨੇ ਬੇਨਤੀ ਕੀਤੀ ਉਹ ਅਜਿਹਾ ਨਾ ਹੋਣ ਦੇਣ। ਪੰਜਾਬ ਇੱਕ ਸਰਹੱਦੀ ਸੂਬਾ ਹੈ। ਇਹ ਬਹੁਤ ਮਹਿੰਗਾ ਪਵੇਗਾ। ਇਸਨੂੰ ਸਮਝਣ ਦੀ ਲੋੜ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਈ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਇਸ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਕਿਉਂਕਿ ਉਸ ਸਮੇਂ ਪੰਜਾਬ ਵਿਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ।
ਇਹ ਵੀ ਪੜ੍ਹੋ : ਪੰਜਾਬ ਲਈ 'ਭਗਵੰਤ ਮਾਨ' ਦਾ ਪਹਿਲਾ ਵੱਡਾ ਐਲਾਨ, ਬੋਲੇ-ਇਤਿਹਾਸ 'ਚ ਕਦੇ ਨਹੀਂ ਲਿਆ ਗਿਆ ਅਜਿਹਾ ਫ਼ੈਸਲਾ
ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕਾਂਗਰਸ ਨੇ ਕੇਂਦਰ ਸਰਕਾਰ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਯੂ. ਟੀ. ਪ੍ਰਸ਼ਾਸਨ ਵਿਚ ਪੰਜਾਬ ਕੈਡਰ ਦੇ ਅਹੁਦਿਆਂ ਨੂੰ ਭਰਨ ਲਈ ਅਧਿਕਾਰੀਆਂ ਦੇ ਨਾਮ ਤੱਕ ਨਹੀਂ ਭੇਜੇ। ਹਾਲ ਹੀ ਵਿਚ ਯੂ. ਟੀ. ਪ੍ਰਸ਼ਾਸਨ ਨੇ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਦੀ ਐੱਮ. ਡੀ. ਦਾ ਕਾਰਜਭਾਰ ਯੂ. ਟੀ. ਕੈਡਰ ਦੀ ਅਧਿਕਾਰੀ ਪੂਰਵਾ ਗਰਗ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ ਹੀ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਕਿਉਂਕਿ ਇਹ ਅਹੁਦਾ ਪੰਜਾਬ ਕੈਡਰ ਦੇ ਅਧਿਕਾਰੀ ਲਈ ਰਾਖਵਾਂ ਹੁੰਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਾਨ ਸਰਕਾਰ ਦੇ ਨਵੇਂ ਮੰਤਰੀ ਭਲਕੇ ਚੁੱਕਣਗੇ ਸਹੁੰ, ਮਗਰੋਂ ਹੋਵੇਗੀ ਪਹਿਲੀ ਕੈਬਨਿਟ ਬੈਠਕ
ਹਾਲ ਹੀ ਵਿਚ ਭੇਜੇ ਦਾਨਿਪਸ ਕੈਡਰ ਦੇ ਤਿੰਨ ਅਧਿਕਾਰੀ
ਇਹੀ ਨਹੀਂ, ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਪਹਿਲੀ ਵਾਰ ਚੰਡੀਗੜ੍ਹ ਵਿਚ ਤਿੰਨ ਦਾਨਿਪਸ ਦੇ ਅਧਿਕਾਰੀ ਭੇਜ ਦਿੱਤੇ, ਜਿਸ ਨਾਲ ਕਿ ਪੰਜਾਬ ਦੇ ਨੇਤਾ ਭੜਕ ਗਏ ਅਤੇ ਦੋਸ਼ ਲਗਾਇਆ ਕਿ ਯੂ. ਟੀ. ਪ੍ਰਸ਼ਾਸਨ ਵਿਚ ਪੰਜਾਬ ਦੇ ਅਹੁਦਿਆਂ ਨੂੰ ਖੋਹਿਆ ਜਾ ਰਿਹਾ ਹੈ। ਖਡੂਰ ਸਾਹਿਬ ਤੋਂ ਕਾਂਗਰਸ ਸਾਂਸਦ ਜਸਬੀਰ ਸਿੰਘ ਗਿੱਲ ਨੇ ਇਸ ਨੂੰ ਸਾਜਿਸ਼ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦਾਨਿਪਸ ਕੈਡਰ ਦੇ ਅਧਿਕਾਰੀਆਂ ਨੂੰ ਪੀ. ਸੀ.ਐੱਸ. ਅਧਿਕਾਰੀਆਂ ਦੀ ਜਗ੍ਹਾ ਲਗਾਇਆ ਜਾ ਰਿਹਾ ਹੈ। ਇਹ ਚੰਡੀਗੜ੍ਹ ’ਤੇ ਪੰਜਾਬ ਦੇ ਅਧਿਕਾਰਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਹੈ। ਹਾਲਾਂਕਿ ਯੂ. ਟੀ. ਪ੍ਰਸ਼ਾਸਨ ਦਾ ਕਹਿਣਾ ਹੈ ਕਿ 8 ਵਾਰ ਪੰਜਾਬ ਤੋਂ ਇਸ ਅਹੁਦੇ ਲਈ ਅਧਿਕਾਰੀਆਂ ਦੇ ਨਾਮ ਮੰਗੇ ਗਏ ਸਨ ਪਰ ਉਨ੍ਹਾਂ ਨੇ ਨਹੀਂ ਭੇਜਿਆ। ਇਸ ਲਈ ਯੂ. ਟੀ. ਕੈਡਰ ਦੇ ਅਧਿਕਾਰੀ ਨੂੰ ਇਹ ਅਹੁਦਾ ਸੌਂਪਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ