ਰਵਨੀਤ ਬਿੱਟੂ ਨੇ ਫਿਰ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ''ਤੇ ਕੱਸਿਆ ਤੰਜ, ਜਾਣੋ ਕੀ ਬੋਲੇ

10/18/2020 9:15:47 AM

ਚੰਡੀਗੜ੍ਹ (ਟੱਕਰ) : ਲੋਕ ਸਭਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਫਿਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਾਜਪਾ ਖੇਤੀਬਾੜੀ ਕਾਨੂੰਨਾਂ ਬਾਰੇ ਆਲੀਸ਼ਾਨ ਹੋਟਲਾਂ ’ਚ ਵਪਾਰੀਆਂ ਨਾਲ ਮੀਟਿੰਗਾਂ ਕਰਨ ਦੀ ਬਜਾਏ ਪਿੰਡਾਂ ’ਚ ਸੜਕਾਂ ’ਤੇ ਧਰਨੇ ਦੇ ਰਹੇ ਕਿਸਾਨ, ਮਜ਼ਦੂਰਾਂ ਦਾ ਹਾਲ ਪੁੱਛਣ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰੇ। ਬਿੱਟੂ ਨੇ ਕਿਹਾ ਕਿ ਮੇਰੀ ਭਾਜਪਾ ਨਾਲ ਨਿੱਜੀ ਰੰਜਿਸ਼ ਨਹੀਂ ਪਰ ਅੱਜ ਦੇਸ਼ ਦੀ ਕਿਸਾਨੀ ਦਾ ਮੁੱਦਾ ਭਖਿਆ ਹੈ, ਜਿਸ ਨੂੰ ਇਸ ਪਾਰਟੀ ਦੇ ਆਗੂ ਸਮਝ ਨਹੀਂ ਰਹੇ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰ ਕਾਰਨ ਇਨ੍ਹਾਂ ਦੀਆਂ ਜ਼ੁਬਾਨਾਂ ਬੰਦ ਹੋ ਗਈਆਂ ਅਤੇ ਦਿੱਲੀ ਜਾ ਕੇ ਕਿਸਾਨੀ ਹਿੱਤਾਂ ਦੀ ਗੱਲ ਕਰਨ ਲਈ ਭਾਜਪਾ ਆਗੂਆਂ ਦੀ ਹਿੰਮਤ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਦੇ ਹਾਲਾਤ ਇਹ ਸਨ ਕਿ ਪੰਜਾਬ ਦੇ ਆਗੂਆਂ ਨੂੰ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਖੁਦ ਮਿਲਦੇ ਸਨ ਪਰ ਅੱਜ ਮੋਦੀ ਆਪਣੀ ਪਾਰਟੀ ਦੇ ਆਗੂਆਂ ਨੂੰ ਨਾ ਮਿਲਦੇ ਹਨ ਅਤੇ ਨਾ ਹੀ ਸੁਣਦੇ ਹਨ। ਬੜੀ ਸ਼ਰਮਨਾਕ ਗੱਲ ਹੈ ਕਿ ਭਾਜਪਾ ਆਗੂ ਅਸ਼ਵਨੀ ਸ਼ਰਮਾ ਲੁਧਿਆਣਾ ਆਏ, ਜਿੱਥੇ ਉਨ੍ਹਾਂ ਵਪਾਰੀਆਂ ਨਾਲ ਮੀਟਿੰਗ ਕੀਤੀ ਪਰ ਲੋੜ ਤਾਂ ਇਹ ਸੀ ਕਿ ਉਹ ਪਿੰਡਾਂ ’ਚ ਜਾ ਕੇ ਕਿਸਾਨਾਂ, ਮਜ਼ਦੂਰਾਂ ਨਾਲ ਗੱਲਬਾਤ ਕਰ ਉਨ੍ਹਾਂ ਦੀ ਸਮੱਸਿਆ ਸੁਣ ਖੇਤੀਬਾੜੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਦਿੱਲੀ ਜਾ ਕੇ ਆਵਾਜ਼ ਬੁਲੰਦ ਕਰਦੇ।

ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੇ ਭਾਜਪਾ ਪ੍ਰਧਾਨ ਦਾ ਬੜੇ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਇੱਥੇ ਵੀ ਕਿਸਾਨਾਂ ਨਾਲ ਗੱਲ ਕਰਨ ਦੀ ਬਜਾਏ ਉਹ ਆਲੀਸ਼ਾਨ ਹੋਟਲ ’ਚ ਜਾ ਕੇ ਪ੍ਰੈੱਸ ਕਾਨਫਰੰਸ ਕਰ ਕਿਸਾਨਾਂ ਵਿਰੁੱਧ ਬੋਲੇ। ਅੱਜ ਪੰਜਾਬ ’ਚ ਅੱਗ ਲੱਗੀ ਹੋਈ ਹੈ, ਕਿਸਾਨ ਬੱਚਿਆਂ ਤੇ ਪਰਿਵਾਰਾਂ ਸਮੇਤ ਸੜਕਾਂ ’ਤੇ ਰੁਲ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਆਗੂਆਂ ਨੂੰ ਇਨ੍ਹਾਂ ਹਾਲਾਤਾਂ 'ਚ ਵੀ ਆਲੀਸ਼ਾਨ ਹੋਟਲਾਂ ਦਾ ਖਾਣਾ ਕਿਵੇਂ ਪਸੰਦ ਆ ਰਿਹਾ ਹੈ। ਚੰਗਾ ਹੁੰਦਾ ਜੇਕਰ ਭਾਜਪਾ ਪ੍ਰਧਾਨ ਕਿਸੇ ਕਿਸਾਨ ਜਾਂ ਮਜ਼ਦੂਰ ਦੇ ਘਰ ਜਾ ਕੇ ਉਸਦਾ ਹਾਲ ਪੁੱਛਦੇ ਪਰ ਆਲੀਸ਼ਾਨ ਹੋਟਲਾਂ ’ਚ ਜਾ ਕੇ ਕਿਸਾਨਾਂ ਨੂੰ ਕੋਸਣ ਤੋਂ ਬਾਅਦ ਉਨ੍ਹਾਂ ਉੱਪਰ ਹਮਲੇ ਨਹੀਂ ਹੋਣਗੇ ਤਾਂ ਕੀ ਹੋਵੇਗਾ।
 


Babita

Content Editor Babita