ਪੰਜਾਬ ਸਰਕਾਰ ਦੇ ਬਚਾਅ ''ਚ ਉਤਰੇ ''ਰਵਨੀਤ ਬਿਟੂ'', ਵੈਕਸੀਨ ਮੁੱਦੇ ''ਤੇ ਹਰਦੀਪ ਪੁਰੀ ਨੂੰ ਦਿੱਤਾ ਇਹ ਜਵਾਬ
Monday, Jun 07, 2021 - 10:43 AM (IST)
ਲੁਧਿਆਣਾ (ਹਿਤੇਸ਼) : ਪੰਜਾਬ ’ਚ ਨਿੱਜੀ ਹਸਪਤਾਲਾਂ ਨੂੰ ਕੋਵੈਕਸੀਨ ਵੇਚਣ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਦੋਸ਼ਾਂ ’ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਹੈ। ਬਿੱਟੂ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਦੇਣ ’ਚ ਮੁਨਾਫ਼ਾ ਕਮਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਕੁੱਝ ਨਿੱਜੀ ਹਸਪਤਾਲਾਂ ਵੱਲੋਂ ਦਿੱਤੀ ਗਈ ਰਾਸ਼ੀ ਨੂੰ ਸਰਕਾਰ ਦੇ ਵਾਅਦੇ ਮੁਤਾਬਕ ਸੂਬੇ ਦੇ ਲੋਕਾਂ ਨੂੰ ਮੁਫ਼ਤ ਵੈਕਸੀਨ ਦੀ ਸੁਵਿਧਾ ਦੇਣ ਲਈ ਸਟੇਟ ਫੰਡ ਵਿਚ ਜਮ੍ਹਾਂ ਕਰਵਾਇਆ ਗਿਆ ਹੈ। ਬਿੱਟੂ ਨੇ ਕਿਹਾ ਕਿ ਹਾਲਾਤ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਵੱਲੋਂ ਕੇਂਦਰ ਅਤੇ ਸੂਬਿਆਂ ਨੂੰ ਮਿਲਣ ਵਾਲੀ ਵੈਕਸੀਨ ਦੇ ਰੇਟ ਵਿਚ ਦੁੱਗਣਾ ਫਰਕ ਪਾ ਦਿੱਤਾ ਗਿਆ ਹੈ ਅਤੇ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਦੇਣ ਦੇ ਰੇਟ ਨੂੰ ਲੈ ਕੇ ਕੋਈ ਸ਼ਰਤ ਨਹੀਂ ਰੱਖੀ ਗਈ।
ਇਹ ਵੀ ਪੜ੍ਹੋ : 'ਕਾਂਗਰਸ' ਸਾਹਮਣੇ ਹੁਣ ਕੁਨਬਾ ਸੰਭਾਲਣ ਦੀ ਚੁਣੌਤੀ, ਸੇਂਧਮਾਰੀ ਕਰਕੇ ਬਦਲਾ ਲਵੇਗੀ 'ਆਪ'
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਡਿਮਾਂਡ ਮੁਤਾਬਕ ਵੈਕਸੀਨ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ, ਜਿਸ ਦੀ ਵਜ੍ਹਾ ਇਕ ਕੇਂਦਰ ਵੱਲੋਂ ਪਿਛਲੇ ਸਾਲ ਦੇਸ਼ ਦੇ ਅੰਦਰ ਅਤੇ ਬਾਹਰੋਂ ਵੈਕਸੀਨ ਦਾ ਪ੍ਰਬੰਧ ਕਰਨ ਦੀ ਦਿਸ਼ਾ ਵਿਚ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਅਤੇ ਹੁਣ ਆਉਣ ਵਾਲੀ ਵੈਕਸੀਨ ’ਤੇ ਕੇਂਦਰ ਨੇ ਕਬਜ਼ਾ ਜਮਾਇਆ ਹੋਇਆ ਹੈ। ਇਸੇ ਤਰ੍ਹਾਂ ਦੇਸ਼ ਦੇ ਅੰਦਰ ਦੀਆਂ ਕੰਪਨੀਆਂ ਦੇ ਉਤਪਾਦਨ ਨੂੰ ਬੜਾਵਾ ਦੇਣ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਗਈ।
ਇਸ ਗੱਲ ’ਤੇ ਪਰਦਾ ਪਾਉਣ ਲਈ ਵਿਰੋਧੀ ਧਿਰਾਂ ਦੀਆਂ ਸੂਬਾ ਸਰਕਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ 30 ਲੱਖ ਵੈਕਸੀਨ ਦਾ ਆਰਡਰ ਦੇਣ ਦੇ ਬਾਵਜੂਦ ਹੁਣ ਤੱਕ ਸਿਰਫ 4.29 ਲੱਖ ਵੈਕਸੀਨ ਦੀ ਸਪਲਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਡਿਸਮਿਸ ਥਾਣੇਦਾਰ ਦੀ ਕਰਤੂਤ, ਐਸ਼ਪ੍ਰਸਤੀ ਲਈ ਕਰਦਾ ਸੀ ਘਟੀਆ ਕੰਮ
ਇਸ ਦੇ ਮੁਕਾਬਲੇ ਭਾਜਪਾ ਸਾਸ਼ਿਤ ਸੂਬਿਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਨੂੰ ਕਾਫੀ ਜ਼ਿਆਦਾ ਵੈਕਸੀਨ ਦੀ ਸਪਲਾਈ ਦਿੱਤੀ ਗਈ, ਜੋ ਉਨ੍ਹਾਂ ਨੇ ਸਟਾਕ ਕੀਤੀ ਹੋਈ ਹੈ। ਜਿਸ ਦਾ ਸਬੂਤ ਇਹ ਹੈ ਕਿ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਸਿਰਫ 14.13 ਫੀਸਦੀ ਵੈਕਸੀਨੇਸ਼ਨ ਹੋ ਸਕੀ, ਇਸ ਨੂੰ ਲੈ ਕੇ ਕੇਂਦਰ ਮੰਤਰੀ ਪੁਰੀ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ